ਰੀਅਲ ਅਸਟੇਟ ਨਿਵੇਸ਼ਕਾਂ ਅਤੇ ਚੈਰਿਟੀ ਫੰਡਾਂ ‘ਚ ਘਪਲੇ ਦੇ ਦੋਸ਼ਾਂ ਹੇਠ ਕੀਤਾ ਗਿਆ ਗ੍ਰਿਫ਼ਤਾਰ
ਸਰੀ, (ਦਿਵਰੂਪ ਕੌਰ): ਵੈਨਕੂਵਰ ਪੁਲਿਸ ਵਿਭਾਗ (ਵੀਪੀਡੀ) ਦੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਅਧਿਕਾਰੀ, ਗੈਂਗ ਵਿਰੋਧੀ ਕਾਰਕੁਨ ਅਤੇ ‘ਕਿਡਜ਼ਪਲੇਅ ਯੂਥ ਫਾਊਂਡੇਸ਼ਨ’ ਦੇ ਸੀਈਓ ਕੈਲ ਦੋਸਾਂਝ ਨੂੰ ਚੋਰੀ, ਧੋਖਾਧੜੀ ਅਤੇ ਭਰੋਸਗੀ ਉਲੰਘਣਾ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸਾਂਝ ਵਿਰੁੱਧ ਇਹ ਦੋਸ਼ ਸਾਲ 2017 ਤੋਂ ਸ਼ੁਰੂ ਹੋਏ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਹਨ। ਗ੍ਰਿਫ਼ਤਾਰੀ ਤੋਂ ਬਾਅਦ ਵਰਦੀਧਾਰੀ ਅਤੇ ਸਾਦੇ ਕੱਪੜਿਆਂ ਵਿੱਚ ਆਏ ਵੀਪੀਡੀ ਅਧਿਕਾਰੀਆਂ ਨੂੰ ਅਦਾਲਤੀ ਦਸਤਾਵੇਜ਼ਾਂ ਵਿੱਚ ਦਰਜ ਉਨ੍ਹਾਂ ਦੀ ਰਿਹਾਇਸ਼ ਤੋਂ ਕਈ ਡੱਬੇ ਬਾਹਰ ਲਿਜਾਂਦੇ ਦੇਖਿਆ ਗਿਆ।
ਅਦਾਲਤ ਵਿੱਚ ਪੇਸ਼ ਕੀਤੇ ਗਏ ਚਾਰਜ ਦਸਤਾਵੇਜ਼ਾਂ ਅਨੁਸਾਰ ਦੋਸਾਂਝ ਖ਼ਿਲਾਫ਼ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਇਹ ਦੋਸ਼ ਮੁੱਖ ਤੌਰ ‘ਤੇ ਅਜ਼ੂਰਾ, ਕੁਈਨਜ਼ ਪਾਰਕ ਅਤੇ ਸਹਾਰਾ ਵਰਗੇ ਰੀਅਲ ਅਸਟੇਟ ਪ੍ਰਾਜੈਕਟਾਂ ਦੇ ਨਿਵੇਸ਼ਕਾਂ ਨਾਲ ਕੀਤੀ ਗਈ ਕਥਿਤ ਠੱਗੀ ਨਾਲ ਜੁੜੇ ਹੋਏ ਹਨ। ਇਹ ਘਟਨਾਵਾਂ 13 ਜਨਵਰੀ 2017 ਤੋਂ 31 ਅਕਤੂਬਰ 2024 ਦਰਮਿਆਨ ਵਾਪਰੀਆਂ ਦੱਸੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਰਬਜੀਤ ਸਿੰਘ ਗਿੱਲ ਨੂੰ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦੋਵੇਂ ਵਿਅਕਤੀ ਇਨ੍ਹਾਂ ਪ੍ਰਾਜੈਕਟਾਂ ਵਿੱਚ ਭਾਈਵਾਲ ਸਨ ਅਤੇ ਪਹਿਲਾਂ ਵੀ ਕਈ ਸਿਵਲ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਦਾ ਨਕਾਰਿਆ ਹੈ। ਇਸ ਤੋਂ ਇਲਾਵਾ ਦੋਸਾਂਝ ‘ਤੇ ਆਪਣੀ ਖ਼ੁਦ ਦੀ ਚੈਰਿਟੀ ਸੰਸਥਾ ‘ਕਿਡਜ਼ਪਲੇਅ ਯੂਥ ਫਾਊਂਡੇਸ਼ਨ’ ਵਿੱਚੋਂ ਵੀ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ, ਜੋ ਕਿ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਸਮੇਂ ਦੌਰਾਨ ਹੋਏ ਦੱਸੇ ਗਏ ਹਨ। ਉਨ੍ਹਾਂ ‘ਤੇ ਇੱਕ ਜਨਤਕ ਅਧਿਕਾਰੀ ਵਜੋਂ ਭਰੋਸਗੀ ਉਲੰਘਣਾ ਦਾ ਦੋਸ਼ ਵੀ ਆਇਦ ਕੀਤਾ ਗਿਆ ਹੈ।

