Friday, October 9, 2026

ਅਲਬਰਟਾ ਦੇ ਫੂਡ ਬੈਂਕਾਂ ’ਚ ਰਾਸ਼ਨ ਦਾ ਗੰਭੀਰ ਸੰਕਟ, ਖਾਲੀ ਹੋਈਆਂ ਗੋਦਾਮਾਂ ਦੀਆਂ ਸ਼ੈਲਫਾਂ

ਮਹਿੰਗਾਈ ਕਾਰਨ ਰਿਕਾਰਡ ਪੱਧਰ ‘ਤੇ ਪਹੁੰਚੀ ਮੰਗ, ਮਹੀਨਾਵਾਰ 210,000 ਤੋਂ ਵੱਧ ਪਰਿਵਾਰ ਰਾਸ਼ਨ ਲੈਣ ਲਈ ਮਜਬੂਰ
ਸਰੀ, (ਦਿਵਰੂਪ ਕੌਰ): ਅਲਬਰਟਾ ਸੂਬੇ ਭਰ ਦੇ ਫੂਡ ਬੈਂਕਾਂ ਵਿੱਚ ਅਨਾਜ ਅਤੇ ਜ਼ਰੂਰੀ ਵਸਤਾਂ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਜਿਨ੍ਹਾਂ ਗੋਦਾਮਾਂ ਵਿੱਚ ਰਾਸ਼ਨ ਦੇ ਪੈਲੇਟ ਛੱਤਾਂ ਤੱਕ ਭਰੇ ਹੁੰਦੇ ਸਨ, ਉੱਥੇ ਹੁਣ ਸ਼ੈਲਫਾਂ ਪੂਰੀ ਤਰ੍ਹਾਂ ਖਾਲੀ ਨਜ਼ਰ ਆ ਰਹੀਆਂ ਹਨ। ਫੂਡ ਬੈਂਕ ਪ੍ਰਬੰਧਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵਸਤਾਂ ਦਾ ਸਟਾਕ ਖ਼ਤਰਨਾਕ ਹੱਦ ਤੱਕ ਹੇਠਾਂ ਆ ਗਿਆ ਹੈ।
ਫੂਡ ਬੈਂਕਸ ਅਲਬਰਟਾ ਦੇ ਕਾਰਜਕਾਰੀ ਨਿਰਦੇਸ਼ਕ ਡੈਰਿਲ ਬਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੇ ਇਤਿਹਾਸ ਵਿੱਚ ਕਦੇ ਵੀ ਰਾਸ਼ਨ ਦੀ ਅਜਿਹੀ ਭਾਰੀ ਕਿੱਲਤ ਨਹੀਂ ਦੇਖੀ। ਇਹ ਸੰਸਥਾ ਸੂਬੇ ਭਰ ਦੇ 112 ਸਥਾਨਕ ਫੂਡ ਬੈਂਕਾਂ ਨੂੰ ਸਾਮਾਨ ਸਪਲਾਈ ਕਰਦੀ ਹੈ। ਸਾਲ 2025 ਦੌਰਾਨ ਸੰਸਥਾ ਨੇ ਕੁੱਲ 3.36 ਮਿਲੀਅਨ ਪੌਂਡ ਭੋਜਨ ਵੰਡਿਆ ਸੀ, ਪਰ ਇਸ ਸਾਲ ਮੰਗ ਇੰਨੀ ਜ਼ਿਆਦਾ ਵਧ ਗਈ ਹੈ ਕਿ ਪਹਿਲੇ 6 ਮਹੀਨਿਆਂ ਵਿੱਚ ਹੀ ਪਿਛਲੇ ਪੂਰੇ ਸਾਲ ਦਾ 90 ਪ੍ਰਤੀਸ਼ਤ ਕੋਟਾ ਵੰਡਿਆ ਜਾ ਚੁੱਕਾ ਹੈ।
ਅਗਸਤ ਮਹੀਨੇ ਦੌਰਾਨ ਭੇਜਿਆ ਗਿਆ ਰਾਸ਼ਨ ਪਿਛਲੇ ਸਾਲ ਦੇ ਮੁਕਾਬਲੇ 32.8 ਪ੍ਰਤੀਸ਼ਤ ਵੱਧ ਰਿਹਾ। ਹੰਗਰ-ਕਾਊਂਟ ਰਿਪੋਰਟ ਅਨੁਸਾਰ ਅਲਬਰਟਾ ਵਿੱਚ ਹਰ ਮਹੀਨੇ ਔਸਤਨ 210,000 ਤੋਂ ਵੱਧ ਲੋਕ ਫੂਡ ਬੈਂਕਾਂ ਤੋਂ ਮਦਦ ਲੈ ਰਹੇ ਹਨ, ਜੋ ਕਿ ਸਾਲ 2024 ਦੇ ਮੁਕਾਬਲੇ 22 ਪ੍ਰਤੀਸ਼ਤ ਦਾ ਭਾਰੀ ਉਛਾਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਦਦ ਮੰਗਣ ਵਾਲੇ ਜ਼ਿਆਦਾਤਰ ਲੋਕ ਉਹ ਹਨ ਜੋ ਰੋਜ਼ਾਨਾ ਨੌਕਰੀਆਂ ਕਰਦੇ ਹਨ, ਪਰ ਮਹਿੰਗਾਈ ਕਾਰਨ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਵਿੱਚ ਅਸਮਰੱਥ ਹਨ।
ਗਰਮੀਆਂ ਦੇ ਮੌਸਮ ਵਿੱਚ ਦਾਨ ਆਉਣ ਦੀ ਰਫ਼ਤਾਰ ਬਹੁਤ ਮੱਠੀ ਰਹੀ ਹੈ ਜਦਕਿ ਲੋੜਵੰਦਾਂ ਦੀ ਗਿਣਤੀ ਲਗਾਤਾਰ ਵਧੀ ਹੈ। ਸੰਸਥਾ ਕੋਲ ਆਉਣ ਵਾਲੇ ਸਤੰਬਰ ਮਹੀਨੇ ਲਈ ਲਗਭਗ 350 ਪੈਲੇਟ ਸਾਮਾਨ ਦੀ ਘਾਟ ਹੈ। ਐਡਮਿੰਟਨ ਸਮੇਤ ਹੋਰਨਾਂ ਸ਼ਹਿਰਾਂ ਦੇ ਫੂਡ ਬੈਂਕ ਵੀ ਅਜਿਹੇ ਹੀ ਗੰਭੀਰ ਸੰਕਟ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੇ ਦਾਨੀਆਂ ਨੂੰ ਖੁੱਲ੍ਹੇ ਦਿਲ ਨਾਲ ਮਦਦ ਕਰਨ ਦੀ ਅਪੀਲ ਕੀਤੀ ਹੈ। This report was written by Divroop Kaur as part of the Local Journalism Initiative.

Popular