Wednesday, April 15, 2026

CRA ਦੀ ਸਖ਼ਤ ਚੇਤਾਵਨੀ: ਗਲਤ ਤਰੀਕੇ ਨਾਲ ਲਏ ਕੋਵਿਡ ਫੰਡ ਵਾਪਸ ਨਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ

1.4 ਮਿਲੀਅਨ ਲੋਕਾਂ ਨੇ ਹੁਣ ਤੱਕ ਮੋੜੇ 3.3 ਬਿਲੀਅਨ ਡਾਲਰ, 10 ਬਿਲੀਅਨ ਡਾਲਰ ਤੋਂ ਵੱਧ ਦੀ ਵਸੂਲੀ ਅਜੇ ਵੀ ਬਾਕੀ
ਸਰੀ, (ਦਿਵਰੂਪ ਕੌਰ): ਕੈਨੇਡਾ ਰੈਵੇਨਿਊ ਏਜੰਸੀ (CRA) ਨੇ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਵੰਡੇ ਗਏ ਲਾਭਾਂ ਵਿੱਚੋਂ ਸਰਕਾਰ ਨੇ ਅਜੇ ਵੀ 10.35 ਬਿਲੀਅਨ ਡਾਲਰ ਦੀ ਵੱਡੀ ਰਕਮ ਵਾਪਸ ਲੈਣੀ ਹੈ। ਏਜੰਸੀ ਦੀ ਬੁਲਾਰਾ ਨੀਨਾ ਆਇਓਸੁਪੋਵਾ ਨੇ ਤਾਜ਼ਾ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 30 ਨਵੰਬਰ ਤੱਕ ਕੈਨੇਡੀਅਨ ਨਾਗਰਿਕਾਂ ਨੂੰ ਕੁੱਲ 83.5 ਬਿਲੀਅਨ ਡਾਲਰ ਦੇ ਕੋਵਿਡ ਲਾਭ ਦਿੱਤੇ ਗਏ ਸਨ, ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ‘ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ’ (CERB) ਦਾ ਸੀ, ਜਿਸ ਰਾਹੀਂ 45.3 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਹਾਮਾਰੀ ਦੌਰਾਨ ਦਿੱਤੀ ਗਈ ਵਿੱਤੀ ਸਹਾਇਤਾ ਦੀ ਵਸੂਲੀ ਕਰਨਾ ਹੁਣ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਬਕਾਇਆ ਰਕਮ ਉਨ੍ਹਾਂ ਮਾਮਲਿਆਂ ਨਾਲ ਸਬੰਧਤ ਹੈ ਜਿੱਥੇ ਲੋਕਾਂ ਨੂੰ ਲੋੜ ਤੋਂ ਵੱਧ ਭੁਗਤਾਨ ਕਰ ਦਿੱਤਾ ਗਿਆ ਸੀ ਜਾਂ ਫਿਰ ਉਨ੍ਹਾਂ ਵਿਅਕਤੀਆਂ ਨੇ ਇਹ ਲਾਭ ਪ੍ਰਾਪਤ ਕੀਤੇ ਸਨ ਜੋ ਨਿਯਮਾਂ ਅਨੁਸਾਰ ਇਸ ਦੇ ਯੋਗ ਨਹੀਂ ਸਨ। ਇਸ ਵਿੱਤੀ ਗੜਬੜੀ ਨੂੰ ਸੁਧਾਰਨ ਲਈ ਸੀ.ਆਰ.ਏ. ਨੇ ਸਾਲ 2023 ਤੋਂ ਹੀ ਉਨ੍ਹਾਂ ਵਿਅਕਤੀਆਂ ਨੂੰ ਰਿਕਵਰੀ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਸਿਰ ਕੋਵਿਡ ਲਾਭਾਂ ਨਾਲ ਸਬੰਧਤ ਕਰਜ਼ਾ ਬਾਕੀ ਹੈ।
ਨੀਨਾ ਆਇਓਸੁਪੋਵਾ ਅਨੁਸਾਰ, ਹੁਣ ਤੱਕ ਦੀ ਵਸੂਲੀ ਪ੍ਰਕਿਰਿਆ ਦੌਰਾਨ ਕੁਝ ਹਾਂ-ਪੱਖੀ ਨਤੀਜੇ ਵੀ ਸਾਹਮਣੇ ਆਏ ਹਨ। 30 ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਲਗਭਗ 14 ਲੱਖ (1.4 ਮਿਲੀਅਨ) ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਤਕਰੀਬਨ 3.3 ਬਿਲੀਅਨ ਡਾਲਰ ਦੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਵਾ ਦਿੱਤੀ ਹੈ। ਹਾਲਾਂਕਿ, ਇਹ ਰਕਮ ਕੁੱਲ ਬਕਾਏ ਦਾ ਮਹਿਜ਼ ਇੱਕ ਛੋਟਾ ਹਿੱਸਾ ਹੈ ਅਤੇ 10.35 ਬਿਲੀਅਨ ਡਾਲਰ ਦੀ ਇੱਕ ਵੱਡੀ ਰਾਸ਼ੀ ਅਜੇ ਵੀ ਲੋਕਾਂ ਵੱਲ ਖੜ੍ਹੀ ਹੈ, ਜਿਸ ਨੂੰ ਵਾਪਸ ਲੈਣ ਲਈ ਏਜੰਸੀ ਲਗਾਤਾਰ ਯਤਨਸ਼ੀਲ ਹੈ।
ਸੀ.ਆਰ.ਏ. ਨੇ ਸਪੱਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ “ਸਖ਼ਤ ਅਤੇ ਜ਼ਿੰਮੇਵਾਰ” ਕਦਮ ਚੁੱਕਣ ਲਈ ਤਿਆਰ ਹੈ ਜੋ ਜਾਣਬੁੱਝ ਕੇ ਬਕਾਇਆ ਰਕਮ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਕਰਜ਼ੇ ਦਾ ਭੁਗਤਾਨ ਨਹੀਂ ਕਰਨਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਟੈਕਸਦਾਤਿਆਂ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਤੇ ਜਨਤਕ ਫੰਡਾਂ ਦੀ ਸਹੀ ਵਰਤੋਂ ਹੋ ਸਕੇ। ਆਉਣ ਵਾਲੇ ਦਿਨਾਂ ਵਿੱਚ ਵਸੂਲੀ ਦੀ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ। This report was written by Divroop Kaur as part of the Local Journalism Initiative.

Popular