ਕੈਨੇਡੀਅਨ ਮਿਊਚੁਅਲ ਰਿਕਗਨਿਸ਼ਨ ਨਾਲ ਕਪੜੇ, ਖਿਡੌਣੇ, ਹੈਲਥ ਟੈਕ, ਵਾਹਨ ਆਦਿ ਲਈ ਆਸਾਨ ਹੋਵੇਗਾ ਕਾਰੋਬਾਰ : ਰਵੀ ਕਹਲੋਂ
ਸਰੀ, (ਦਿਵਰੂਪ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕਾਰੋਬਾਰ ਹੁਣ ਆਪਣੀ ਉਤਪਾਦਨਸ਼ੀਲਤਾ ਨੂੰ ਕੈਨੇਡਾ ਭਰ ਵਿੱਚ ਆਸਾਨੀ ਨਾਲ ਵਧਾ ਸਕਣਗੇ, ਕਿਉਂਕਿ ਸਾਰੇ ਪ੍ਰਾਂਤਾਂ, ਖੇਤਰਾਂ ਅਤੇ ਕੇਂਦਰੀ ਸਰਕਾਰ ਨੇ 17 ਨਵੰਬਰ 2025 ਨੂੰ ਇੱਕ ਇਤਿਹਾਸਕਕ ਵਪਾਰਕ ਸਮਝੌਤਾ ”ਕੈਨੇਡੀਅਨ ਮਿਊਚੁਅਲ ਰਿਕਗਨਿਸ਼ਨ” ‘ਤੇ ਦਸਤਖਤ ਕੀਤੇ ਹਨ। ਇਸ ਦਾ ਮਕਸਦ ਦੇਸ਼ ਵਿੱਚ ਵਪਾਰਕ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਕੈਨੇਡੀਅਨ ਬਣੇ ਸਮਾਨ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਹੈ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਨੇ ਇਸ ਸਮਝੌਤੇ ਦੀ ਵਡਿਆਈ ਕਰਦੇ ਹੋਏ ਕਿਹਾ ਕਿ ”ਜਦੋਂ ਕੈਨੇਡਾ ਦੀ ਆਰਥਿਕ ਸੁਰੱਖਿਆ ਨੂੰ ਖਤਰੇ ਆਉਂਦੇ ਹਨ, ਤਦੋਂ ਅਸੀਂ ਇੱਕ ਦੇਸ਼ ਵਜੋਂ ਇਕੱਠੇ ਹੋ ਕੇ ਸਭ ਤੋਂ ਵਧੀਆ ਕੰਮ ਕਰਦੇ ਹਾਂ। ਇਹ ਅਗਰੀਮੈਂਟ ਕਾਰੋਬਾਰਾਂ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਸਾਡੀ ਆਰਥਿਕਤਾ ਨੂੰ ਅਮਰੀਕਾ ‘ਤੇ ਨਿਰਭਰਤਾ ਤੋਂ ਬਚਾਉਣ ਵਿੱਚ ਮਦਦ ਕਰੇਗਾ।”
ਬੀ.ਸੀ. ਸਰਕਾਰ ਨੇ ਦੱਸਿਆ ਕਿ ਇਹ ਪਹਿਲ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਵਿਚ ਹੋਈ ਹੈ ਅਤੇ ਇਸ ‘ਚ ਖਾਦ ਪਦਾਰਥਾਂ ਤੋਂ ਇਲਾਵਾ ਹਜ਼ਾਰਾਂ ਉਤਪਾਦ ਸ਼ਾਮਲ ਹੋਣਗੇ। ਇਹ ਸਮਝੌਤਾ ਦਸੰਬਰ 2025 ਤੋਂ ਲਾਗੂ ਹੋਵੇਗਾ।
ਇਹ ਸਮਝੌਤਾ ਕੀ ਬਦਲੇਗਾ?
ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਸਮਾਨ ਬੀ.ਸੀ. ਵਿੱਚ ਕਾਨੂੰਨੀ ਤੌਰ ‘ਤੇ ਵਿਕ ਸਕਦਾ ਹੈ, ਤਾਂ ਉਸਨੂੰ ਕੈਨੇਡਾ ਦੇ ਕਿਸੇ ਹੋਰ ਪ੍ਰਾਂਤ ਜਾਂ ਖੇਤਰ ਵਿੱਚ ਵੇਚਣ ਲਈ ਵਾਧੂ ਟੈਸਟਿੰਗ, ਸਰਟੀਫਿਕੇਸ਼ਨ, ਜਾਂ ਹੋਰ ਮਾਨਤਾਵਾਂ ਦੀ ਲੋੜ ਨਹੀਂ ਹੋਵੇਗੀ।
ਇਹ ਸੁਧਾਰ ਹਜ਼ਾਰਾਂ ਉਤਪਾਦਾਂ ‘ਤੇ ਲਾਗੂ ਹੋਵੇਗਾ, ਜਿਵੇਂ : ਮੈਨੂਫੈਕਚਰਿੰਗ ਉਪਕਰਣ, ਹੈਲਥ ਟੈਕਨਾਲੋਜੀ, ਕੱਪੜੇ, ਖਿਡੌਣੇ, ਉਦਯੋਗਿਕ ਸਮਾਨ, ਟਾਇਰ, ਵਾਹਨ-ਗੱਡੀਆਂ ਆਦਿ। ਬੀ.ਸੀ. ਦੇ ਮਿਨਿਸਟਰ ਆਫ ਜੌਬਜ਼ ਐਂਡ ਇਕਨੌਮਿਕ ਗ੍ਰੋਥ ਰਵੀ ਕਹਲੋਂ ਨੇ ਕਿਹਾ ਕਿ ਇਹ ਸਮਝੌਤਾ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰੈੱਡ ਟੇਪ ਘਟਾਊ ਕਾਰਵਾਈ ਹੈ।
ਇਹ ਕਦਮ ਬੀ.ਸੀ. ਸਰਕਾਰ ਦੇ Economic Stabilization (Tariff Response) Act May 2025 ਅਤੇ ਲ਼ੋਕ West plan ਦੇ ਉਦੇਸ਼ਾਂ ਨੂੰ ਵੀ ਮਜ਼ਬੂਤ ਕਰਦਾ ਹੈ।

