ਦੋਹਾਂ ਦੇਸ਼ਾਂ ਵਿਚਾਲੇ ਫ਼ੌਜੀ ਸਹਿਯੋਗ ਸਿਆਸਤ ਤੋਂ ਪੂਰੀ ਤਰ੍ਹਾਂ ਦੂਰ, ਬੀ.ਸੀ. ਵਿੱਚ ਬੋਲੇ ਐਡਮਿਰਲ ਪਾਪਾਰੋ
ਸਰੀ, (ਦਿਵਰੂਪ ਕੌਰ): ਅਮਰੀਕੀ ਪੈਸੀਫਿਕ ਕਮਾਂਡ ਦੇ ਮੁਖੀ ਨੇ ਕੈਨੇਡਾ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਅਨਿੱਖੜਵਾਂ ਅਤੇ ਲਾਜ਼ਮੀ ਭਾਈਵਾਲ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਦੋਵਾਂ ਮੁਲਕਾਂ ਦੇ ਫ਼ੌਜੀ ਰਿਸ਼ਤੇ ਮੌਜੂਦਾ ਸਿਆਸੀ ਅਤੇ ਆਰਥਿਕ ਮਤਭੇਦਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਮਿਰਲ ਸੈਮੂਅਲ ਪਾਪਾਰੋ ਨੇ ਪ੍ਰਸ਼ਾਂਤ ਮਹਾਸਾਗਰ ਦੇ ਤੱਟਵਰਤੀ ਖੇਤਰ ਦੀ ਸਾਂਝੀ ਸੁਰੱਖਿਆ ਲਈ ਕੈਨੇਡਾ-ਅਮਰੀਕਾ ਫ਼ੌਜੀ ਤਾਲਮੇਲ ਦੀ ੀਅਤ ‘ਤੇ ਜ਼ੋਰ ਦਿੱਤਾ।
ਐਡਮਿਰਲ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਪਿਛਲੇ ਮਹੀਨੇ ਦੁਵੱਲੀ ਵਪਾਰਕ ਵਾਰਤਾ ਟੁੱਟਣ ਉਪਰੰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਲਗਾਤਾਰ ਮੀਡੀਆ ਇੰਟਰਵਿਊਆਂ ਵਿੱਚ ਕੈਨੇਡਾ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਐਡਮਿਰਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਬਣੇ ਰਿਸ਼ਤੇ ਠੋਸ ਜ਼ਮੀਨੀ ਹਕੀਕਤਾਂ ‘ਤੇ ਟਿਕੇ ਹੋਏ ਹਨ ਅਤੇ ਇਨ੍ਹਾਂ ਦਾ ਸੰਚਾਲਨ ਭਾਵਨਾਵਾਂ ਦੇ ਵਹਿਣ ਵਿੱਚ ਆ ਕੇ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਫ਼ੌਜਾਂ ਸੁਭਾਵਿਕ ਤੌਰ ‘ਤੇ ਗੈਰ-ਸਿਆਸੀ ਹੁੰਦੀਆਂ ਹਨ ਅਤੇ ਉਹ ਸਿਰਫ਼ ਭੂਗੋਲਿਕ ਸੁਰੱਖਿਆ ਅਤੇ ਆਪਣੇ ਭਵਿੱਖੀ ਹਿੱਤਾਂ ਵੱਲ ਧਿਆਨ ਦਿੰਦੀਆਂ ਹਨ।
ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਦੋਹਾਂ ਮੁਲਕਾਂ ਵਿਚਾਲੇ ਵਪਾਰ ਸਮਝੌਤਾ ਅੰਤਿਮ ਪੜਾਅ ‘ਤੇ ਪਹੁੰਚ ਕੇ ਟੁੱਟ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਦੋਸ਼ ਲਾਇਆ ਸੀ ਕਿ ਕੈਨੇਡੀਅਨ ਵਾਰਤਾਕਾਰਾਂ ਨੇ ਆਖਰੀ ਪਲਾਂ ਵਿੱਚ ਸ਼ਰਤਾਂ ਬਦਲ ਦਿੱਤੀਆਂ, ਜਦਕਿ ਕੈਨੇਡਾ ਦਾ ਕਹਿਣਾ ਸੀ ਕਿ ਅਮਰੀਕਾ ਨੇ ਮੂਲ ਗੱਲਬਾਤ ਤੋਂ ਹਟ ਕੇ ਨਵਾਂ ਖਰੜਾ ਪੇਸ਼ ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਦੁਹਰਾਇਆ ਕਿ ਅਮਰੀਕੀ ਪ੍ਰਸਤਾਵ ਵਿੱਚ ਅਜਿਹੀਆਂ ਸ਼ਰਤਾਂ ਸ਼ਾਮਲ ਸਨ ਜੋ ਕੈਨੇਡਾ ਦੇ ਕਲਚਰਲ ਨਿਯਮਾਂ ਅਤੇ ਆਟੋ ਸੈਕਟਰ ਦੇ ਹਿੱਤਾਂ ਦੇ ਉਲਟ ਸਨ। ਦੂਜੇ ਪਾਸੇ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਦੋਸ਼ ਲਾਇਆ ਕਿ ਕਾਰਨੀ ਨੇ ਘਰੇਲੂ ਸਿਆਸੀ ਲਾਭ ਲੈਣ ਲਈ ਇਹ ਗੱਲਬਾਤ ਤੋੜੀ ਹੈ।
ਐਡਮਿਰਲ ਪਾਪਾਰੋ ਸਾਲਾਨਾ ਇੰਡੋ-ਪੈਸੀਫਿਕ ਚੀਫ਼ਸ ਆਫ਼ ਡਿਫੈਂਸ ਕਾਨਫਰੰਸ ਦੀ ਸਮਾਪਤੀ ਮੌਕੇ ਬੋਲ ਰਹੇ ਸਨ, ਜਿਸ ਦੀ ਸਹਿ-ਮੇਜ਼ਬਾਨੀ ਕੈਨੇਡਾ ਅਤੇ ਅਮਰੀਕਾ ਨੇ ਮਿਲ ਕੇ ਕੀਤੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਰਾਸ਼ਟਰਪਤੀ ਦੇ ਕਹਿਣ ‘ਤੇ ਕੈਨੇਡਾ ਖ਼ਿਲਾਫ਼ ਕੋਈ ਫ਼ੌਜੀ ਹੁਕਮ ਮੰਨਣਗੇ, ਤਾਂ ਉਨ੍ਹਾਂ ਹੱਸਦਿਆਂ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਕਲਪਨਾ ਓਨੀ ਹੀ ਬੇਤੁਕੀ ਹੈ ਜਿੰਨਾ ਕਿਸੇ ਦੂਜੇ ਗ੍ਰਹਿ ‘ਤੇ ਹਮਲਾ ਕਰਨ ਦੀ ਯੋਜਨਾ ਬਾਰੇ ਪੁੱਛਣਾ। This report was written by Divroop Kaur as part of the Local Journalism Initiative.

