ਲੇਖਕ : ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਸੰਪਰਕ : +91 98157 00916
ਆਮ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਰਫ਼ ”ਕਸ਼ਮੀਰੀ ਪੰਡਤਾਂ ਦੀ ਜਨੇਊ ਤੇ ਤਿਲਕ ਦੀ ਰੱਖਿਆ” ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਪਰ ਜਦੋਂ ਅਸੀਂ ਮੁਗਲ ਦਰਬਾਰ ਦੀਆਂ ਖ਼ੁਫ਼ੀਆ ਰਿਪੋਰਟਾਂ, ਫ਼ੌਜਦਾਰਾਂ ਦੇ ਰਿਕਾਰਡ, ਭੱਟ ਵਹੀਆਂ ਅਤੇ ਔਰੰਗਜ਼ੇਬ ਦੇ ਅਖ਼ਬਾਰਾਤ-ਏ-ਦਰਬਾਰ-ਏ-ਮੁਆੱਲਾ ਨੂੰ ਖੋਲ੍ਹ ਕੇ ਪੜ੍ਹਦੇ ਹਾਂ ਤਾਂ ਇਹ ਬਿਰਤਾਂਤ ਬਿਲਕੁਲ ਉਲਟ ਨਿਕਲਦਾ ਹੈ।
ਗੁਰੂ ਤੇਗ਼ ਬਹਾਦਰ ਜੀ ਨੂੰ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਨਹੀਂ ਕੀਤਾ ਗਿਆ ਸਿਰਫ਼ ਇਸ ਲਈ ਕਿ ਉਹ ਕਿਸੇ ਬ੍ਰਾਹਮਣ ਦੀ ਜਨੇਊ ਬਚਾਉਣ ਆਏ ਸਨ।
ਉਹ ਸ਼ਹੀਦ ਕੀਤੇ ਗਏ ਕਿਉਂਕਿ ਉਹ ਮੁਗਲ ਸਟੇਟ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੇ ਸਨ। ਉਹ ਲੋਕਾਂ ਅਰਥਾਤ ਮੁਗਲਾਂ ਤੋ ਸਤਾਏ ਕਿਰਤੀਆਂ,ਦਲਿਤਾਂ ,ਗੈਰ ਮੁਸਲਮਾਨਾਂ ਨੂੰ ਸੰਗਠਿਤ ਕਰ ਰਹੇ ਸਨ, ਸਸਤਰ-ਵਿੱਦਿਆ ਸਿਖਾ ਰਹੇ ਸਨ, ਭਾਰੀ ਮੁਗਲ ਟੈਕਸ ਅਦਾ ਕਰਨ ਤੋਂ ਇਨਕਾਰ ਕਰ ਰਹੇ ਸਨ, ਰਾਜ ਵਿਰੋਧੀ ਚੇਤਨਾ ਜਗਾ ਰਹੇ ਸਨ ਇਹ ਸਭ ਮਾਮਲੇ ਮੁਗਲ ਤੇ ਪੁਰਾਤਨ ਦਸਤਾਵੇਜ਼ਾਂ ਵਿੱਚ ਸਪੱਸ਼ਟ ਲਿਖੇ ਮਿਲਦੇ ਹਨ।
ਪਹਿਲੀ ਗ੍ਰਿਫ਼ਤਾਰੀ (8 ਨਵੰਬਰ 1665) ਧਮਧਾਣ (ਲਾਹੌਰ ਨੇੜੇ)
ਮੁਗਲ ਖ਼ੁਫ਼ੀਆ ਰਿਪੋਰਟਾਂ (ਮੁਲਤਾਨੀ ਸਿਆਹ) ਵਿੱਚ ਸਪੱਸ਼ਟ ਲਿਖਿਆ ਹੈ:
”ਤੇਗ ਬਹਾਦਰ ਇੱਕ ਵੱਡੀ ਫ਼ੌਜ ਤਿਆਰ ਕਰ ਰਿਹਾ ਹੈ। ਉਸ ਦੇ ਡੇਰੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ। ਸਸਤਰਾਂ ਦੀ ਤਾਲੀਮ ਦਿੱਤੀ ਜਾਂਦੀ ਹੈ।”
ਇਸੇ ਦੋਸ਼ ਦੀ ਪੁਸ਼ਟੀ ਸਿੱਖਾਂ ਦੀ ਸਭ ਤੋਂ ਪੁਰਾਣੀ ਲਿਖਤੀ ਵਹੀ ਭੱਟ ਵਹੀ ਮੁਲਤਾਨੀ ਸਿੰਧੀ ਅਤੇ ਭੱਟ ਵਹੀ ਤਲਵੰਡੀ ਸਾਬੋ ਵਿੱਚ ਵੀ ਮਿਲਦੀ ਹੈ:
”ਧਮਧਾਣ ਵਿੱਚ ਗੁਰੂ ਜੀ ਸਿੱਖਾਂ ਨੂੰ ਸਸਤਰ ਵਿਦਿਆ ਸਿਖਾ ਰਹੇ ਸਨ। ਮੁਗਲ ਫ਼ੌਜ ਆ ਗਈ ਅਤੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ।”
ਇਸ ਗ੍ਰਿਫ਼ਤਾਰੀ ਤੋਂ ਬਾਅਦ ਗੁਰੂ ਜੀ ਨੂੰ ਕਿਲ੍ਹਾ ਰੁਪਰ (ਜਿਸ ਨੂੰ ਬਾਅਦ ਵਿੱਚ ਗੁਰੂ ਕੇ ਮਹਿਲ ਕਿਹਾ ਗਿਆ) ਵਿੱਚ ਕੈਦ ਰੱਖਿਆ ਗਿਆ। ਇਹ 1665 ਦੀ ਘਟਨਾ ਹੈ ।
ਦੂਜੀ ਗ੍ਰਿਫ਼ਤਾਰੀ (ਅਪ੍ਰੈਲ 1670) ਢਾਕਾ ਤੋਂ ਲਿਆਂਦੇ ਗਏ
ਔਰੰਗਜ਼ੇਬ ਦੇ ਦਰਬਾਰੀ ਅਖ਼ਬਾਰਾਤ (ਸਭ ਤੋਂ ਅਸਲੀ ਸਰੋਤ) ਵਿੱਚ ਲਿਖਿਆ ਹੈ:
”ਤੇਗ ਬਹਾਦਰ ਪੂਰਬੀ ਸੂਬਿਆਂ ਵਿੱਚ ਘੁੰਮ ਰਿਹਾ ਹੈ। ਉਹ ਲੋਕਾਂ ਵਿੱਚ ਧਾਰਮਿਕ ਉਤਸ਼ਾਹ ਪੈਦਾ ਕਰ ਰਿਹਾ ਹੈ ਅਤੇ ਹਕੂਮਤ ਵਿਰੁੱਧ ਬੋਲਣ ਦੀ ਹਿੰਮਤ ਦੇ ਰਿਹਾ ਹੈ। ਉਸ ਦੇ ਜਥੇ ਨੇ ਅਸਾਮ, ਬੰਗਾਲ, ਬਿਹਾਰ ਤੱਕ ਆਪਣਾ ਪ੍ਰਭਾਵ ਫੈਲਾ ਲਿਆ ਹੈ।”
ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖ਼ਾਲਸਾ) ਲਿਖਦੇ ਹਨ:
”ਗੁਰੂ ਜੀ ਦਾ ਜਥਾ ਅਸਾਮ ਤੋਂ ਪਟਨਾ, ਬੰਗਾਲ ਤੱਕ ਫੈਲ ਗਿਆ ਸੀ। ਇਹ ਮੁਗਲਾਂ ਲਈ ਬਹੁਤ ਵੱਡਾ ਖ਼ਤਰਾ ਸੀ।”
ਤੀਜੀ ਤੇ ਆਖ਼ਰੀ ਗ੍ਰਿਫ਼ਤਾਰੀ (ਜੁਲਾਈ 1675) ਆਨੰਦਪੁਰ ਨੇੜੇ ਮਲਿਕਪੁਰ ਰੰਘੜਾਂ
ਇਸ ਵਾਰ ਦੋਸ਼ ਸੀ:
ਲੋਕਾਂ ਨੂੰ ਮੁਗਲ ਹਕੂਮਤ ਵਿਰੁੱਧ ਇਕੱਠਾ ਕਰਨਾ
ਕਰ (ਟੈਕਸ) ਪਾਸ ਨਾ ਦਿਖਾਉਣਾ, ਬਿਨਾਂ ਪਰਵਾਨਗੀ ਦੇ ਸ਼ਹਿਰਾਂ ਵਿੱਚ ਠਹਿਰਨਾ ਮੁਗਲ ਸਟੇਟ ਦੇ ਸਤਾਏ ਹਿੰਦੂ ਭਾਈਚਾਰੇ ਵਿੱਚ ਧਾਰਮਿਕ ਉਤਸ਼ਾਹ ਪੈਦਾ ਕਰਨਾ ਅਤੇ ਰਾਜ ਵਿਰੋਧੀ ਚੇਤਨਾ ਜਗਾਉਣਾ
ਔਰੰਗਜ਼ੇਬ ਦੇ ਅਖ਼ਬਾਰਾਤ ਵਿੱਚ ਸਪੱਸ਼ਟ ਲਿਖਿਆ ਹੈ:
”ਹਿੰਦੂਆਂ ਨੂੰ ਹਕੂਮਤ ਵਿਰੁੱਧ ਇਕਮੁੱਠ ਕੀਤਾ ਜਾ ਰਿਹਾ ਹੈ। ਇਹ ਬੰਦਾ ਰਾਜ ਦੇ ਲਈ ਖ਼ਤਰਨਾਕ ਹੈ।”
ਇਸ ਤੋਂ ਬਾਅਦ ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ 24 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ। ਤਾਂ ਕਸ਼ਮੀਰੀ ਪੰਡਤਾਂ ਦੀ ਗੱਲ ਕਿੱਥੋਂ ਆਈ?
ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਬੇਸ਼ੱਕ ਸੱਚੀ ਸੀ ਅਤੇ ਉਹ ਗੁਰੂ ਜੀ ਕੋਲ ਮਦਦ ਮੰਗਣ ਆਏ ਸਨ। ਪਰ ਉਹ ਸ਼ਹਾਦਤ ਦਾ ਮੁੱਖ ਕਾਰਨ ਨਹੀਂ ਸਨ। ਉਹ ਆਖ਼ਰੀ ਬਹਾਨਾ ਸਨ। ਮੁਗਲ ਸਲਤਨਤ ਤਾਂ ਪਹਿਲਾਂ ਹੀ 10 ਸਾਲ ਤੋਂ ਗੁਰੂ ਜੀ ਨੂੰ ਖ਼ਤਰਾ ਮੰਨ ਰਹੀ ਸੀ।
ਗੁਰੂ ਤੇਗ਼ ਬਹਾਦਰ ਜੀ ਸਿਰਫ਼ ਧਾਰਮਿਕ ਆਗੂ ਨਹੀਂ ਸਨ ਸਗੋਂ
ਉਹ ਇੱਕੋ ਇਕ ਰਾਜਨੀਤਿਕ ਬਾਗ਼ੀ ਸਨ ਜਿਨ੍ਹਾਂ ਨੇ ਮਰਹਟਿਆਂ-ਰਾਜਪੂਤਾਂ ਦੇ ਗੋਡੇ ਟੇਕਣ ਦੇ ਸਮੇਂ ਵੀ ਮੁਗਲ ਸਾਮਰਾਜ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਸੀ।ਸਤਿਗੁਰੂ ਲੋਕਾਂ ਨੂੰ ਸੰਗਠਿਤ ਕਰ ਰਹੇ ਸਨ, ਸਸਤਰ-ਵਿੱਦਿਆ ਸਿਖਾ ਰਹੇ ਸਨ, ਟੈਕਸ ਨਹੀਂ ਸੀ ਦੇ ਰਹੇ, ਰਾਜ ਵਿਰੋਧੀ ਚੇਤਨਾ ਜਗਾ ਰਹੇ ਸਨ।ਇਸ ਲਈ ਮੁਗਲ ਸਟੇਟ ਨੇ ਉਨ੍ਹਾਂ ਨੂੰ ਸਟੇਟ ਸੁਰੱਖਿਆ ਲਈ ਖ਼ਤਰਾ ਮੰਨ ਕੇ ਸ਼ਹੀਦ ਕੀਤਾ।
ਜਨੇਊ ਤੇ ਤਿਲਕ ਦੀ ਰੱਖਿਆ ਗੱਲ ਦਾ ਹਿੱਸਾ ਜ਼ਰੂਰ ਸੀ, ਪਰ ਪੂਰੀ ਤਸਵੀਰ ਨਹੀਂ।ਅਸਲ ਸ਼ਹਾਦਤ ਸੀ ਹਲੇਮੀ ਰਾਜ, ਬੇਗਮਪੁਰਾ ਅਤੇ ਸਰਬੱਤ ਦਾ ਭਲਾ ਵਾਲੇ ਸੁਪਨੇ ਦੀ ,ਅਜਾਦੀ ਦੀ।
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ … My strength has been restored, and my bonds have been broken; now, I can do everything.
ਅਸਲ ਸ਼ਹਾਦਤ ਸੀ ਜ਼ੁਲਮ ਦੇ ਸਾਹਮਣੇ ਖੜ੍ਹੇ ਹੋਣ ਦੀ।
ਜਦੋਂ ਸਾਰਾ ਹਿੰਦੁਸਤਾਨ ਚੁੱਪ ਸੀ, ਤਦ ਗੁਰੂ ਤੇਗ਼ ਬਹਾਦਰ ਜੀ ਮੁਗਲ ਹਕੂਮਤ ਵਿਰੂਧ ਗਜੇ ਸਨ।
ਧਰਮ ਹੇਤ ਸਾਕਾ ਜਿਨਿ ਕੀਆ। ਸੀਸ ਦੀਆ ਪਰ ਸਿਰਰੁ ਨ ਦੀਆ॥

