ਅਮਰੀਕੀ ਵਪਾਰ ਜੰਗ ‘ਤੇ ਸਰਕਾਰ ਦੇ ਸਟੈਂਡ ‘ਤੇ ਜਨਤਾ ਦੀ ਮੋਹਰ ਹੈ ਇਹ ਜਿੱਤ : ਪ੍ਰਧਾਨ ਮੰਤਰੀ ਕਾਰਨੀ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਹੋਈਆਂ 3 ਫੈਡਰਲ ਉਪ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਸਰਕਾਰ ਦੀਆਂ ਨੀਤੀਆਂ ‘ਤੇ ਜਨਤਾ ਦਾ ਭਰੋਸਾ ਕਰਾਰ ਦਿੱਤਾ ਹੈ। ਓਟਾਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਊਬੈਕ, ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨਾਲ ਚੱਲ ਰਹੀ ਵਪਾਰਕ ਜੰਗ ਵਿੱਚ ਸਰਕਾਰ ਦੇ ਸਖ਼ਤ ਰੁਖ਼ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।
ਲਿਬਰਲ ਪਾਰਟੀ ਨੇ ਤਿੰਨੋਂ ਹਲਕਿਆਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ। ਕਿਊਬੈਕ ਦੇ ਸ਼ਿਕੂਤੀਮੀ-ਲੇ ਫਜੋਰਡ ਹਲਕੇ ਤੋਂ ਲਿਬਰਲ ਉਮੀਦਵਾਰ ਡੈਨੀਅਲ ਗੋਬੇਲ ਨੇ 51.3 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ ਬਲਾਕ ਕਿਊਬੈਕਵਾ ਨੂੰ 20 ਫੀਸਦੀ ਦੇ ਫਰਕ ਨਾਲ ਪਛਾੜਿਆ। ਸਾਲ 2015 ਤੋਂ ਇਸ ਸੀਟ ‘ਤੇ ਕਾਬਜ਼ ਰਹੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰੇਜਿਸ ਗੌਡਰੋਲਟ ਨੂੰ ਸਿਰਫ਼ 12.5 ਪ੍ਰਤੀਸ਼ਤ ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ। ਓਨਟਾਰੀਓ ਦੇ ਬੀਚਿਸ-ਈਸਟ ਯੌਰਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਵੈਨਕੂਵਰ-ਕੈਪੀਲਾਨੋ ਹਲਕਿਆਂ ਵਿੱਚ ਵੀ ਲਿਬਰਲ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਨੌਰਥ ਵੈਨਕੂਵਰ ਤੋਂ ਬ੍ਰੈਡਨ ਕੈਲੇ ਸੰਸਦ ਮੈਂਬਰ ਚੁਣੇ ਗਏ ਹਨ। ਇਨ੍ਹਾਂ ਨਤੀਜਿਆਂ ਨੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰੇ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ, ਕਿਉਂਕਿ ਕਿਊਬੈਕ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਬਲਾਕ ਕਿਊਬੈਕਵਾ ਦੇ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੂਬੇ ਵਿੱਚ ਹੁਣ ਕੰਜ਼ਰਵੇਟਿਵ ਪਾਰਟੀ ਦੀ ਕੋਈ ਹੋਂਦ ਨਹੀਂ ਰਹਿ ਗਈ।
ਇਹ ਉਪ ਚੋਣਾਂ ਅਜਿਹੇ ਸਮੇਂ ਹੋਈਆਂ ਜਦੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਟੁੱਟ ਚੁੱਕੀ ਹੈ। ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਅਨੁਸਾਰ 63 ਪ੍ਰਤੀਸ਼ਤ ਕੈਨੇਡੀਅਨ ਅਮਰੀਕਾ ਅੱਗੇ ਨਾ ਝੁਕਣ ਦੇ ਸਰਕਾਰੀ ਫ਼ੈਸਲੇ ਨਾਲ ਸਹਿਮਤ ਹਨ ਅਤੇ 73 ਪ੍ਰਤੀਸ਼ਤ ਲੋਕ ਅਮਰੀਕੀ ਵਸਤਾਂ ‘ਤੇ ਜਵਾਬੀ ਟੈਰਿਫ ਲਗਾਉਣ ਦੇ ਹੱਕ ਵਿੱਚ ਹਨ। ਕਾਰਨੀ ਨੇ ਕਿਹਾ ਕਿ ਅਮਰੀਕਾ ਨੂੰ ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਉਣ ਦੀ ਬਜਾਏ ਗੰਭੀਰ ਵਾਰਤਾ ਲਈ ਅੱਗੇ ਆਉਣਾ ਚਾਹੀਦਾ ਹੈ। This report was written by Divroop Kaur as part of the Local Journalism Initiative.

