Sunday, May 10, 2026

ਅਮਰੀਕਾ ਵਿੱਚ ਹਵਾਈ ਉਡਾਣਾਂ ‘ਤੇ ਵੱਡਾ ਅਸਰ 40 ਹਵਾਈ ਅੱਡਿਆਂ ‘ਤੇ 10% ਫਲਾਈਟਾਂ ਘਟਣਗੀਆਂ

 

ਸਰਕਾਰੀ ਸ਼ਟਡਾਊਨ ਨਾਲ ਹਜ਼ਾਰਾਂ ਉਡਾਣਾਂ ਪ੍ਰਭਾਵਿਤ
ਵਾਸ਼ਿੰਗਟਨ (ਪਰਮਜੀਤ ਸਿੰਘ): ਅਮਰੀਕਾ ਵਿੱਚ ਫੈਡਰਲ ਸਰਕਾਰ ਦੇ ਸ਼ਟਡਾਊਨ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਦੇ ਕਾਰਨ, ਸ਼ੁੱਕਰਵਾਰ ਸਵੇਰੇ ਤੋਂ ਦੇਸ਼ ਭਰ ਦੇ 40 ਹਵਾਈ ਅੱਡਿਆਂ ‘ਤੇ 10 ਪ੍ਰਤੀਸ਼ਤ ਫਲਾਈਟ ਸਮਰੱਥਾ ਘਟਾਈ ਜਾਵੇਗੀ। ਇਹ ਫੈਸਲਾ ਅਮਰੀਕੀ ਟਰਾਂਸਪੋਰਟੇਸ਼ਨ ਵਿਭਾਗ ਵੱਲੋਂ ਬੁੱਧਵਾਰ ਨੂੰ ਐਲਾਨਿਆ ਗਿਆ।
ਇਸ ਕਦਮ ਨਾਲ ਦੇਸ਼ ਦੇ ਅੰਦਰੂਨੀ ਅਤੇ ਅੰਤਰਰਾਸ਼ਟਰੀ ਦੋਵੇਂ ਕਿਸਮਾਂ ਦੀਆਂ ਉਡਾਣਾਂ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਹੁਣੇ ਤੱਕ ਵੱਧਦੇ ਜਾ ਰਹੇ ਬਾਧਾਵਾਂ ਕਾਰਨ ਹਜ਼ਾਰਾਂ ਫਲਾਈਟਾਂ ਵਿੱਚ ਦੇਰੀ ਜਾਂ ਰੱਦ ਹੋ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਟਡਾਊਨ ਕਰਕੇ 13,000 ਏਅਰ ਟ੍ਰੈਫਿਕ ਕੰਟਰੋਲਰ ਅਤੇ 50,000 TSA (ਸੁਰੱਖਿਆ ਅਧਿਕਾਰੀ) ਬਿਨਾਂ ਤਨਖਾਹ ਕੰਮ ਕਰ ਰਹੇ ਹਨ, ਜਿਸ ਨਾਲ ਸਟਾਫ਼ ਦੀ ਘਾਟ ਹੋਰ ਗੰਭੀਰ ਹੋ ਗਈ ਹੈ। ਪਿਛਲੇ ਹਫ਼ਤੇ ਵੀ ਅਮਰੀਕਾ ਦੇ ਕਈ ਵੱਡੇ ਹਵਾਈ ਅੱਡਿਆਂ ‘ਤੇ ਕਈ ਘੰਟਿਆਂ ਦੀ ਦੇਰੀ ਦਰਜ ਕੀਤੀ ਗਈ ਸੀ।
ਜੇ ਸ਼ਟਡਾਊਨ ਇੱਕ ਹਫ਼ਤਾ ਹੋਰ ਚੱਲਦਾ ਰਿਹਾ, ਤਾਂ ਕੁਝ ਹਵਾਈ ਇਲਾਕਿਆਂ ਨੂੰ ਪੂਰੀ ਤਰ੍ਹਾਂ ਬੰਦ ਵੀ ਕਰਨਾ ਪੈ ਸਕਦਾ ਹੈ। ਮਾਹਿਰਾਂ ਮੁਤਾਬਕ, ਇਹ ਹਾਲਾਤ ਦੇਸ਼ ਦੀ ਅਰਥਵਿਵਸਥਾ ਅਤੇ ਯਾਤਰਾ ਉਦਯੋਗ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਸਕਦੇ ਹਨ।
ਪਿਛਲੇ ਐਤਵਾਰ ਨੂੰ ਹੀ ਦੇਸ਼ ਭਰ ‘ਚ 5,000 ਤੋਂ ਵੱਧ ਫਲਾਈਟਾਂ ਦੀ ਦੇਰੀ ਦਰਜ ਕੀਤੀ ਗਈ ਸੀ।
ਖਾਸ ਤੌਰ ‘ਤੇ ਨਿਊ ਜਰਸੀ ਦੇ ਨਿਊਆਰਕ ਲਿਬਰਟੀ ਏਅਰਪੋਰਟ ‘ਤੇ ਕਈ ਉਡਾਣਾਂ ਘੰਟਿਆਂ ਲੰਬੇ ਡੀਲੇ ਵਿੱਚ ਫਸ ਗਈਆਂ।
ਇਸ ਵੇਲੇ ਰਿਪਬਲਿਕਨ ਅਤੇ ਡੈਮੋਕ੍ਰੈਟ ਪਾਰਟੀਆਂ ਸਰਕਾਰੀ ਬਜਟ ਅਤੇ ਹੈਲਥ ਕੇਅਰ ਪ੍ਰੀਮੀਅਮ ਸਬੰਧੀ ਮੁੱਦਿਆਂ ‘ਤੇ ਅੜੀ ਹੋਈਆਂ ਹਨ। ਇਹ ਸ਼ਟਡਾਊਨ 36 ਦਿਨ ਲੰਮਾ ਚੱਲ ਰਿਹਾ ਹੈ ૷ ਜੋ ਕਿ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਹੈ।
ਇਸ ਦਾ ਪ੍ਰਭਾਵ ਕੈਨੇਡਾ ‘ਤੇ ਵੀ ਦਿਖਾਈ ਦੇ ਸਕਦਾ ਹੈ। ਹਾਲਾਂਕਿ ਅਿਰ Canada ਅਤੇ WestJet ਨੇ ਕਿਹਾ ਹੈ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਪਰ ਫਿਲਹਾਲ ਉਨ੍ਹਾਂ ਦੀਆਂ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ।

 

Popular