Sunday, May 10, 2026

ਪੋਲੀਵੀਅਰ ਦੀ ਘਟਦੀ ਲੋਕਪ੍ਰਿਅਤਾ, ਕੰਜ਼ਰਵੇਟਿਵ ਕੋਲ ਵੋਟਰ ਤਾਂ ਹੈ, ਪਰ ਨੇਤਾ ਨਹੀਂ ਪਸੰਦ : ਰਿਪੋਰਟ

 

ਚੋਣ ਹਾਰ ਤੋਂ ਬਾਅਦ ਵੀ ਰਵੱਈਆ ਅਟੱਲ, ਪੀ.ਅਰ. ਪੋਲੀਵੀਅਰ ਕਿਉਂ ਨਹੀਂ ਬਦਲਦੇ?
ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੈਡਰਲ ਰਾਜਨੀਤੀ ਵਿੱਚ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵੀਅਰ ਇੱਕ ਮੁਸ਼ਕਿਲ ਹਾਲਾਤ ਵਿੱਚ ਫਸੇ ਹੋਏ ਦਿਖ ਰਹੇ ਹਨ। ਪਾਰਟੀ ਅੰਦਰ ਉਹ ਬੇਹੱਦ ਲੋਕਪ੍ਰਿਯ ਹਨ, ਪਰ ਵੱਡੇ ਪੱਧਰ ‘ਤੇ ਕੈਨੇਡੀਅਨ ਵੋਟਰ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਨ। 2022 ਦੀ ਲੀਡਰਸ਼ਿਪ ਦੌੜ ਦੌਰਾਨ, ਪੋਲੀਏਵਰ ਨੂੰ ”ਸਪੱਧ, ਸਿੱਧਾ ਤੇ ਬਦਲਾਅ ਤੋਂ ਇਨਕਾਰ ਕਰਨ ਵਾਲਾ” ਦਿਖਾਉਣਾ ਇੱਕ ਮਜ਼ਬੂਤ ਗੁਣ ਸਮਝਿਆ ਜਾਂਦਾ ਸੀ। ਪਰ 2025 ਦੀ ਚੋਣ ਹਾਰ ਅਤੇ ਮਾਰਕ ਕਾਰਨੀ ਵੱਲੋਂ ਮਿਲੇ ਵੋਟਰ ਮੰਡੇਟ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਇਹ ਅੜੀਅਲ ਰਵੱਈਆ ਆਉਣ ਵਾਲੀ ਵਾਰ ਵੀ ਕੰਮ ਕਰ ਸਕੇਗਾ?
ਪੋਲੀਵੀਅਰ ਨੇ ਚੋਣ ਹਾਰ ਬਾਅਦ ਆਪਣੇ ਰਵੱਈਏ ਜਾਂ ਨੇਤ੍ਰਿਤਵ ਸ਼ੈਲੀ ‘ਤੇ ਕੋਈ ਵਿਚਾਰ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਰਿਪੋਰਟਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਤਰੀਕੇ ‘ਚ ਬਦਲਾਅ ਦੀ ਲੋੜ ਨਹੀਂ। ਇਹ ਗੱਲ ਉਹ ਸਮੇਂ ਆਖ ਰਹੇ ਹਨ ਜਦੋਂ ਇੱਕ ੰਫ ਲਿਬਰਲ ਪਾਰਟੀ ਵਿੱਚ ਚਲਾ ਗਿਆ ਅਤੇ ਦੂਜੇ ਨੇ ਅਚਾਨਕ ਰਿਟਾਇਰਮੈਂਟ ਲੈ ਲਈ।
ਪਾਰਟੀ ਦਾ ਪਿਆਰ ਪਰ ਬਾਹਰਲੇ ਵੋਟਰਾਂ ਦੀ ਨਿਰਾਸ਼ਾ
ਪੋਲੀਵੀਅਰ ਦੀ ਲੋਕਪ੍ਰਿਅਤਾ ਦਾ ਇੱਕ ਵੱਖਰਾ ਪੈਟਰਨ ਹੈ ਕੰਜ਼ਰਵੇਟਿਵ ਬੇਸ ਉਨ੍ਹਾਂ ਨੂੰ ਬੇਹੱਦ ਪਸੰਦ ਕਰਦਾ ਹੈ, ਪਰ ਬਾਕੀ ਕੈਨੇਡੀਅਨ ਉਨ੍ਹਾਂ ਦੀ ਸਖ਼ਤ ਛਵੀ ਨੂੰ ਕਬੂਲ ਨਹੀਂ ਕਰ ਰਹੇ। ਐਂਗਸ ਰੀਡ ਇੰਸਟੀਚਿਊਟ ਦੇ ਤਾਜ਼ਾ ਸਰਵੇਖਣ ਮੁਤਾਬਕ, 60% ਕੈਨੇਡੀਅਨਾਂ ਦਾ ਪੋਲੀਵੀਅਰ ਬਾਰੇ ਨਕਾਰਾਤਮਕ ਵਿਚਾਰ ਹੈ। ਉਨ੍ਹਾਂ ਦੀ ਨੈੱਟ ਫੇਵਰਬਿਲਟੀ ਮਾਇਨਸ 26 ‘ਤੇ ਪਹੁੰਚ ਗਈ ਉਨ੍ਹਾਂ ਦੇ ਲੀਡਰ ਬਣਨ ਤੋਂ ਬਾਅਦ ਸਭ ਤੋਂ ਖਰਾਬ ਅੰਕੜਾ।
ਇਹ ਸਥਿਤੀ ਉਸ ਵੇਲੇ ਹੋ ਰਹੀ ਹੈ ਜਦੋਂ ਕੰਜ਼ਰਵੇਟਿਵ ਪਾਰਟੀ ਨੂੰ 38-41% ਵੋਟ ਸ਼ੇਅਰ ਮਿਲਿਆ ਜੋ ਪਾਰਟੀ ਦੇ ਇਤਿਹਾਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਫਿਰ ਵੀ, ਇਹ ਲਿਬਰਲ ਪਾਰਟੀ ਦੇ ਨਵੇਂ ਚਿਹਰੇ ਮਾਰਕ ਕਾਰਨੀ ਅੱਗੇ ਕਾਫ਼ੀ ਨਹੀਂ ਸੀ।
ਪੋਲੀਵੀਅਰ ਦੀ ਖਿਸਕਦੀ ਸਮਰਥਨ ਬੇਸ
ਐਬੈਕਸ ਡੇਟਾ ਦੇ ਨਵੇਂ ਅੰਕੜਿਆਂ ਮੁਤਾਬਕ, ਪੋਲੀਵੀਅਰ ਦੀ ਦਿਖ 2024 ਨਾਲੋਂ ਕਾਫ਼ੀ ਘਟ ਚੁੱਕੀ ਹੈ।
2024 ਵਿੱਚ ਓਂਟਾਰਿਓ ਵਿੱਚ ਉਨ੍ਹਾਂ ਦੀ ਨੈੱਟ ਰੇਟਿੰਗ +7 ਸੀ; 2025 ਵਿੱਚ ਇਹ -4 ਹੋ ਗਈ।
2024 ਵਿੱਚ ਮਰਦ ਵੋਟਰਾਂ ਵਿਚ +8 ਦਾ ਫੇਵਰ ਸੀ; ਹੁਣ ਇਹ ਸਿਫ਼ਰ ‘ਤੇ ਆ ਗਿਆ ਹੈ।
ਨੀਚੇ ਤੇ ਮੱਧਮ ਆਮਦਨ ਵਾਲੇ ਸਮੂਹਾਂ ਵਿੱਚ ਉਨ੍ਹਾਂ ਦੀ ਪਸੰਦ ਹੋਰ ਵੀ ਘੱਟ ਗਈ ਹੈ।
ਇੱਕੋ ਸਮੂਹ ਜਿੱਥੇ ਉਹ ਹਾਲੇ ਵੀ ਥੋੜ੍ਹੇ ਲੋਕਪ੍ਰਿਯ ਹਨ ਉਹ ਹਨ $100,000 ਤੋਂ ਵੱਧ ਕਮਾਈ ਵਾਲੇ ਕੈਨੇਡੀਅਨ।
ਪੋਲੀਵੀਅਰ ਲਈ ਖਤਰਾ ਬਦਲਾਅ ਵਿੱਚ ਵੀ
ਅਤੇ ਨਾ ਬਦਲਣ ਵਿੱਚ ਵੀ
ਵਿਦਵਾਨ ਕਹਿੰਦੇ ਹਨ ਕਿ ਜੇ ਕੰਜ਼ਰਵੇਟਿਵ ਪਾਰਟੀ ਨੇ ਲੀਡਰ ਵਜੋਂ ਕੋਈ ਹੋਰ ਚਿਹਰਾ ਚੁਣਿਆ ਹੁੰਦਾ, ਤਾਂ ਉਹ ਸ਼ਾਇਦ ਪੋਲੀਵੀਅਰ ਜਿਹਾ ਵੋਟ ਸ਼ੇਅਰ ਵੀ ਨਾ ਲਿਆ ਸਕਦਾ। ਇਸ ਲਈ ਪਾਰਟੀ ਲਈ ਬਦਲਾਅ ਦਾ ਜੋਖ਼ਮ ਹੈ।
ਪਰ ਨਾ ਬਦਲਣ ਦਾ ਜੋਖ਼ਮ ਇਹ ਹੈ ਕਿ ਪਾਰਟੀ 40% ਸਮਰਥਨ ‘ਤੇ ਟਿਕੀ ਰਹਿ ਜਾਏਗੀ ਜੋ ਸਰਕਾਰ ਬਣਾਉਣ ਲਈ ਕਾਫ਼ੀ ਨਹੀਂ ਜਦੋਂ ਤੱਕ ਲਿਬਰਲ ਅਤੇ ਐਨ.ਡੀ.ਪੀ. ਵੱਡੇ ਤੌਰ ‘ਤੇ ਟੁੱਟੇ ਨਾ ਹੋਣ।
ਅੱਗੇ ਕਿਹੜਾ ਰਸਤਾ?
ਪੋਲੀਵੀਅਰ ਦਾ ਧਿਆਨ ਹੁਣ ਜਨਵਰੀ ਵਿੱਚ ਕੈਲਗਰੀ ਵਿੱਚ ਹੋਣ ਵਾਲੀ ਕੰਜ਼ਰਵੇਟਿਵ ਪਾਰਟੀ ਕਨਵੇਂਸ਼ਨ ਅਤੇ ਲੀਡਰਸ਼ਿਪ ਰਿਵਿਊ ‘ਤੇ ਹੈ। ਉਹ ਪਾਰਟੀ ਅੰਦਰ ਮਜ਼ਬੂਤ ਸਹਿਮਤੀ ਹਾਸਲ ਕਰਕੇ ਸਟੀਫ਼ਨ ਹਾਰਪਰ ਤੋਂ ਬਾਅਦ ਪਹਿਲੇ ਕੰਜ਼ਰਵੇਟਿਵ ਲੀਡਰ ਬਣਨਾ ਚਾਹੁੰਦੇ ਹਨ ਜਿਸਨੂੰ ਦੂਜਾ ਮੌਕਾ ਮਿਲੇ। ਪਰ ਬਾਹਰੀ ਵੋਟਰਾਂ ਵਿੱਚ ਬਣਦੀ ਨਕਾਰਾਤਮਕ ਛਵੀ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਜੇ ਉਹ ਰਣਨੀਤੀ ਨਹੀਂ ਬਦਲਦੇ, ਤਾਂ ਉਹ ਅਗਲੀ ਚੋਣ ਵਿੱਚ ਵੀ ਉਹੀ ਨਤੀਜਾ ਦੁਹਰਾ ਸਕਦੇ ਹਨ। This report was written by Divroop Kaur as part of the Local Journalism Initiative.

Popular