Friday, October 9, 2026

ਬੀ.ਸੀ. ਸਰਕਾਰ ਵੱਲੋਂ ਗੈਸ ਰਾਇਲਟੀ ਆਮਦਨ ਵਿੱਚ $1.46 ਬਿਲੀਅਨ ਦੀ ਗ਼ਲਤੀ ਦੀ ਪੁਸ਼ਟੀ

ਕਰੰਸੀ ਗਣਨਾ ਦੀ ਤਰੁੱਟੀ ਨੇ ਵਿਗਾੜਿਆ ਬਜਟ ਅਨੁਮਾਨ, ਵਿਰੋਧੀ ਧਿਰ ਨੇ ਚੁੱਕੇ ਭਰੋਸੇਯੋਗਤਾ ‘ਤੇ ਸਵਾਲ, ਊਰਜਾ ਮੰਤਰੀ ਨੇ ਪ੍ਰਕਿਰਿਆ ਸੁਧਾਰਨ ਦਾ ਦਿੱਤਾ ਭਰੋਸਾ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਅਤੇ ਕੈਨੇਡੀਅਨ ਕਰੰਸੀ ਦੀ ਗਣਨਾ ਵਿੱਚ ਹੋਈਆਂ ਗੰਭੀਰ ਗ਼ਲਤੀਆਂ ਕਾਰਨ ਪੰਜ ਸਾਲਾਂ ਦੌਰਾਨ ਕੁਦਰਤੀ ਗੈਸ ਤੋਂ ਹੋਣ ਵਾਲੀ ਅਨੁਮਾਨਤ ਆਮਦਨ ਲਗਭਗ $1.46 ਬਿਲੀਅਨ ਜ਼ਿਆਦਾ ਦਰਜ ਹੋ ਗਈ ਸੀ। ਮੰਗਲਵਾਰ ਨੂੰ ਸੀਨੀਅਰ ਅਧਿਕਾਰੀਆਂ ਅਤੇ ਮੰਤਰੀ ਨੇ ਵਿਸ਼ੇਸ਼ ਬ੍ਰੀਫਿੰਗ ਦੌਰਾਨ ਇਸ ਭੁੱਲ ਦਾ ਖੁਲਾਸਾ ਕੀਤਾ।
ਊਰਜਾ ਮੰਤਰੀ ਐਡਰੀਅਨ ਡਿਕਸ ਨੇ ਵੈਨਕੂਵਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਕੁਦਰਤੀ ਗੈਸ ਦੀ ਪ੍ਰਤੀ-ਗੀਗਾਜੂਲ ਕੀਮਤ ਵਿੱਚ 44 ਸੈਂਟ ਦਾ ਵਾਧੂ ਅਨੁਮਾਨ ਲੱਗਣਾ ਇੱਕ ਗੰਭੀਰ ਤਰੁੱਟੀ ਸੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਗ਼ਲਤੀ ਨੇ ਸੂਬੇ ਦੇ ਭਵਿੱਖੀ ਆਮਦਨ ਅਨੁਮਾਨਾਂ ਨੂੰ ਪ੍ਰਭਾਵਿਤ ਕੀਤਾ ਹੈ, ਨਾ ਕਿ ਖ਼ਜ਼ਾਨੇ ਵਿੱਚ ਪਹਿਲਾਂ ਆ ਚੁੱਕੇ ਅਸਲ ਮਾਲੀਏ ਨੂੰ। ਉਨ੍ਹਾਂ ਦੱਸਿਆ ਕਿ ਇਹ ਗ਼ਲਤੀ ਕੰਪਿਊਟਰ ਸਪਰੈੱਡਸ਼ੀਟ ਵਿੱਚ ਇੱਕ ਫਾਰਮੂਲਾ ਗ਼ਲਤ ਲੱਗਣ ਕਾਰਨ ਹੋਈ, ਜਿੱਥੇ ਕੈਨੇਡੀਅਨ ਡਾਲਰਾਂ ਨੂੰ ਅਮਰੀਕੀ ਡਾਲਰ ਸਮਝ ਕੇ ਮੁੜ ਕਨਵਰਟ ਕਰ ਦਿੱਤਾ ਗਿਆ ਸੀ।
ਇਸ ਗ਼ਲਤੀ ਨੂੰ ਸੁਧਾਰਨ ਨਾਲ ਸੂਬੇ ਦੇ ਵਿੱਤੀ ਸਾਲ 2026-2027 ਦੇ ਅਨੁਮਾਨਾਂ ਵਿੱਚ ਕੁਦਰਤੀ ਗੈਸ ਦੀ ਕੀਮਤ 44 ਸੈਂਟ ਪ੍ਰਤੀ ਗੀਗਾਜੂਲ ਘੱਟ ਹੋ ਗਈ ਹੈ। ਸਾਲ 2025 ਦੀਆਂ ਸੰਖਿਆਵਾਂ ਦੀ ਗ਼ਲਤ ਵਰਤੋਂ ਅਤੇ ਹੋਰ ਛੋਟੀਆਂ ਗਣਨਾਵਾਂ ਕਾਰਨ ਮੌਜੂਦਾ ਵਿੱਤੀ ਵਰ੍ਹੇ ਵਿੱਚ ਆਮਦਨ ਦਾ ਅਨੁਮਾਨ $1.297 ਬਿਲੀਅਨ ਤੋਂ ਘਟਾ ਕੇ $991 ਮਿਲੀਅਨ ਕਰਨਾ ਪਵੇਗਾ, ਜੋ ਕਿ ਲਗਭਗ 24 ਪ੍ਰਤੀਸ਼ਤ ਦੀ ਕਟੌਤੀ ਬਣਦੀ ਹੈ। ਸਾਲ 2030 ਤੱਕ ਸੂਬੇ ਨੂੰ ਹਰ ਸਾਲ ਔਸਤਨ $292 ਮਿਲੀਅਨ ਦੀ ਘੱਟ ਆਮਦਨ ਦਰਸਾਉਣੀ ਪਵੇਗੀ।
ਵਿਰੋਧੀ ਧਿਰ ਬੀ.ਸੀ. ਕੰਜ਼ਰਵੇਟਿਵਜ਼ ਦੇ ਵਿੱਤ ਮਾਮਲਿਆਂ ਦੇ ਆਲੋਚਕ ਗੇਵਿਨ ਡਿਊ ਨੇ ਇਸ ਨੂੰ ਸਿਰਫ਼ ਖਾਤਾ-ਪੜਤਾਲ ਦੀ ਗ਼ਲਤੀ ਨਹੀਂ ਸਗੋਂ ਸਰਕਾਰ ਦੀ ਭਰੋਸੇਯੋਗਤਾ ਦਾ ਸੰਕਟ ਦੱਸਿਆ ਹੈ। ਉਨ੍ਹਾਂ ਆਡੀਟਰ ਜਨਰਲ ਕੋਲੋਂ ਇਸ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਆਗੂ ਕੈਰੀ ਲਿਨ ਫਿੰਡਲੇ ਨੇ ਕਿਹਾ ਕਿ ਸੂਬਾ ਹਵਾ-ਹਵਾਈ ਅਨੁਮਾਨਾਂ ‘ਤੇ ਆਧਾਰਿਤ ਬਜਟ ਬਰਦਾਸ਼ਤ ਨਹੀਂ ਕਰ ਸਕਦਾ।
ਇਹ ਮਾਮਲਾ ਜੂਨ ਵਿੱਚ ਟਰੀਟੀ 8 ਫਸਟ ਨੇਸ਼ਨਜ਼ ਵੱਲੋਂ ਉਠਾਇਆ ਗਿਆ ਸੀ। ਇਸ ਸਬੰਧੀ ਮੰਤਰੀ ਡਿਕਸ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਗ਼ਲਤੀਆਂ ਰੋਕਣ ਲਈ ਮਾਹਿਰਾਂ ਦੀ ਮਦਦ ਨਾਲ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। This report was written by Divroop Kaur as part of the Local Journalism Initiative.

Popular