Friday, October 9, 2026

ਟੰਬਲਰ ਰਿਜ ਸਕੂਲ ਗੋਲੀਬਾਰੀ ਮਾਮਲੇ ‘ਚ ਓਪਨ-ਏ.ਆਈ. ਖ਼ਿਲਾਫ਼ 30 ਨਵੇਂ ਕੇਸ ਦਰਜ

ਪੀੜਤਾਂ ਨੇ ਓਪਨ-ਏ.ਆਈ. ‘ਤੇ ਲਾਏ ਗੰਭੀਰ ਦੋਸ਼ ਅਤੇ $1 ਬਿਲੀਅਨ ਹਰਜਾਨੇ ਦੀ ਮੰਗ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਥਿਤ ਟੰਬਲਰ ਰਿਜ ਦੇ ਇੱਕ ਸਕੂਲ ਵਿੱਚ ਲਗਭਗ 7 ਮਹੀਨੇ ਪਹਿਲਾਂ ਹੋਈ ਭਿਆਨਕ ਗੋਲੀਬਾਰੀ ਦੇ ਸਬੰਧ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨ-ਏ.ਆਈ. ਖ਼ਿਲਾਫ਼ ਕੈਲੀਫੋਰਨੀਆ ਦੀ ਅਦਾਲਤ ਵਿੱਚ 30 ਨਵੇਂ ਮੁਕੱਦਮੇ ਦਾਇਰ ਕੀਤੇ ਗਏ ਹਨ। ਇਸ ਨਾਲ ਕੰਪਨੀ ਅਤੇ ਇਸ ਦੇ ਸੰਸਥਾਪਕ ਸੈਮ ਓਲਟਮੈਨ ਵਿਰੁੱਧ ਦਰਜ ਕੇਸਾਂ ਦੀ ਕੁੱਲ ਗਿਣਤੀ ਹੁਣ 37 ਹੋ ਗਈ ਹੈ।
ਇਹ ਦੁਖਾਂਤ 10 ਫਰਵਰੀ ਨੂੰ ਵਾਪਰਿਆ ਸੀ ਜਦੋਂ 18 ਸਾਲਾ ਜੈਸੀ ਵੈਨ ਰੂਟਸਲਾਰ ਨੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕਤਲ ਕਰਨ ਉਪਰੰਤ ਸਕੂਲ ਵਿੱਚ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਖ਼ੂਨੀ ਸਾਕੇ ਵਿੱਚ 8 ਲੋਕ ਮਾਰੇ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਹਮਲਾਵਰ ਨਾਲ ਜੁੜਿਆ ਇੱਕ ਖਾਤਾ ਪਿਛਲੇ ਸਾਲ ਜੂਨ ਵਿੱਚ ਨਿਯਮਾਂ ਦੀ ਉਲੰਘਣਾ ਕਾਰਨ ਬੈਨ ਕੀਤਾ ਗਿਆ ਸੀ। ਪਰ ਕੰਪਨੀ ਨੇ ਇਸ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਰਿਪੋਰਟ ਨਹੀਂ ਸੀ ਕੀਤਾ।
ਨਵੇਂ ਕੇਸ ਦਾਇਰ ਕਰਨ ਵਾਲਿਆਂ ਵਿੱਚ ਸਕੂਲ ਅਧਿਆਪਕ, ਪ੍ਰਿੰਸੀਪਲ ਅਤੇ ਉਹ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਮੌਤ ਨੂੰ ਬਹੁਤ ਕਰੀਬ ਤੋਂ ਦੇਖਿਆ। ਲਾਇਬ੍ਰੇਰੀ ਵਿੱਚ ਫਸੇ ਇੱਕ 13 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਆਪਣੀ ਅਧਿਆਪਕਾ ਅਤੇ ਜਮਾਤੀਆਂ ਨੂੰ ਗੋਲੀਆਂ ਲੱਗ ਕੇ ਮਰਦੇ ਦੇਖਿਆ ਅਤੇ ਖ਼ੁਦ ਨੂੰ ਬਚਾਉਣ ਲਈ ਉਹ ਲਾਸ਼ਾਂ ਦੇ ਵਿਚਕਾਰ ਮਰੇ ਹੋਣ ਦਾ ਨਾਟਕ ਕਰਦਾ ਰਿਹਾ। ਇੱਕ ਹੋਰ ਜਮਾਤ ਦੀ ਅਧਿਆਪਕਾ ਨੇ ਦਰਵਾਜ਼ਾ ਬੰਦ ਕਰਕੇ ਬੱਚਿਆਂ ਨੂੰ ਮੇਜ਼ਾਂ ਹੇਠਾਂ ਲੁਕਾਇਆ, ਜਦਕਿ ਹਮਲਾਵਰ ਦਰਵਾਜ਼ੇ ਰਾਹੀਂ ਗੋਲੀਆਂ ਚਲਾਉਂਦਾ ਰਿਹਾ।
ਪੀੜਤਾਂ ਦੇ ਵਕੀਲਾਂ ਨੇ ਮੰਗ ਕੀਤੀ ਹੈ ਕਿ ਕੰਪਨੀ ਹਮਲਾਵਰ ਅਤੇ ਚੈਟ-ਜੀਪੀਟੀ ਵਿਚਕਾਰ ਹੋਈ ਸਾਰੀ ਗੱਲਬਾਤ ਅਤੇ ਅੰਦਰੂਨੀ ਫ਼ੈਸਲਿਆਂ ਦੇ ਦਸਤਾਵੇਜ਼ ਜਨਤਕ ਕਰੇ। ਵਕੀਲਾਂ ਦਾ ਕਹਿਣਾ ਹੈ ਕਿ ਉਹ ਜਿਊਰੀ ਅੱਗੇ ਕੰਪਨੀ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇਣ ਦਾ ਮਾਮਲਾ ਉਠਾਉਣਗੇ ਅਤੇ ਘੱਟੋ-ਘੱਟ $1 ਬਿਲੀਅਨ ਦੇ ਹਰਜਾਨੇ ਦੀ ਮੰਗ ਕਰਨਗੇ।
ਦੂਜੇ ਪਾਸੇ ਓਪਨ-ਏ.ਆਈ. ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਤਾਂ ਜੋ ਹਿੰਸਕ ਧਮਕੀਆਂ ਦੀ ਪਛਾਣ ਸਮੇਂ ਸਿਰ ਕੀਤੀ ਜਾ ਸਕੇ। ਸਾਰੇ 37 ਮੁਕੱਦਮਿਆਂ ਵਿੱਚ ਜਿਊਰੀ ਟ੍ਰਾਇਲ ਦੀ ਮੰਗ ਕੀਤੀ ਗਈ ਹੈ। This report was written by Divroop Kaur as part of the Local Journalism Initiative.

Popular