Tuesday, May 12, 2026

ਅਲਬਰਟਾ ਨਾਲ ਸਮਝੌਤਾ, ਪਰ ਲਿਬਰਲਾਂ ਨੇ ਪਾਈਪਲਾਈਨ ਨਾ ਬਣਾਉਣ ‘ਤੇ ਜਤਾਈ ਸਹਿਮਤੀ

 

ਸਰੀ, (ਦਿਵਰੂਪ ਕੌਰ): ਕੈਨੇਡੀਅਨ ਪਛਾਣ ਅਤੇ ਸਭਿਆਚਾਰ ਮੰਤਰੀ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿੱਲਬੋਲਟ ਆਉਣ ਵਾਲੇ ਔਟਾਵਾ-ਅਲਬਰਟਾ ਪਾਈਪਲਾਈਨ ਸਮਝੌਤੇ ਨੂੰ ਲੈ ਕੇ ਮਾਰਕ ਕਾਰਨੀ ਦੀ ਕੈਬਨਿਟ ਤੋਂ ਅਸਤੀਫ਼ਾ ਨਹੀਂ ਦੇਣਗੇ। ਇਹ ਜਾਣਕਾਰੀ ਇੱਕ ਸੀਨੀਅਰ ਸਰਕਾਰੀ ਸਰੋਤ ਨੇ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਗਿੱਲਬੋਲਟ ਨਵੀਂ ਤੇਲ ਪਾਈਪਲਾਈਨ ਦੇ ਮਸਲੇ ‘ਤੇ ਨਾਰਾਜ਼ ਹਨ ਅਤੇ ਉਹ ਕੈਬਨਿਟ ਛੱਡ ਸਕਦੇ ਹਨ।
ਸਰਕਾਰੀ ਸਰੋਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਗਿੱਲਬੋਲਟ ਅਤੇ ਪ੍ਰਧਾਨ ਮੰਤਰੀ ਕਾਰਨੀ ਵਿਚਾਲੇ ਇਸ ਪਾਈਪਲਾਈਨ ਸਮਝੌਤਾ ਬਾਰੇ ”ਇਮਾਨਦਾਰ ਅਤੇ ਖੁੱਲ੍ਹੀ ਗੱਲਬਾਤ” ਹੋਈ ਹੈ। ਇਹ ਸਮਝੌਤਾ ਉਸ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਨਾਲ ਸਬੰਧਿਤ ਹੈ, ਜਿਸ ਰਾਹੀਂ ਇਹ ਤੈਅ ਕੀਤਾ ਜਾਵੇਗਾ ਕਿ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਉੱਤਰਓਪੱਛਮੀ ਤਟ ਤੱਕ ਨਵੀਂ ਤੇਲ ਪਾਈਪਲਾਈਨ ਕਿਸ ਹਾਲਾਤਾਂ ਵਿੱਚ ਬਣ ਸਕੇਗੀ।
ਗਿੱਲਬੋਲਟ ਨੂੰ ਲਿਬਰਲ ਕਾਕਸ ਦੇ ਅੰਦਰ ਵਾਤਾਵਰਣ ਸੰਰੱਖਣ ਨਾਲ ਜੁੜੇ ਸਭ ਤੋਂ ਵੱਡੇ ਸਿਆਸੀ ਚਿਹਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਆਪਣੇ ਸੂਬੇ ਕਿਊਬੈਕ ਵਿੱਚ ਵੀ ਲਿਬਰਲ ਪਾਰਟੀ ਲਈ ਇੱਕ ਵੱਡੀ ਸਿਆਸੀ ਤਾਕਤ ਹਨ। ਪਿਛਲੀ ਸਰਕਾਰ ਦੌਰਾਨ ਉਹ ਗ੍ਰਾਹਕ ਕਾਰਬਨ ਟੈਕਸ ਦੇ ਮਜ਼ਬੂਤ ਹਾਮੀ ਰਹੇ ਸਨ, ਜਿਸ ਨੀਤੀ ਨੂੰ ਕਦੇ ਜਸਟਿਨ ਟਰੂਡੋ ਦੀ ਸਰਕਾਰ ਨੇ ਲਾਗੂ ਕੀਤਾ ਸੀ।
ਭਾਵੇਂ ਕਾਰਨੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣਾ ਪਹਿਲਾ ਵੱਡਾ ਫੈਸਲਾ ਗ੍ਰਾਹਕ ਕਾਰਬਨ ਟੈਕਸ ਖਤਮ ਕਰਨ ਦੇ ਰੂਪ ਵਿੱਚ ਕੀਤਾ, ਫਿਰ ਵੀ ਗਿੱਲਬੋਲਟ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਉਹ ਨਾ ਸਿਰਫ਼ ਮੁੜ ਚੋਣ ਲੜਨ ਲਈ ਤਿਆਰ ਹੋਏ, ਸਗੋਂ ਲਿਬਰਲ ਲੀਡਰਸ਼ਿਪ ਦੌੜ ਵਿੱਚ ਕਾਰਨੀ ਦਾ ਖੁੱਲ੍ਹ ਕੇ ਸਮਰਥਨ ਵੀ ਕੀਤਾ। ਗਿੱਲਬੋਲਟ ਪਹਿਲਾਂ ਗ੍ਰੀਨਪੀਸ ਨਾਲ ਵੀ ਜੁੜੇ ਰਹਿ ਚੁੱਕੇ ਹਨ ਅਤੇ ਵਾਤਾਵਰਣ ਮਸਲਿਆਂ ‘ਤੇ ਉਨ੍ਹਾਂ ਦੀ ਪਕੜ ਮਜ਼ਬੂਤ ਮੰਨੀ ਜਾਂਦੀ ਹੈ।
ਇਸ ਕਾਰਨ ਗਿੱਲਬੋਲਟ ਦਾ ਕੈਬਨਿਟ ਵਿੱਚ ਬਣੇ ਰਹਿਣਾ ਕਾਰਨੀ ਲਈ ਇੱਕ ਵੱਡੀ ਸਿਆਸੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਲਿਬਰਲ ਪਾਰਟੀ ਦੇ ਸਾਰੇ ਨੇਤਾ ਇਸ ਪਾਈਪਲਾਈਨ ਸਮਝੌਤੇ ਨੂੰ ਲੈ ਕੇ ਖੁਸ਼ ਨਹੀਂ ਹਨ। ਗਲੋਬਲ ਨਿਊਜ਼ ਨਾਲ ਗੱਲ ਕਰਨ ਵਾਲੇ ਕਈ ਸੀਨੀਅਰ ਲਿਬਰਲ ਆਗੂਆਂ ਦਾ ਕਹਿਣਾ ਹੈ ਕਿ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਹੋਣ ਦੇ ਬਾਵਜੂਦ ਵੀ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤਟ ਤੱਕ ਪਾਈਪਲਾਈਨ ਬਣਨਾ ਬਹੁਤ ਔਖਾ ਹੈ।
ਇਨ੍ਹਾਂ ਆਗੂਆਂ ਦੇ ਅਨੁਸਾਰ ਸਭ ਤੋਂ ਵੱਡੀ ਰੁਕਾਵਟ ਕਿਸੇ ਨਿੱਜੀ ਨਿਵੇਸ਼ਕ ਨੂੰ ਲੱਭਣਾ ਹੈ ਜੋ ਇਸ ਪ੍ਰਾਜੈਕਟ ਲਈ ਤਿਆਰ ਹੋਵੇ। ਦੂਜੀ ਵੱਡੀ ਚੁਣੌਤੀ ਬ੍ਰਿਟਿਸ਼ ਕੋਲੰਬੀਆ ਦੀਆਂ ਫਸਟ ਨੇਸ਼ਨਜ਼ ਦਾ ਪੂਰਾ ਸਮਰਥਨ ਹਾਸਲ ਕਰਨਾ ਹੈ। ਲਿਬਰਲ ਸਰੋਤਾਂ ਦਾ ਮੱਤ ਹੈ ਕਿ ਇਨ੍ਹਾਂ ਦੋਵੇਂ ਪੱਖਾਂ ਬਿਨਾਂ ਪਾਈਪਲਾਈਨ ਅੱਗੇ ਵਧ ਹੀ ਨਹੀਂ ਸਕਦੀ। ਹਾਲ ਹੀ ਵਿੱਚ ਜਦੋਂ ਮੀਡੀਆ ਅਧਿਕਾਰੀਆਂ ਵਲੋਂ ਪ੍ਰਧਾਨ ਮੰਤਰੀ ਕਾਰਨੀ ਤੋਂ ਅਲਬਰਟਾ ਨਾਲ ਚੱਲ ਰਹੀਆਂ ਪਾਈਪਲਾਈਨ ਗੱਲਬਾਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ”ਅਸੀਂ ਦੇਸ਼ ਨੂੰ ਮਜ਼ਬੂਤ ਕਰਨ ਵਾਲੇ ਵੱਡੇ ਨੈਸ਼ਨਓਬਿਲਡਿੰਗ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰ ਰਹੇ ਹਾਂ। ਇਹ ਪ੍ਰਾਜੈਕਟ ਕੈਨੇਡਾ ਨੂੰ ਅਮਰੀਕਾ ਤੋਂ ਹੋਰ ਖੁਦਮੁਖ਼ਤਿਆਰ ਬਣਾਉਂਦੇ ਹਨ ਅਤੇ ਇਹ ਸਾਰੇ ਪ੍ਰਾਜੈਕਟ ਅਜਿਹੇ ਢੰਗ ਨਾਲ ਕੀਤੇ ਜਾ ਰਹੇ ਹਨ ਜੋ ਆਦਿਵਾਸੀ ਲੋਕਾਂ ਦੇ ਪੂਰੇ ਸਮਰਥਨ ਅਤੇ ਸਾਡੇ ਮੌਸਮੀ ਲਕਸ਼ਾਂ ਦੇ ਅਨੁਕੂਲ ਹਨ।”
ਕਾਰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਪ੍ਰਾਜੈਕਟ ਤਦ ਤੱਕ ਅੱਗੇ ਨਹੀਂ ਵਧੇਗਾ ਜਦ ਤੱਕ ਉਸਨੂੰ ਆਦਿਵਾਸੀ ਭਾਈਚਾਰਿਆਂ ਦੀ ਸਹਿਮਤੀ ਅਤੇ ਵਾਤਾਵਰਣੀ ਮਾਪਦੰਡਾਂ ਦੀ ਪੂਰੀ ਪਾਲਣਾ ਨਾ ਹੋਵੇ।
ਹੁਣ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀਰਵਾਰ ਨੂੰ ਕੈਲਗਰੀ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮਿਲ ਕੇ ਇਸ ਪਾਈਪਲਾਈਨ ਸਮਝੌਤੇ ਦੀਆਂ ਸ਼ਰਤਾਂ ਦਾ ਅਧਿਕਾਰਿਕ ਐਲਾਨ ਕਰਨਗੇ। ਇਸ ਐਲਾਨ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਤੇਲ ਪਾਈਪਲਾਈਨ ਦਾ ਭਵਿੱਖ ਅਸਲ ਵਿੱਚ ਕਿੱਥੇ ਜਾ ਖੜਾ ਹੁੰਦਾ ਹੈ।
ਲਿਬਰਲ ਪਾਰਟੀ ਦੇ ਅੰਦਰ ਇਹ ਮਸਲਾ ਅਜੇ ਵੀ ਸਿਆਸੀ ਗਰਮੀ ਪੈਦਾ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ‘ਤੇ ਹੋਰ ਤੀਖੀ ਬਹਿਸ ਹੋਣ ਦੇ ਆਸਾਰ ਬਣੇ ਹੋਏ ਹਨ। This report was written by Divroop Kaur as part of the Local Journalism Initiative.

Popular