ਸਰੀ, (ਦਿਵਰੂਪ ਕੌਰ): ਵੈਨਕੂਵਰ ਪੁਲਿਸ ਨੇ ਆਨਲਾਈਨ ਮਾਰਕੀਟਪਲੇਸ ਰਾਹੀਂ ਕੀਤੇ ਗਏ ਸੌਦੇ ਦੌਰਾਨ ਕੀਮਤੀ ਪੋਕੀਮੋਨ ਕਾਰਡਾਂ ਦੀ ਲੁੱਟ ਦੇ ਸਬੰਧ ਵਿੱਚ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੈਨਕੂਵਰ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਨੇੜੇ ਵਾਪਰੀ। ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੋ ਕੀਮਤੀ ਪੋਕੀਮੋਨ ਕਾਰਡ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ 7,000 ਡਾਲਰ ਸੀ। ਸੌਦੇ ਦੌਰਾਨ ਮੁਲਜ਼ਮਾਂ ਨੇ ਉਸ ‘ਤੇ ‘ਬੀਅਰ ਸਪਰੇਅ’ ਕਰ ਦਿੱਤਾ ਅਤੇ ਕਾਰਡ ਲੈ ਕੇ ਇੱਕ ਗੱਡੀ ਵਿੱਚ ਫ਼ਰਾਰ ਹੋ ਗਏ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਕੁਝ ਹੀ ਸਮੇਂ ਬਾਅਦ ਉਹਨਾਂ ਨੂੰ ਬਰਨਬੀ ਦੇ ਮੈਕਫਰਸਨ ਐਵੇਨਿਊ ਅਤੇ ਬੇਰੇਸਫੋਰਡ ਸਟ੍ਰੀਟ ਦੇ ਨੇੜੇ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੋ 15 ਸਾਲ ਦੇ ਅਤੇ ਇੱਕ 16 ਸਾਲ ਦਾ ਲੜਕਾ ਸ਼ਾਮਲ ਹੈ। ਉਹਨਾਂ ਨੂੰ ਕੁਝ ਸ਼ਰਤਾਂ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਹਨਾਂ ਵਿਰੁੱਧ ਚਾਰਜਿਜ਼ ਦੀ ਸਿਫਾਰਸ਼ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਲੁੱਟੇ ਗਏ ਕਾਰਡਾਂ ਵਿੱਚੋਂ ਇੱਕ ਬਰਾਮਦ ਕਰ ਲਿਆ ਗਿਆ ਹੈ ਅਤੇ ਪੀੜਤ ਨੂੰ ਵਾਪਸ ਕਰ ਦਿੱਤਾ ਗਿਆ ਹੈ। ਕਾਂਸਟੇਬਲ ਡੈਰੇਨ ਵਾਂਗ ਨੇ ਇਸ ਘਟਨਾ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਜਾਣ ਵਿਅਕਤੀਆਂ ਨਾਲ ਆਨਲਾਈਨ ਸੌਦੇ ਕਰਨ ਸਮੇਂ ਪੁਲਿਸ ਹੈੱਡਕੁਆਰਟਰ ਵਿਖੇ ਬਣਾਏ ਗਏ ‘ਸੇਫ਼ ਐਕਸਚੇਂਜ’ ਸਥਾਨਾਂ ਦੀ ਵਰਤੋਂ ਕਰਨ ਤਾਂ ਜੋ ਅਜਿਹੀਆਂ ਅਪਰਾਧਿਕ ਘਟਨਾਵਾਂ ਤੋਂ ਬਚਿਆ ਜਾ ਸਕੇ। This report was written by Divroop Kaur as part of the Local Journalism Initiative.

