Friday, October 9, 2026

ਬੀ.ਸੀ. ਵਿੱਚ ਨਵੇਂ ਸੈਸ਼ਨ ਲਈ 23 ਨਵੇਂ ਸਕੂਲ ਤਿਆਰ, ਵਿਦਿਆਰਥੀਆਂ ਨੂੰ ਮਿਲਣਗੀਆਂ 4,700 ਨਵੀਆਂ ਸੀਟਾਂ

ਸਾਲ 2017 ਤੋਂ ਹੁਣ ਤੱਕ 250 ਸਕੂਲ ਪ੍ਰੋਜੈਕਟ ਮੁਕੰਮਲ, ਪ੍ਰੀਮੀਅਰ ਡੇਵਿਡ ਏਬੀ ਨੇ ਗਿਣਵਾਈਆਂ ਪ੍ਰਾਪਤੀਆਂ
ਸਰੀ, (ਦਿਵਰੂਪ ਕੌਰ): ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਹੋਣ ਦੇ ਮੱਦੇਨਜ਼ਰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਭਰ ਦੇ ਵਿਦਿਆਰਥੀਆਂ ਲਈ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਵੱਡੇ ਸੁਧਾਰਾਂ ਦਾ ਵੇਰਵਾ ਜਾਰੀ ਕੀਤਾ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਮੰਗਲਵਾਰ ਨੂੰ ਸਾਲ 2017 ਤੋਂ ਹੁਣ ਤੱਕ ਦੇ 250ਵੇਂ ਸਕੂਲ ਪੂੰਜੀ ਪ੍ਰੋਜੈਕਟ ਦੇ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਕਲਾਸਾਂ ਦੇ ਆਕਾਰ ਛੋਟੇ ਕਰਨ, ਬਿਹਤਰ ਅਧਿਆਪਕ ਸਟਾਫ਼ ਮੁਹੱਈਆ ਕਰਵਾਉਣ ਅਤੇ ਆਧੁਨਿਕ ਸਹੂਲਤਾਂ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।
ਸਰਕਾਰ ਅਨੁਸਾਰ ਸਾਲ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਸਕੂਲ ਪ੍ਰੋਜੈਕਟਾਂ ਲਈ $7 ਬਿਲੀਅਨ ਤੋਂ ਵੱਧ ਦੇ ਫੰਡ ਮਨਜ਼ੂਰ ਕੀਤੇ ਗਏ ਹਨ। ਇਸ ਨਿਵੇਸ਼ ਨਾਲ ਸੂਬੇ ਭਰ ਵਿੱਚ ਵਿਦਿਆਰਥੀਆਂ ਲਈ ਲਗਭਗ 50,000 ਨਵੀਆਂ ਸੀਟਾਂ ਅਤੇ ਭੂਚਾਲ ਪੱਖੋਂ ਸੁਰੱਖਿਅਤ 40,000 ਸੀਟਾਂ ਤਿਆਰ ਕੀਤੀਆਂ ਗਈਆਂ ਹਨ। ਇਸ ਸਤੰਬਰ ਮਹੀਨੇ ਦੌਰਾਨ 23 ਨਵੇਂ ਸਕੂਲ ਅਤੇ ਨਵੇਂ ਵਿੰਗ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿੱਚ 4,700 ਵਿਦਿਆਰਥੀ ਬੈਠ ਸਕਣਗੇ। ਇਨ੍ਹਾਂ 23 ਪ੍ਰੋਜੈਕਟਾਂ ਵਿੱਚ 6 ਵੱਖ-ਵੱਖ ਭਾਈਚਾਰਿਆਂ ਵਿੱਚ 6 ਨਵੇਂ ਸਕੂਲ, 11 ਭਾਈਚਾਰਿਆਂ ਵਿੱਚ ਸਕੂਲਾਂ ਦੇ 14 ਨਵੇਂ ਵਿਸਥਾਰ ਅਤੇ 3 ਇਲਾਕਿਆਂ ਵਿੱਚ ਭੂਚਾਲ ਰੋਕੂ ਸਕੂਲ ਸ਼ਾਮਲ ਹਨ, ਜਿਨ੍ਹਾਂ ‘ਤੇ $560 ਮਿਲੀਅਨ ਤੋਂ ਵੱਧ ਦੀ ਲਾਗਤ ਆਈ ਹੈ।
ਇਸ ਤੋਂ ਇਲਾਵਾ ਸੂਬੇ ਅੰਦਰ 51 ਹੋਰ ਸਕੂਲ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚ 13 ਨਵੇਂ ਸਕੂਲ, 27 ਵਿਸਥਾਰ, 10 ਭੂਚਾਲ ਰੋਕੂ ਅਪਗ੍ਰੇਡ ਅਤੇ 1 ਨਵੀਨੀਕਰਨ ਸ਼ਾਮਲ ਹੈ। ਇਕੱਲੇ ਬਰਨਬੀ ਸ਼ਹਿਰ ਵਿੱਚ ਹੀ ਸਤੰਬਰ ਦੌਰਾਨ 3 ਸਕੂਲ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਵਿੱਚ 265 ਨਵੀਆਂ ਸੀਟਾਂ ਅਤੇ 415 ਭੂਚਾਲ ਪੱਖੋਂ ਸੁਰੱਖਿਅਤ ਸੀਟਾਂ ਸ਼ਾਮਲ ਹਨ। ਸਟ੍ਰਾਈਡ ਐਵੇਨਿਊ ਕਮਿਊਨਿਟੀ ਐਲੀਮੈਂਟਰੀ ਸਕੂਲ ਵਿੱਚ 415 ਸੀਟਾਂ ਦੇ ਨਾਲ-ਨਾਲ ਚਾਈਲਡ ਕੇਅਰ ਸੈਂਟਰ ਵੀ ਬਣਾਇਆ ਗਿਆ ਹੈ।
ਸਿੱਖਿਆ ਮੰਤਰੀ ਲੀਜ਼ਾ ਬੇਅਰ ਨੇ ਕਿਹਾ ਕਿ ਸਕੂਲ ਭਾਈਚਾਰੇ ਦਾ ਧੁਰਾ ਹਨ ਅਤੇ ਇਹ ਨਿਵੇਸ਼ ਬੱਚਿਆਂ ਨੂੰ ਸਿੱਖਣ ਦਾ ਸੁਰੱਖਿਅਤ ਮਾਹੌਲ ਦੇਵੇਗਾ। ਬਰਨਬੀ ਬੋਰਡ ਆਫ਼ ਐਜੂਕੇਸ਼ਨ ਦੀ ਚੇਅਰ ਕ੍ਰਿਸਟਿਨ ਸ਼ਨਾਈਡਰ ਅਤੇ ਸਥਾਨਕ ਵਿਧਾਇਕਾਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਆਧੁਨਿਕ ਵਿੱਦਿਅਕ ਢਾਂਚਾ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ। This report was written by Divroop Kaur as part of the Local Journalism Initiative.

Popular