ਸਰੀ, (ਪਰਮਜੀਤ ਸਿੰਘ): ਹੋਂਗ ਕੋਂਗ ਵਿੱਚ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਨੇ ਤਬਾਹੀ ਮਚਾ ਦਿੱਤੀ ਹੈ। ਬੁੱਧਵਾਰ ਦੁਪਹਿਰ ਨੂੰ ਭੜਕੀ ਇਸ ਅੱਗ ਨੇ ਰਾਤ ਭਰ ਰਿਹਾਇਸ਼ੀ ਇਮਾਰਤਾਂ ਨੂੰ ਆਪਣੀ ਲਪੇਟ ‘ਚ ਲਿਆ ਰੱਖਿਆ, ਜਿਸ ਕਾਰਨ ਹੁਣ ਤੱਕ ਘੱਟੋ ਘੱਟ 75 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 250 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਵੀਰਵਾਰ ਸਵੇਰ ਤੱਕ ਬਚਾਅ ਟੀਮਾਂ ਉੱਚੀਆਂ ਇਮਾਰਤਾਂ ਵਿੱਚੋਂ ਲੋਕਾਂ ਨੂੰ ਅੱਗ ਅਤੇ ਧੂੰਏਂ ਵਿਚੋਂ ਬਾਹਰ ਕੱਢਦੀਆਂ ਰਹੀਆਂ। ਪੁਲਿਸ ਅਨੁਸਾਰ ਇਹ ਅੱਗ ਤਾਈ ਪੋ ਜ਼ਿਲ੍ਹੇ ਦੇ ਇੱਕ ਰਹਾਇਸ਼ੀ ਕੰਪਲੈਕਸ ਵਿੱਚ ਸ਼ੁਰੂ ਹੋਈ ਸੀ, ਜੋ ਨਿਊ ਟੈਰੀਟਰੀਜ਼ ਖੇਤਰ ਦਾ ਉਪਨਗਰ ਮੰਨਿਆ ਜਾਂਦਾ ਹੈ। ਅੱਗ ਵਾਂਗ ਫੁਕ ਕੋਰਟ ਨਾਮਕ ਰਹਾਇਸ਼ੀ ਪ੍ਰਾਜੈਕਟ ਦੇ 8 ਵਿੱਚੋਂ 7 ਟਾਵਰਾਂ ਤੱਕ ਫੈਲ ਗਈ। ਖਿੜਕੀਆਂ ‘ਚੋਂ ਅੱਗ ਦੀਆਂ ਤੇਜ਼ ਲਪਟਾਂ ਤੇ ਕਾਲਾ ਧੂੰਆ ਅਸਮਾਨ ਵੱਲ ਉੱਠਦਾ ਦਿਖਾਈ ਦਿੱਤਾ।
ਸਰਕਾਰੀ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚੋਂ 40 ਲੋਕਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਘੱਟੋ ਘੱਟ 76 ਹੋਰ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ ਕਈ ਅੱਗ ਸੜਨ ਅਤੇ ਧੂੰਏਂ ਦੇ ਪ੍ਰਭਾਵ ਕਾਰਨ ਗੰਭੀਰ ਹਾਲਤ ‘ਚ ਹਨ।
ਪ੍ਰਸ਼ਾਸਨ ਦੇ ਮਾਹਿਰਾਂ ਨੂੰ ਸ਼ੱਕ ਹੈ ਕਿ ਇਮਾਰਤਾਂ ਦੀਆਂ ਬਾਹਰੀ ਕੰਧਾਂ ‘ਤੇ ਵਰਤੀ ਸਮੱਗਰੀ ਅੱਗ-ਰੋਕਥਾਮ ਮਿਆਰਾਂ ‘ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ। ਪੁਲਿਸ ਨੇ ਇਹ ਵੀ ਦੱਸਿਆ ਕਿ ਇੱਕ ਅਣਛੁਈ ਰਹੀ ਇਮਾਰਤ ਦੀ ਹਰ ਮੰਜ਼ਿਲ ‘ਤੇ ਲਿਫਟ ਲੌਬੀ ਨੇੜੇ ਪਾਲੀਸਟਾਇਰੀਨ ਜਿਹੀ ਅਤੀ ਜਲਨਸ਼ੀਲ ਸਮੱਗਰੀ ਮਿਲੀ ਹੈ, ਜੋ ਸੰਭਵ ਤੌਰ ‘ਤੇ ਇੱਕ ਨਿਰਮਾਣ ਕੰਪਨੀ ਵੱਲੋਂ ਲਗਾਈ ਗਈ ਸੀ।
ਇਸ ਮਾਮਲੇ ‘ਚ ਪੁਲਿਸ ਨੇ ਘੋਰ ਲਾਪਰਵਾਹੀ ਦੇ ਦੋਸ਼ ਹੇਠ 3 ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 52 ਤੋਂ 68 ਸਾਲ ਦਰਮਿਆਨ ਦੱਸੀ ਗਈ ਹੈ। ਇਹ ਤਿੰਨੇ ਨਿਰਮਾਣ ਕੰਪਨੀ ਦੇ ਡਾਇਰੈਕਟਰ ਅਤੇ ਇੱਕ ਇੰਜੀਨੀਅਰਿੰਗ ਸਲਾਹਕਾਰ ਹਨ। ਸੀਨੀਅਰ ਪੁਲਿਸ ਅਧਿਕਾਰੀ ਆਈਲੀਨ ਚੁੰਗ ਨੇ ਕਿਹਾ ਕਿ ਸਬੂਤ ਦਰਸਾਉਂਦੇ ਹਨ ਕਿ ਨਿਰਮਾਣ ਕੰਪਨੀ ਦੇ ਜ਼ਿੰਮੇਵਾਰ ਲੋਕਾਂ ਵੱਲੋਂ ਗੰਭੀਰ ਲਾਪਰਵਾਹੀ ਕੀਤੀ ਗਈ।
ਫ਼ਾਇਰ ਸਰਵਿਸਿਜ਼ ਵਿਭਾਗ ਨੇ ਦੱਸਿਆ ਕਿ ਵੀਰਵਾਰ ਸਵੇਰ ਤੱਕ 4 ਇਮਾਰਤਾਂ ਵਿੱਚ ਅੱਗ ”ਕੰਟਰੋਲ ਅਧੀਨ ਆ ਰਹੀ ਸੀ”, ਪਰ ਉੱਚ ਤਾਪਮਾਨ ਅਤੇ ਤੇਜ਼ ਹਵਾਵਾਂ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਿਲ ਹੋ ਗਏ। ਅੱਗ ਪਹਿਲਾਂ ਇੱਕ 32 ਮੰਜਲਿਾ ਟਾਵਰ ਦੀ ਬਾਹਰੀ ਸਕੈਫੋਲਡਿੰਗ ‘ਚ ਲੱਗੀ ਅਤੇ ਫਿਰ ਅੰਦਰਲੇ ਹਿੱਸੇ ਰਾਹੀਂ ਨੇੜਲੀਆਂ ਇਮਾਰਤਾਂ ਤੱਕ ਫੈਲ ਗਈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਹਾਦਸੇ ‘ਚ ਮਾਰੇ ਗਏ ਇੱਕ ਫ਼ਾਇਰ ਫਾਈਟਰ ਲਈ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ। ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਮੁਤਾਬਕ, ਉਨ੍ਹਾਂ ਨੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹੋਂਗ ਕੋਂਗ ਦੇ ਮੁਖ਼ ਕਾਰਜਕਾਰੀ ਜੌਨ ਲੀ ਨੇ ਦੱਸਿਆ ਕਿ ਸਰਕਾਰ ਇਸ ਆਫ਼ਤ ਨੂੰ ਪਹਿਲ ਦੇ ਅਧਾਰ ‘ਤੇ ਸੰਭਾਲੇਗੀ ਅਤੇ 7 ਦਸੰਬਰ ਨੂੰ ਹੋਣ ਵਾਲੀਆਂ ਲੈਜਿਸਲੇਟਿਵ ਕੌਂਸਲ ਚੋਣਾਂ ਨਾਲ ਜੁੜੀਆਂ ਸਰਵਜਨਿਕ ਸਰਗਰਮੀਆਂ ਰੋਕ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਚੋਣਾਂ ਮੁਲਤਵੀ ਹੋਣਗੀਆਂ ਜਾਂ ਨਹੀਂ, ਪਰ ਕਿਹਾ ਕਿ ਫ਼ੈਸਲਾ ਕੁਝ ਦਿਨਾਂ ‘ਚ ਲਿਆ ਜਾਵੇਗਾ। ਇਹ ਰਹਾਇਸ਼ੀ ਕੰਪਲੈਕਸ 1980 ਦੇ ਦਹਾਕੇ ‘ਚ ਬਣਿਆ ਸੀ, ਜਿਸ ‘ਚ ਲਗਭਗ 2,000 ਫਲੈਟ ਹਨ ਅਤੇ ਕਰੀਬ 4,800 ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵ੍ਰਿੱਧ ਲੋਕਾਂ ਦੀ ਵੀ ਦੱਸੀ ਜਾ ਰਹੀ ਹੈ। ਇੱਥੇ ਹਾਲ ਹੀ ‘ਚ ਵੱਡੇ ਪੱਧਰ ‘ਤੇ ਮਰੰਮਤ ਦਾ ਕੰਮ ਚੱਲ ਰਿਹਾ ਸੀ। ਲਗਭਗ 900 ਲੋਕਾਂ ਨੂੰ ਅਸਥਾਈ ਸ਼ਰਨਾਲਿਆਂ ‘ਚ ਭੇਜਿਆ ਗਿਆ ਹੈ।

