ਸੀ.ਐੱਫ.ਆਈ.ਏ. ਨੇ ਭਾਰਤ ਤੋਂ ਆਯਾਤ ਕੀਤੀਅਾਂ ਜਾਣ ਵਾਲੀਆਂ ਵਸਤਾਂ ‘ਤੇ ਵਧਾਈ ਚੌਕਸੀ
ਸਰੀ, (ਦਿਵਰੂਪ ਕੌਰ): ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਭਾਰਤ ਵਿੱਚ ਸਾਹਮਣੇ ਆਏ ਇੱਕ ਗ਼ੈਰ-ਕਾਨੂੰਨੀ ਧੰਦੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਚਿਪਸ ਅਤੇ ਹੋਰ ਖਾਧ ਪਦਾਰਥਾਂ ‘ਤੇ ਜਾਅਲੀ ਨਿਊਟ੍ਰੀਸ਼ਨ ਜਾਣਕਾਰੀ ਅਤੇ ਗ਼ਲਤ ਐਕਸਪਾਇਰੀ ਤਾਰੀਖਾਂ ਵਾਲੇ ਲੇਬਲ ਲਗਾ ਕੇ ਉਨ੍ਹਾਂ ਨੂੰ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕੈਨੇਡੀਅਨ ਏਜੰਸੀ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਕੀ ਇਸ ਕਾਰਵਾਈ ਕਾਰਨ ਮੁਲਕ ਵਿੱਚ ਦਰਾਮਦ ਹੋਣ ਵਾਲੇ ਸਾਮਾਨ ਲਈ ਕੋਈ ਖ਼ਤਰਾ ਪੈਦਾ ਹੋਇਆ ਹੈ ਜਾਂ ਨਹੀਂ। ਕੈਨੇਡਾ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦੇਣ ਵਾਲੀ ਪਹਿਲੀ ਵਿਦੇਸ਼ੀ ਜਾਂਚ ਏਜੰਸੀ ਹੈ। ਪਿਛਲੇ ਹਫ਼ਤੇ ਮੁੰਬਈ ਸਥਿਤ ਇੱਕ ਗੁਦਾਮ ‘ਤੇ ਛਾਪਾ ਮਾਰ ਕੇ ਲਗਭਗ $80,000 ਦੀ ਕੀਮਤ ਦੇ ਖਾਣ-ਪੀਣ ਵਾਲੇ ਉਤਪਾਦ ਜ਼ਬਤ ਕੀਤੇ ਸਨ। ਇਸ ਦੇ ਨਾਲ ਹੀ ਉੱਥੋਂ ਵੱਡੀ ਮਾਤਰਾ ਵਿੱਚ ਰਸਾਇਣ ਅਤੇ ਪ੍ਰਿੰਟਿੰਗ ਮਸ਼ੀਨਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਵਰਤੋਂ ਪੈਪਸੀਕੋ, ਨੈਸਲੇ, ਕੋਕਾ-ਕੋਲਾ ਅਤੇ ਯੂਨੀਲੀਵਰ ਵਰਗੇ ਨਾਮੀ ਬ੍ਰਾਂਡਾਂ ਦੇ ਪੁਰਾਣੇ ਸਮਾਨ ਦੀਆਂ ਮਿਆਦ ਪੁੱਗਣ ਵਾਲੀਆਂ ਤਾਰੀਖਾਂ ਨੂੰ ਮਿਟਾ ਕੇ ਨਵੀਆਂ ਤਾਰੀਖਾਂ ਅਤੇ ਪੌਸ਼ਟਿਕ ਜਾਣਕਾਰੀ ਛਾਪਣ ਲਈ ਕੀਤੀ ਜਾ ਰਹੀ ਸੀ। ਜਾਂਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹਨਾਂ ਮੂਲ ਕੰਪਨੀਆਂ ਉੱਤੇ ਕੋਈ ਦੋਸ਼ ਨਹੀਂ ਹੈ, ਸਗੋਂ ਜਾਂਚ ਦਾ ਮੁੱਖ ਕੇਂਦਰ ਉਹ ਗ਼ੈਰ-ਕਾਨੂੰਨੀ ਐਕਸਪੋਰਟਰ ਹਨ ਜੋ ਇਸ ਧਾਂਦਲੀ ਵਿੱਚ ਸ਼ਾਮਲ ਸਨ।
ਛਾਪੇਮਾਰੀ ਦੌਰਾਨ ਇੱਕ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਕਿ ਗੁਦਾਮ ਵਿੱਚੋਂ ਮਿਲੇ ਪੈਪਸੀਕੋ ਦੇ ਭਾਰਤੀ ਬ੍ਰਾਂਡ ਕੁਰਕੁਰੇ ਦੇ ਪੈਕਟ ‘ਤੇ ਅੰਗਰੇਜ਼ੀ ਅਤੇ ਫਰੈਂਚ ਦੋਵਾਂ ਭਾਸ਼ਾਵਾਂ ਵਿੱਚ ਨਿਊਟ੍ਰੀਸ਼ਨ ਲੇਬਲ ਛਪਿਆ ਹੋਇਆ ਸੀ, ਜੋ ਕਿ ਬਿਲਕੁਲ ਕੈਨੇਡਾ ਵਿੱਚ ਲਾਗੂ ਨਿਯਮਾਂ ਦੇ ਅਨੁਕੂਲ ਸੀ। ਕੈਨੇਡੀਅਨ ਫੂਡ ਲੇਬਲਿੰਗ ਨਿਯਮਾਂ ਮੁਤਾਬਕ ਸਾਰੀ ਜਾਣਕਾਰੀ ਅੰਗਰੇਜ਼ੀ ਅਤੇ ਫਰੈਂਚ ਦੋਵਾਂ ਭਾਸ਼ਾਵਾਂ ਵਿੱਚ ਦਰਜ ਹੋਣੀ ਲਾਜ਼ਮੀ ਹੁੰਦੀ ਹੈ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਮਾਨ ਕੈਨੇਡਾ ਭੇਜਣ ਦੀ ਯੋਜਨਾ ਸੀ। ਸੀਐੱਫਆਈਏ ਨੇ ਰਾਇਟਰਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਵਿੱਚ ਆਉਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਕੋਈ ਖ਼ਤਰਾ ਤਾਂ ਨਹੀਂ ਹੈ। ਏਜੰਸੀ ਨੇ ਸਪਸ਼ਟ ਕੀਤਾ ਕਿ ਫਿਲਹਾਲ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਜੋ ਇਹ ਦਰਸਾਉਂਦੀ ਹੋਵੇ ਕਿ ਇਸ ਗੁਦਾਮ ਨਾਲ ਸਬੰਧਤ ਕੋਈ ਸਮੱਗਰੀ ਕੈਨੇਡਾ ਵਿੱਚ ਦਾਖ਼ਲ ਹੋਈ ਹੈ। ਏਜੰਸੀ ਨੇ ਦੁਹਰਾਇਆ ਕਿ ਉਹ ਫੂਡ ਫਰਾਡ, ਜਾਅਲੀ ਤਾਰੀਖਾਂ, ਗ਼ਲਤ ਨਿਊਟ੍ਰੀਸ਼ਨ ਜਾਣਕਾਰੀ ਅਤੇ ਭਰਮਾਊ ਦਾਅਵਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਮਾਨ ਜ਼ਬਤ ਕਰਨ, ਲਾਇਸੈਂਸ ਰੱਦ ਕਰਨ ਅਤੇ ਭਾਰੀ ਜੁਰਮਾਨੇ ਵਰਗੇ ਸਖ਼ਤ ਕਦਮ ਚੁੱਕੇ ਜਾਂਦੇ ਹਨ। ਅਧਿਕਾਰੀਆਂ ਅਨੁਸਾਰ ਇਸ ਗੁਦਾਮ ਵਿੱਚ ਮਿਆਦ ਪੁੱਗ ਚੁੱਕੇ ਜਾਂ ਐਕਸਪਾਇਰੀ ਦੇ ਨੇੜੇ ਪਹੁੰਚ ਚੁੱਕੇ ਉਤਪਾਦਾਂ ‘ਤੇ ਨਵੇਂ ਲੇਬਲ ਲਗਾਏ ਜਾ ਰਹੇ ਸਨ। ਗੁਦਾਮ ਮਾਲਕ ਲਗਭਗ 19 ਗ਼ੈਰ-ਮਸ਼ਹੂਰ ਐਕਸਪੋਰਟਰਾਂ ਲਈ ਇਹ ਕੰਮ ਕਰ ਰਹੇ ਸਨ। ਮਹਾਰਾਸ਼ਟਰ ਐੱਫਡੀਏ ਕਮਿਸ਼ਨਰ ਤੁਕਾਰਾਮ ਮੁੰਢੇ ਨੇ ਦੱਸਿਆ ਕਿ ਸੰਬੰਧਤ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ, ਜੋ ਸ਼ਾਮਲ ਬਰਾਮਦਕਾਰਾਂ ਦੇ ਵੇਰਵਿਆਂ ਦੀ ਜਾਂਚ ਕਰ ਰਹੇ ਹਨ।

