ਲੇਖਕ : ਸੋਹਣ ਸਿੰਘ ਪੂੰਨੀ
ਕਨੇਡਾ ਦੇ ਸਿੱਖਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ ਸਨ। ਵੈਨਕੂਵਰ ਗੁਰਦੁਆਰੇ ਦੇ ਪਰਧਾਨ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਗਰੰਥੀ ਸਾਹਿਬਾਨ ਭਾਈ ਬਲਵੰਤ ਸਿੰਘ ਖੁਰਦਪੁਰ ਵਰਗੇ ਖਾਲਸਾ ਦੀਵਾਨ ਸੁਸਾਇਟੀ ਨਾਲ ਜੁੜੇ 14 ਸਿੱਖ ਸ਼ਹੀਦ ਹੋਏ ਸਨ ਹਿੰਦੁਸਤਾਨ ਦੀ ਆਜ਼ਾਦੀ ਲਈ। ਬਹੁਤ ਸਾਰਿਆ ਨੇ ਉਮਰ ਕੈਦ ਕੱਟੀ ਸੀ। ਪਰ ਕੁਛ ਸਾਲ ਪਹਿਲਾਂ ਟੋਰੰਟੋ ਚ ਰਹਿੰਦੇ ਸਰਦਾਰ ਸੰਦੀਪ ਸਿੰਘ ਨੇ ਖੋਜ ਕਰਕੇ ਪਤਾ ਲਗਾਇਆ ਹੈ ਕਿ ਪਹਿਲੇ ਸੰਸਾਰ ਯੁੱਧ ਦੌਰਾਨ 9 ਸਿੱਖ ਕਨੇਡੀਅਨ ਫੌਜ ਵਿਚ ਭਰਤੀ ਹੋਏ ਸਨ। ਉਸ ਬ੍ਰਤਾਨਵੀ ਸਾਮਰਾਜ ਨੂੰ ਬਚਾਉਣ ਲਈ ਜੋ ਹਿੰਦੁਸਤਾਨ ਨੂੰ ਗੁਲਾਮ ਬਣਾਈ ਬੈਠਾ ਸੀ। ਕਿੰਝ ਵਰਤਿਆ ਸੀ ਇਹ ਭਾਣਾ? ਕਨੇਡਾ ਦੇ ਸਿੱਖਾਂ ਨੇ ਤਾਂ ਦੂਸਰੇ ਸੰਸਾਰ ਯੁੱਧ ਦੌਰਾਨ ਵੀ ਉਦੋਂ ਤੱਕ ਕਨੇਡੀਅਨ ਫੌਜ ਵਿੱਚ ਭਰਤੀ ਹੋਣੋ ਨਾਂਹ ਕਰ ਦਿੱਤੀ ਸੀ, ਜਦੋਂ ਤੱਕ ਉਨ੍ਹਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸੀ ਸਮਝਿਆ ਜਾਂਦਾ।
ਇਸ ਛੋਟੇ ਜਿਹੇ ਲੇਖ ਦਾ ਮਕਸਦ ਇਹ ਵੇਖਣਾ ਹੈ ਕਿ ਕੌਣ ਸਨ ਇਹ ਸਿਖ? ਕਿਸ ਨੇ ਭਰਤੀ ਕਰਵਾਇਆ ਸੀ ਇਨ੍ਹਾਂ ਨੂੰ ਕਨੇਡੀਅਨ ਫੌਜ ਵਿਚ? ਕਨੇਡਾ ਦੇ ਸਿੱਖ ਭਾਈਚਾਰੇ ਦਾ ਕੀ ਪ੍ਰਤੀਕਰਮ ਸੀ ਇਨ੍ਹਾਂ ਦੇ ਕਨੇਡੀਅਨ ਫੌਜ ਵਿਚ ਭਰਤੀ ਹੋਣ ਬਾਰੇ?
ਇਨ੍ਹਾਂ 9 ਸਿੱਖਾਂ ਨੂੰ ਕਨੇਡੀਅਨ ਫੌਜ ਵਿਚ ਭਰਤੀ ਉਨਾ੍ਹਂ ਲੋਕਾਂ ਨੇ ਕਰਵਾਇਆ ਸੀ ਜੋ ‘ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ’ ਅਤੇ ਗਦਰ ਪਾਰਟੀ ਦੇ ਵਿਰੋਧੀ ਸਨ। ਸਾਨਫਰਾਂਸਿਸਕੋ ਤੋਂ ਛਪਦੇ ‘ਹਿੰਦੋਸਤਾਨ ਗ਼ਦਰ’ ਅਖਬਾਰ ਦੇ 7 ਮਾਰਚ 1915 ਦੇ ਅੰਕ ਵਿਚ ਪੰਨਾ 4 ਤੇ, ਕਨੇਡਾ ਦੇ ਹਿੰਦੁਸਤਾਨੀਆਂ ਨੂੰ ਭਰਤੀ ਕਰਵਾਉਣ ਵਾਲ਼ਿਆਂ ਤੋਂ ਬਚਣ ਲਈ ਸਾਵਧਾਨ ਕੀਤਾ ਗਿਆ ਸੀ। ਸੁਰਖੀ ਸੀ, ”ਕਨੇਡਾ ਕੇ ਹਿੰਦੀਓਂ ਕੋ ਬਦਮਾਸ਼ ਕੁਤੋਂ ਕੇ ਧੋਖੇ ਸੇ ਬਚਨਾ ਚਾਹੀਏ।” ਇਸ ਸੁਰਖੀ ਹੇਠ ਲਿਖਿਆ ਗਿਆ ਸੀ, ”ਆਜ ਕਲ ਵੈਨਕੋਵਰ ਮੇ ਦੋ ਤੀਨ ਬਦਮਾਸ਼ੋਂ ਨੇ ਆਪਨੀ ਸ਼ੋਰਤ ਕੇ ਲੀਏ ਔਰ ਬਦਮਾਸ਼ੀ ਸੇ ਪੇਟ ਪਾਲਣੇ ਕੇ ਲੀਏ ਆਪਨੇ ਦੇਸੀ ਭਾਈਓਂ ਕੋ ਕਤਲ ਕਰਾਨੇ ਕੀ ਖਾਤਰ ਔਰ ਮੁਲਕ ਕੋ ਗੁਲਾਮੀ ਮੇਂ ਗਰਕ ਕਰਨੇ ਕੇ ਲੀਏ ਇੰਗਲੈਂਡ ਕੀ ਮਦਦ ਕੇ ਲੀਏ ਲੜਨੇ ਕੋ ਲੇ ਜਾਨਾਂ ਚਾਹਤੇ ਹੈਂ ਔਰ ਵਕਟੋਰੀਆ ਮੇਂ ਦੋ ਤੀਨ ਦੇਸ਼ਘਾਤੀ ਅੰਗਰੇਜ਼ੋਂ ਕੇ ਕੁਤੇ ਜਾਸੂਸ ਫੌਜ ਮੇਂ ਲੋਗੋ ਕੋ ਭਰਤੀ ਕਰਵਾ ਰਹੇ ਹੈਂ।” ਬਰਿਟਸ਼ ਕੋਲੰਬੀਆ ਵਾਲ਼ੇ ਪਾਸੇ ਭਰਤੀ ਕਰਵਾਉਣ ਵਾਲੇ ਬੇਲਾ ਸਿੰਘ ਜਿਆਣ ਤੇ ਡਾਕਟਰ ਰਘੂਨਾਥ ਸਿੰਘ ਸਨ (ਬੇਲਾ ਸਿੰਘ ਜਿਆਣ ਹਾਪਕਿਨਸਨ ਦਾ ਖਰੀਦਿਆ ਹੋਇਆ ਬੰਦਾ ਸੀ। ਉਹ ਹਪਿਕਿਨਸਨ ਲਈ ਭਾਈਚਾਰੇ ਦੀ ਜਾਸੂਸੀ ਕਰਦਾ ਸੀ ਤੇ ਉਸ ਨੂੰ ਇਸ ਗਦਾਰੀ ਬਦਲੇ ਪੈਸੇ ਮਿਲ਼ਦੇ ਸਨ। ਬੇਲਾ ਸਿੰਘ ਨੇ ਹਾਪਕਿਨਸਨ ਦੀ ਸ਼ਹਿ ‘ਤੇ ਵੈਨਕੂਵਰ ਗੁਰਦੁਆਰੇ ਦੇ 2
ਪਰਧਾਨ ਭਾਈ ਭਾਗ ਸਿੰਘ ਭਿਖੀਵਿੰਡ ਦਾ ਗੋਲ਼ੀ ਮਾਰ ਕੇ ਕਤਲ ਕਰ ਦਿਤਾ ਸੀ। ਡਾਕਟਰ ਰਘੂਨਾਥ ਸਿੰਘ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦਾ ਡਾਕਟਰ ਸੀ। ਉਹ ਕਾਮਾਗਾਟਾ ਮਾਰੂ ਦੀਆਂ ਸਾਰੀਆਂ ਖਬਰਾਂ ਹਾਪਕਿਨਸਨ ਨੂੰ ਪਹੁੰਚਾਇਆ ਕਰਦਾ ਸੀ। ਉਸ ਦੀ ਇਸ ਗਦਾਰੀ ਬਦਲੇ ਹਾਪਕਿਨਸਨ ਨੇ ਉਸ ਨੂੰ ਕਾਮਾਗਾਟਾ ਮਾਰੂ ਤੋਂ ਉਤਾਰ ਲਿਆ ਸੀ।)
ਟੋਰੰਟੋ ਵਾਲ਼ੇ ਪਾਸੇ ਭਰਤੀ ਕਰਵਾਉਣ ਵਾਲ਼ੇ ‘ਸੰਸਾਰੀਏ’ ਸਨ। (ਇਹ ਬੀ. ਸੀ. ਦੀ ਰਾਜਧਾਨੀ ਵਿਕਟੋਰੀਆ ਤੋਂ ‘ਸੰਸਾਰ’ ਅਖਬਾਰ ਕੱਢਦੇ ਰਹੇ ਸਨ)। ਕਈ ਕਾਰਨਾਂ ਕਰ ਕੇ ਇਨ੍ਹਾਂ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਦੇਸ਼ ਭਗਤਾਂ ਨਾਲ਼ ਬਹੁਤ ਜ਼ਿਆਦਾ ਵਿਗੜ ਗਈ ਸੀ। ਕਾਮਾਗਾਟਾ ਮਾਰੂ ਦਾ ਸਾਰਾ ਸੰਘਰਸ਼ ਖਾਲਸਾ ਦੀਵਾਨ ਸੁਸਾਇਟੀ ਵਾਲ਼ਿਆਂ ਦੀ ਅਗਵਾਈ ਥੱਲੇ ਲੜਿਆ ਗਿਆ ਸੀ।’ਸਾਹਿਲ ਕਮੇਟੀ’ (Shore Committee) ਵਿਚ ਸੰਸਾਰੀਆਂ ਦਾ ਇਕ ਵੀ ਮੈਂਬਰ ਨਹੀਂ ਸੀ ਲਿਆ ਗਿਆ। ਮਰਨ-ਮਰਾਉਣ ਤੱਕ ਗੱਲ ਪੁੱਜ ਗਈ ਸੀ। ਇਸ ਮੌਕੇ ਸੰਸਾਰੀਏ, ਕਰਤਾਰ ਸਿੰਘ ਹੁੰਦਲ (ਕੈਂਚੀ) ਤੇ ਡਾਕਟਰ ਸੁੰਦਰ ਸਿੰਘ ਆਦਿ ਡਰਦੇ ਮਾਰੇ ਬੀ. ਸੀ. ਛੱਡਕੇ ਟੋਰੰਟੋ ਜਾ ਵੜੇ ਸਨ। ਇਨ੍ਹਾਂ ਦੇ ਬਹੁਤ ਸਾਰੇ ਸਮਰਥਕ ਵੀ ਇਨ੍ਹਾਂ ਦੇ ਨਾਲ਼ ਹੀ ਟੋਰੰਟੋ ਵੱਲ ਚਲੇ ਗਏ ਸਨ। ਸੰਸਾਰੀਆਂ ਨੇ ਟੋਰੰਟੋ ਜਾ ਕੇ ਅੰਗਰੇਜ਼ੀ ਦਾ ਅਖਬਾਰ ‘ਕੈਨੇਡਾ ਐਂਡ ਇੰਡੀਆ’ (Canada & India) ਕੱਢਿਆ ਸੀ। ਇਸ ਅਖਬਾਰ ਦੇ ਮੱਥੇ ‘ਤੇ ਲਿਖਿਆ ਹੁੰਦਾ ਸੀ, ‘ਜਾਣਕਾਰੀ ਅਤੇ ਮੇਲ ਮਿਲਾਪ ਦਾ ਅਖਬਾਰ ਜੋ ਹਰ ਮਹੀਨੇ ਅੰਗਰੇਜ਼ੀ ਰਾਜ ਦੇ ਹਿਤਾਂ ਖਾਤਰ ਕੱਢਿਆ ਜਾਂਦਾ ਹੈ (A Journal of Information & Cociliation is Issued monthly in the intersts of the british empire)। ਇਸ ਦੇ ਉੱਲਟ ਦੇਸ਼ ਭਗਤਾਂ ਦੇ ਅਖਬਾਰ ‘ਗ਼ਦਰ’ ‘ਤੇ ਲਿਖਿਆ ਹੁੰਦਾ ਸੀ, ”ਅੰਗਰੇਜ਼ੀ ਰਾਜ ਦਾ ਜਾਨੀ ਦੁਸ਼ਮਣ।” ‘ਸਰਕਾਰ ਨਾਲ਼ ਬਣਾ ਕੇ ਰੱਖਣ’ ਦੀ ਪਾਲਿਸੀ ਅਧੀਨ ਸੰਸਾਰੀਆਂ ਨੇ ਆਪਣੇ ਨਾਲ਼ ਪੂਰਬੀ ਕਨੇਡਾ ਵੱਲ ਗਏ ਸਿੱਖਾਂ ਨੂੰ ਕਨੇਡੀਅਨ ਫੌਜ ਵਿਚ ਭਰਤੀ ਕਰਵਾਇਆ ਸੀ। ਬਹੁ-ਚਰਚਿਤ ਫੌਜੀ ਬੁੱਕਣ ਸਿੰਘ ਬੈਂਸ ਨੂੰ ਸੰਸਾਰੀਆਂ ਨੇ ਹੀ 1915 ਦੀ ਬਹਾਰ ਰੁੱਤੇ ਕਨੇਡੀਅਨ ਫੌਜ ਵਿਚ ਭਰਤੀ ਕਰਵਾਇਆ ਸੀ।
ਮਾਹਿਲਪੁਰ ਏਰੀਏ ਦਾ ਬੁੱਕਣ ਸਿੰਘ ਬੈਂਸ 14 ਸਾਲ ਦੀ ਉਮਰੇ 1907 ਵਿਚ ਕਨੇਡਾ ਦੇ ਸ਼ਹਿਰ ਵੈਨਕੂਵਰ ਆਇਆ ਸੀ। ਬੀ. ਸੀ. ਵਿਚ ਉਹ ਸੰਸਾਰੀਆਂ ਕੋਲ਼ ਹੀ ਰਿਹਾ ਸੀ (ਸੰਸਾਰੀਏ ਕਰਤਾਰ ਸਿੰਘ ਹੁੰਦਲ ਦੇ ਨਾਨਕੇ ਮਾਹਿਲਪੁਰ ਸਨ)। ਬੀ. ਸੀ. ਤੋਂ ਉਹ ਸੰਸਾਰੀਆਂ ਦੇ ਨਾਲ ਹੀ ਟੋਰੰਟੋ ਵੱਲ ਗਿਆ ਸੀ। ਉਹ ਟੋਰੰਟੋ ਦੇ ਚੜ੍ਹਦੇ ਪਾਸੇ ਪਿਕਰਿੰਗ ਨੇੜੇ ਰੋਜ਼ਬੈਂਕ ਵਿਚ ਸੰਸਾਰੀਆਂ ਦੇ ਨਾਲ਼ ਹੀ ਮਿਸਟਰ ਮੂਰ ਦੇ ਫਾਰਮ ‘ਤੇ ਕੰਮ ਕਰਦਾ ਰਿਹਾ ਸੀ। ਫੌਜ ਵਿਚ ਉਸ ਨੂੰ ਤਪਦਿਕ ਹੋ ਗਈ ਸੀ ਜਿਸ ਕਰਕੇ ਉਹ ਬਹੁਤ ਥੋੜ੍ਹਾ ਸਮਾਂ ਫੌਜ ਨਾਲ਼ ਰਿਹਾ ਸੀ। ਅਗਸਤ 1918 ਵਿਚ 24-25 ਸਾਲ ਦੀ ਉਮਰੇ ਕਿਚਨਰ ਨੇੜੇ ਮਿਲਟਰੀ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। 3
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪਈ ਦਾ ਵਰਿਆਮ ਸਿੰਘ (ਸਪੁੱਤਰ ਵਜ਼ੀਰ ਸਿੰਘ) ਇਕ ਹੋਰ ਸਿੱਖ ਸੀ ਜੋ ਅਪ੍ਰੈਲ 1915 ਵਿਚ ਟੋਰੰਟੋ ਵਿਚ ਸੀ. ਆਰ. ਐੱਫ. ਦੀ 38ਵੀਂ ਰਜਮੈਂਟ ਵਿਚ ਭਰਤੀ ਹੋਇਆ ਸੀ। ਉਹ ਬੀ.ਸੀ. ਤੋਂ ਟੋਰੰਟੋ ਵੱਲ ਸੰਸਾਰੀਆਂ ਦੇ ਨਾਲ਼ ਹੀ ਗਿਆ ਸੀ ਤੇ ਉਸ ਨੂੰ ਫੌਜ ਵਿਚ ਭਰਤੀ ਵੀ ਸੰਸਾਰੀਆਂ ਨੇ ਹੀ ਕਰਵਾਇਆ ਸੀ। ਮਾਰਚ 1918 ਵਿਚ ਉਸ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ (Re-Produce) ਗਦਰ ਡਰੈਕਟਰੀ (1934) ਦੇ ਪੰਨਾ 295 ਅਨੁਸਾਰ ਉਸਦਾ ਵੈਨਕੂਵਰ ਵਾਪਸ ਆਏ ਦਾ ਸਿਖ ਭਾਈਚਾਰੇ ਨੇ ਮੁਕੰਮਲ ਬਾਈਕਾਟ ਕਰ ਦਿੱਤਾ ਸੀ। ਕੋਈ ਮੂੰਹ ਨਹੀਂ ਸੀ ਲਾਉਂਦਾ ਉਸ ਨੂੰ। ਘਰ ਨਹੀਂ ਸੀ ਵੜਨ ਦਿੰਦਾ ਉਸ ਨੂੰ ਕੋਈ। ਭਾਈਚਾਰਾ ਨਰਾਜ਼ ਸੀ ਉਸ ਨਾਲ਼ ਉਸ ਦੇ ਕਨੇਡੀਅਨ ਫੌਜ ਵਿਚ ਭਰਤੀ ਹੋਣ ਕਰਕੇ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਨੇਡਾ ਦੇ ਭੋਲ਼ੇ-ਭਾਲ਼ੇ ਨੌਂਅ ਸਿੱਖਾਂ ਨੂੰ ਕਨੇਡੀਅਨ ਫੌਜ ਵਿਚ ਭਰਤੀ ਕਰਵਾਉਣ ਵਾਲ਼ੇ ‘ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ’ ਅਤੇ ਗਦਰ ਪਾਰਟੀ ਦੇ ਦੁਸ਼ਮਣ ਸਨ ਤੇ ਭਾਈਚਾਰਾ ਨਰਾਜ਼ ਸੀ ਭਰਤੀ ਹੋਣ ਵਾਲ਼ਿਆਂ ਨਾਲ਼।

