ਔਟਵਾ (ਦਿਵਰੂਪ ਕੌਰ): ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (CSIS) ਦੇ ਡਾਇਰੈਕਟਰ ਡੈਨ ਰੌਜਰਜ਼ ਨੇ ਚੀਨ ਅਤੇ ਰੂਸ ਦੀਆਂ ਵਧਦੀਆਂ ਖੁਫੀਆ ਗਤੀਵਿਧੀਆਂ ਨੂੰ ਕੈਨੇਡਾ ਦੀ ਆਰਕਟਿਕ ਸੁਰੱਖਿਆ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ ਹੈ। ਕੈਨੇਡਾ ਦੇ ਸਾਹਮਣੇ ਖੜ੍ਹੇ ਰਾਸ਼ਟਰੀ ਸੁਰੱਖਿਆ ਖ਼ਤਰਿਆਂ ਬਾਰੇ ਦਿੱਤੇ ਇੱਕ ਤਾਜ਼ਾ ਭਾਸ਼ਣ ਦੌਰਾਨ, ਰੌਜਰਜ਼ ਨੇ ਚੇਤਾਵਨੀ ਦਿੱਤੀ ਕਿ ਦੋਵੇਂ ਦੇਸ਼ ਕੈਨੇਡਾ ਦੀ ਆਰਕਟਿਕ ਖੇਤਰ ਵਿੱਚ ਖ਼ਾਸ ਤੌਰ ‘ਤੇ ਉਹਨਾਂ ਲੋਕਾਂ ਤੇ ਸਥਾਨਾਂ ਵਿੱਚ ਜੋ ਇਸਦੀ ਸੰਭਾਵਨਾਵਾਂ ਨੂੰ ਵਿਕਸਤ ਕਰ ਰਹੇ ਹਨ-ਵੱਡੀ ਦਿਲਚਸਪੀ ਰੱਖਦੇ ਹਨ।
CSIS ਮੁਤਾਬਕ, ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਆਰਕਟਿਕ ਖੇਤਰ ਵਿੱਚ ਵਿਦੇਸ਼ੀ ਖੁਫੀਆ ਏਜੰਸੀਆਂ ਵੱਲੋਂ ਸਰਕਾਰਾਂ, ਨਿੱਜੀ ਖੇਤਰ, ਅਤੇ ਖੋਜ ਸੰਸਥਾਵਾਂ ‘ਤੇ ਕੇਂਦ੍ਰਿਤ ਡਾਟਾ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਵਧ ਗਈਆਂ ਹਨ।
ਰੌਜਰਜ਼ ਨੇ ਕਿਹਾ ਕਿ ਚੀਨ ਵਰਗੇ ਗੈਰ-ਆਰਕਟਿਕ ਦੇਸ਼ ਆਰਥਿਕ ਅਤੇ ਰਣਨੀਤਿਕ ਲਾਭ ਹਾਸਲ ਕਰਨ ਲਈ ਆਰਕਟਿਕ ਵਿੱਚ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਖੁਦ ਨੂੰ Near-Arctic State ਵਜੋਂ ਦਰਸਾਉਂਦਾ ਹੈ ਅਤੇ ਇਸ ਖੇਤਰ ਵਿੱਚ ਖਣਿਜ ਪਦਾਰਥਾਂ, ਸਮੁੰਦਰੀ ਰਸਤੇ, ਅਤੇ ਲੰਬੇ ਸਮੇਂ ਦੀ ਭੂ-ਰਾਜਨੀਤਿਕ ਪਹੁੰਚ ਨੂੰ ਆਪਣੀ ਰੁਚੀ ਦੇ ਕੇਂਦਰ ਵਿੱਚ ਰੱਖ ਰਿਹਾ ਹੈ।
ਰੂਸ, ਜੋ ਕਿ ਖੁਦ ਇੱਕ ਮੁੱਖ ਆਰਕਟਿਕ ਦੇਸ਼ ਹੈ, ਇਸ ਖੇਤਰ ਵਿੱਚ ਆਪਣੀ ਵੱਡੀ ਸੈਨਾ ਤੈਨਾਤ ਰੱਖਦਾ ਹੈ।
ਰੌਜਰਜ਼ ਨੇ ਕਿਹਾ ਕਿ ਯੂਕਰੇਨ ਜੰਗ ਤੋਂ ਬਾਅਦ ਰੂਸ ਦਾ ਰਵੱਈਆ ਹੋਰ ਆਕੜ ਵਾਲਾ ਹੋ ਗਿਆ ਹੈ, ਜੋ ਆਰਕਟਿਕ ਸੁਰੱਖਿਆ ਨੂੰ ਹੋਰ ਸੰਵੇਦਨਸ਼ੀਲ ਬਣਾ ਰਿਹਾ ਹੈ।
ਇਨ੍ਹਾਂ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ, CSIS ਕੈਨੇਡਾ ਦੇ ਇਨੂਇਟ, ਆਰਕਟਿਕ ਅਤੇ ਉੱਤਰੀ ਭਾਈਚਾਰਿਆਂ ਨਾਲ ਸਹਿਯੋਗ ਵਧਾ ਰਿਹਾ ਹੈ।
ਰੌਜਰਜ਼ ਨੇ ਦੱਸਿਆ ਕਿ ਖੁਫੀਆ ਏਜੰਸੀ ਦਾ ਉਦੇਸ਼ ਸਿਰਫ ਆਪਣੇ ਤਜਰਬੇ ਸਾਂਝੇ ਕਰਨਾ ਹੀ ਨਹੀਂ, ਸਗੋਂ ਸਥਾਨਕ ਭਾਈਚਾਰਿਆਂ ਦੀਆਂ ਜਾਣਕਾਰੀਆਂ ਤੋਂ ਵੀ ਸਿੱਖਣਾ ਹੈ।
ਉਹਨਾਂ ਨੇ ਉਦਾਹਰਣ ਦਿੱਤੀ ਕਿ CSIS ਨੇ ਇਨੂਇਟ ਨੇਤਾਵਾਂ ਅਤੇ ਟੈਰੀਟੋਰਿਅਲ ਸਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ, ਤਾਂ ਜੋ ਉਹ ਵਿਦੇਸ਼ੀ ਕੰਪਨੀਆਂ, ਖੋਜ ਪ੍ਰੋਜੈਕਟਾਂ ਜਾਂ ਨਿਵੇਸ਼ਾਂ ਨਾਲ ਕੰਮ ਕਰਦਿਆਂ ਰਾਸ਼ਟਰੀ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖ ਸਕਣ।
ਰੌਜਰਜ਼ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਦੀ ਆਰਕਟਿਕ ਨੀਤੀ ਵਿੱਚ ਸੁਰੱਖਿਆ, ਖੁਫੀਆ ਨਿਗਰਾਨੀ ਅਤੇ ਭੂ-ਰਾਜਨੀਤਿਕ ਜ਼ਰੂਰਤਾਂ ਹੋਰ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੀਆਂ ਹਨ। ਵਿਸ਼ੇਸ਼ ਤੌਰ ‘ਤੇ, ਜਿਥੇ ਜਲਵਾਯੂ ਤਬਦੀਲੀ ਕਾਰਨ ਸਮੁੰਦਰੀ ਰਸਤੇ ਖੁਲ ਰਹੇ ਹਨ, ਉੱਥੇ ਵਿਦੇਸ਼ੀ ਦਿਲਚਸਪੀ ਅਤੇ ਹਸਤਕਸ਼ੇਪ ਦਾ ਖ਼ਤਰਾ ਵੀ ਵਧ ਰਿਹਾ ਹੈ।

