Wednesday, April 15, 2026

CUSMA ਅਗਲੇ ਸਾਲ ਖ਼ਤਮ ਹੋਵੇਗਾ ਜਾਂ ਨਵਾਂ ਸਮਝੌਤਾ ਹੋਵੇਗਾ: ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਗਲੇ ਸਾਲ ਕੈਨੇਡਾ ਅਮਰੀਕਾ ਮੈਕਸੀਕੋ ਵਿਚਾਲੇ ਹੋਇਆ ਮੁਫ਼ਤ ਵਪਾਰ ਸਮਝੌਤਾ ਜਾਂ ਤਾਂ ਖ਼ਤਮ ਹੋਣ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਸ ਦੀ ਜਗ੍ਹਾ ਕੋਈ ਨਵਾਂ ਸਮਝੌਤਾ ਵੀ ਤਿਆਰ ਕੀਤਾ ਜਾ ਸਕਦਾ ਹੈ। ਟਰੰਪ ਦਾ ਇਹ ਬਿਆਨ ਉੱਤਰੀ ਅਮਰੀਕਾ ਦੇ ਤਿੰਨਾਂ ਦੇਸ਼ਾਂ ਵਿਚਾਲੇ ਵਪਾਰਕ ਰਿਸ਼ਤਿਆਂ ਵਿੱਚ ਨਵੀਂ ਅਣਸ਼ਚਿੱਤਤਾ ਪੈਦਾ ਕਰ ਰਿਹਾ ਹੈ।
ਇਹ ਵਪਾਰ ਸਮਝੌਤਾ ਕੈਨੇਡਾ ਵਿੱਚ ਕਿਊਸਮਾ ਅਤੇ ਅਮਰੀਕਾ ਵਿੱਚ ਯੂਐਸਐਮਸੀਏ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਮਝੌਤਾ 2018 ਵਿੱਚ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਤੈਅ ਹੋਇਆ ਸੀ ਅਤੇ 2020 ਵਿੱਚ ਇਸ ‘ਤੇ ਦਸਤਖ਼ਤ ਹੋਏ ਸਨ। ਇਸ ਸਮਝੌਤੇ ਦੀ ਸਰਕਾਰੀ ਸਮੀਖਿਆ ਅਗਲੇ ਸਾਲ ਹੋਣੀ ਲਾਜ਼ਮੀ ਹੈ। ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਸਮਝੌਤਾ ਲਗਭਗ ਇੱਕ ਸਾਲ ਵਿੱਚ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਇਸਨੂੰ ਖ਼ਤਮ ਹੋਣ ਦਿੱਤਾ ਜਾਵੇਗਾ ਜਾਂ ਫਿਰ ਕੈਨੇਡਾ ਅਤੇ ਮੈਕਸੀਕੋ ਨਾਲ ਕੋਈ ਨਵਾਂ ਸਮਝੌਤਾ ਵੀ ਤਿਆਰ ਕੀਤਾ ਜਾ ਸਕਦਾ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਕੈਨੇਡਾ ਅਤੇ ਮੈਕਸੀਕੋ ਨੇ ਅਮਰੀਕਾ ਦਾ ਫ਼ਾਇਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਨ੍ਹਾਂ ਦੋ ਦੇਸ਼ਾਂ ਦੀ ਗੱਲ ਨਹੀਂ ਹੈ ਸਗੋਂ ਲਗਭਗ ਹਰ ਦੇਸ਼ ਨੇ ਅਮਰੀਕਾ ਦਾ ਫ਼ਾਇਦਾ ਚੁੱਕਿਆ। ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਸਗੋਂ ਉਹਨਾਂ ਲੋਕਾਂ ਨੂੰ ਜਿੰਨਾਂ ਨੇ ਅਮਰੀਕਾ ਨੂੰ ਚਲਾਇਆ ਅਤੇ ਗਲਤ ਫ਼ੈਸਲੇ ਕੀਤੇ।
ਜ਼ਿਕਰਯੋਗ ਹੈ ਕਿ ਜਦੋਂ ਇਹ ਸਮਝੌਤਾ ਸਾਇਨ ਹੋਇਆ ਸੀ ਤਾਂ ਉਸ ਦੌਰਾਨ ਟਰੰਪ ਨੇ ਇਸ ਦੀ ਖੁਲ ਕੇ ਤਾਰੀਫ਼ ਕੀਤੀ ਸੀ। ਟਰੰਪ ਨੇ 2020 ਵਿੱਚ ਕਿਹਾ ਸੀ ਕਿ ਇਹ ਅਮਰੀਕਾ ਵੱਲੋਂ ਕਦੇ ਵੀ ਕੀਤਾ ਗਿਆ ਸਭ ਤੋਂ ਵਧੀਆ ਵਪਾਰ ਸਮਝੌਤਾ ਹੈ। ਉਸ ਸਮੇਂ ਇਸਨੂੰ ਨਾਫ਼ਟਾ ਦੀ ਜਗ੍ਹਾ ਉੱਤੇ ਇੱਕ ਵੱਡੀ ਕਾਮਯਾਬੀ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਸਮਾਂ ਬੀਤਣ ਨਾਲ ਟਰੰਪ ਅਤੇ ਉਨ੍ਹਾਂ ਦੀ ਸਰਕਾਰ ਦੇ ਕਈ ਮੈਂਬਰਾਂ ਨੇ ਇਸ ਸਮਝੌਤੇ ਦੇ ਕੁਝ ਹਿੱਸਿਆਂ ਉੱਤੇ ਸਖ਼ਤ ਆਲੋਚਨਾ ਵੀ ਕੀਤੀ ਹੈ। ਇਨ੍ਹਾਂ ਵਿੱਚ ਕੈਨੇਡਾ ਦੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਅਤੇ ਤਿੰਨਾਂ ਦੇਸ਼ਾਂ ਵਿਚਾਲੇ ਆਟੋ ਉਦਯੋਗ ਲਈ ਤੈਅ ਕੀਤੀਆਂ ਗਈਆਂ ਇੰਪੋਰਟ ਕੋਟਾਵਾਂ ਸ਼ਾਮਲ ਹਨ।

ਅਮਰੀਕਾ ਅਤੇ ਕੈਨੇਡਾ ਦੋਵਾਂ ਸਰਕਾਰਾਂ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਨਿਯਮਾਂ ਦਾ ਫ਼ਾਇਦਾ ਚੀਨ ਨੇ ਚੁੱਕਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਨੇ ਮੈਕਸੀਕੋ ਰਾਹੀਂ ਘੱਟ ਟੈਰਿਫ਼ ਦਰਾਂ ‘ਤੇ ਉੱਤਰੀ ਅਮਰੀਕਾ ਦੇ ਆਟੋ ਬਾਜ਼ਾਰ ਵਿੱਚ ਦਾਖ਼ਲ ਹੋਣਾ ਸ਼ੁਰੂ ਕਰ ਦਿੱਤਾ ਹੈ।
ਇਸ ਕਾਰਨ ਅਮਰੀਕੀ ਅਤੇ ਕੈਨੇਡੀਅਨ ਆਟੋ ਉਦਯੋਗ ਉੱਤੇ ਦਬਾਅ ਵਧਿਆ ਹੈ।

ਇਸ ਹਫ਼ਤੇ ਅਮਰੀਕਾ ਦੇ ਵਪਾਰ ਨੁਮਾਇੰਦੇ ਜੇਮਿਸਨ ਗ੍ਰੀਅਰ ਨੇ ਇਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਇਸ ਸਮਝੌਤੇ ਤੋਂ ਪੂਰੀ ਤਰ੍ਹਾਂ ਹਟ ਸਕਦੇ ਹਨ ਜਾਂ ਕੈਨੇਡਾ ਅਤੇ ਮੈਕਸੀਕੋ ਨਾਲ ਵੱਖ ਵੱਖ ਦੋ ਪੱਖੀ ਸਮਝੌਤੇ ਵੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਇੱਕ ਸੰਭਾਵਨਾ ਰਹੀ ਹੈ।

ਗ੍ਰੀਅਰ ਨੇ ਕਿਹਾ ਕਿ ਟਰੰਪ ਸਿਰਫ਼ ਉਹੀ ਸਮਝੌਤੇ ਚਾਹੁੰਦੇ ਹਨ ਜਿਹੜੇ ਅਮਰੀਕਾ ਲਈ ਸਾਫ਼ ਤੌਰ ‘ਤੇ ਲਾਭਦਾਇਕ ਹੋਣ।
ਉਨ੍ਹਾਂ ਕਿਹਾ ਕਿ ਇਸੀ ਕਾਰਨ ਕਿਊਸਮਾ ਵਿੱਚ ਸਮੀਖਿਆ ਦੀ ਵਿਵਸਥਾ ਰੱਖੀ ਗਈ ਸੀ ਤਾਂ ਕਿ ਜਰੂਰਤ ਪੈਣ ‘ਤੇ ਸਮਝੌਤੇ ਨੂੰ ਬਦਲਿਆ ਜਾ ਸਕੇ ਜਾਂ ਫਿਰ ਇਸ ਤੋਂ ਬਾਹਰ ਨਿਕਲਿਆ ਜਾ ਸਕੇ।

ਕਿਊਸਮਾ ਦੇ ਆਰਟਿਕਲ 34.7 ਦੇ ਤਹਿਤ ਅਗਲੇ ਸਾਲ ਹੋਣ ਵਾਲੀ ਸਮੀਖਿਆ ਦੌਰਾਨ ਤਿੰਨਾਂ ਦੇਸ਼ਾਂ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਕੀ ਸਮਝੌਤੇ ਨੂੰ ਹੋਰ 16 ਸਾਲਾਂ ਲਈ ਵਧਾਇਆ ਜਾਵੇ।
ਜੇ ਤਿੰਨਾਂ ਵਿੱਚੋਂ ਕੋਈ ਇੱਕ ਦੇਸ਼ ਵੀ ਇਸ ਵਾਧੇ ਨਾਲ ਸਹਿਮਤ ਨਹੀਂ ਹੁੰਦਾ ਤਾਂ ਹਰੇਕ ਸਾਲ ਨਵੀਂ ਸਮੀਖਿਆ ਲਾਜ਼ਮੀ ਹੋ ਜਾਵੇਗੀ।
ਇਸ ਨਾਲ ਵਪਾਰਕ ਅਣਸ਼ਚਿੱਤਤਾ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ।

Popular