ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਕਈ ਸੂਬਿਆਂ ਵਿੱਚ ਪੈਟਰੋਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਨੋਵਾ ਸਕੋਸ਼ੀਆ ਵਿੱਚ ਰਾਤੋ-ਰਾਤ ਪੈਟਰੋਲ ਦੀਆਂ ਕੀਮਤਾਂ ਵਿੱਚ ਸੱਤ ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਅਜਿਹਾ ਹੀ ਵਾਧਾ ਨਿਊ ਬਰੰਜ਼ਵਿਕ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਕਾਰਨ ਹੈਲੀਫੈਕਸ ਵਿੱਚ ਪੈਟਰੋਲ ਲਗਭਗ 1.83 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ ਜੋ ਕਿ ਇਕੱਲੇ ਮਾਰਚ ਮਹੀਨੇ ਵਿੱਚ ਹੀ 44 ਸੈਂਟ ਦਾ ਵੱਡਾ ਉਛਾਲ ਹੈ। ਮਹਿੰਗੇ ਤੇਲ ਕਾਰਨ ਟਰਾਂਸਪੋਰਟ ਅਤੇ ਕਰਿਆਨੇ ਦਾ ਸਾਮਾਨ ਵੀ ਮਹਿੰਗਾ ਹੋ ਰਿਹਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਡਰਾਈਵਰਾਂ ਅਤੇ ਟੈਕਸ ਦਾਤਾਵਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਸੂਬਾ ਸਰਕਾਰਾਂ ਤੋਂ ਗੈਸ ਟੈਕਸ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਮੁਤਾਬਕ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਲੋਕ ਲਗਭਗ 48 ਸੈਂਟ ਪ੍ਰਤੀ ਲੀਟਰ ਸਿਰਫ਼ ਟੈਕਸ ਹੀ ਅਦਾ ਕਰ ਰਹੇ ਹਨ। ਸੰਸਥਾ ਨੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੀ ਤਰਜ਼ ਉੱਤੇ ਟੈਕਸ ਘਟਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਸੂਬਾ ਸਰਕਾਰਾਂ ਨੇ ਟੈਕਸ ਘਟਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਨਿਊ ਬਰੰਜ਼ਵਿਕ ਦੇ ਊਰਜਾ ਮੰਤਰੀ ਰੇਨੇ ਲੀਗੇਸੀ ਨੇ ਕਿਹਾ ਕਿ ਸੂਬੇ ਦੇ ਵਿੱਤੀ ਹਾਲਾਤ ਟੈਕਸ ਘਟਾਉਣ ਦੀ ਇਜਾਜ਼ਤ ਨਹੀਂ ਦਿੰਦੇ। ਦੂਜੇ ਪਾਸੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਪਿਛਲੇ ਸਾਲ ਐਚਐਸਟੀ ਵਿੱਚ ਕੀਤੀ ਗਈ ਇੱਕ ਫੀਸਦੀ ਦੀ ਕਟੌਤੀ ਦਾ ਹਵਾਲਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਰਾਹਤ ਦੇਣ ਲਈ ਜਲਦ ਹੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ। This report was written by Divroop Kaur as part of the Local Journalism Initiative.

