Saturday, March 14, 2026

ਜਬਰਨ ਵਸੂਲੀ ਨੂੰ ‘ਸੰਕਟ’ ਮੰਨਣ ਤੋਂ ਆਰ.ਸੀ.ਐਮ.ਪੀ.ਦਾ ਇਨਕਾਰ

ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਦੇ ਮੁਖੀ ਅਤੇ RCMP ਦੇ ਸਹਾਇਕ ਕਮਿਸ਼ਨਰ ਜੌਹਨ ਬਰੂਅਰ (John Brewer) ਦੇ ਇੱਕ ਬਿਆਨ ਨੇ ਪੰਜਾਬੀ ਭਾਈਚਾਰੇ ਅਤੇ ਸਥਾਨਕ ਆਗੂਆਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਇੱਕ ਇੰਟਰਵਿਊ ਦੌਰਾਨ ਬਰੂਅਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਭਾਵੇਂ ਇਹ ਧਮਕੀਆਂ ਜਨਤਕ ਸੁਰੱਖਿਆ ਲਈ ਖਤਰਾ ਹਨ, ਪਰ ਉਹ ਇਸਨੂੰ “ਸੰਕਟ” (Crisis) ਨਹੀਂ ਮੰਨਦੇ। ਉਨ੍ਹਾਂ ਦੀ ਦਲੀਲ ਸੀ ਕਿ ਅਸਲ ਸੰਕਟ “ਡਰੱਗ ਓਵਰਡੋਜ਼” ਹੈ ਜਿਸ ਨਾਲ ਰੋਜ਼ਾਨਾ ਲੋਕ ਮਰ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੇ ਉਨ੍ਹਾਂ ਲੋਕਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਬਰੂਅਰ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਆਪਣੇ ਬਿਆਨ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਜੇਕਰ ਪੁਲਿਸ ਹਰ ਚੀਜ਼ ਨੂੰ ਸੰਕਟ ਕਹਿਣ ਲੱਗ ਪਵੇਗੀ, ਤਾਂ ਉਹ ਆਪਣਾ ਧਿਆਨ ਕਿਵੇਂ ਕੇਂਦਰਿਤ ਕਰ ਸਕਣਗੇ? ਉਨ੍ਹਾਂ ਦਾ ਕਹਿਣਾ ਸੀ ਕਿ ਟਾਸਕ ਫੋਰਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ 9 ਵਿਅਕਤੀਆਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ, ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਜਾਪਦੀ ਹੈ। ਸਰੀ ਦੇ ਪੰਜਾਬੀ ਪੱਤਰਕਾਰਾਂ ਨੇ ਬਰੂਅਰ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੁ ਸਵਾਲ ਕੀਤਾ ਕਿ ਜੇਕਰ ਲੋਕਾਂ ਦੇ ਮੋਢਿਆਂ ਅਤੇ ਜਬਾੜਿਆਂ ਵਿੱਚ ਗੋਲੀਆਂ ਵੱਜ ਰਹੀਆਂ ਹਨ ਅਤੇ ਉਹ ਆਪਣੇ ਘਰਾਂ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਫਿਰ “ਸੰਕਟ” ਕਿਸਨੂੰ ਕਿਹਾ ਜਾਵੇਗਾ? ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਪਿਛਲੇ 125 ਸਾਲਾਂ ਤੋਂ ਕੈਨੇਡਾ ਵਿੱਚ ਵਸਿਆ ਹੋਇਆ ਹੈ ਅਤੇ ਦੇਸ਼ ਨੂੰ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ, ਪਰ ਅੱਜ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਮੁੱਖ ਧਾਰਾ ਦਾ ਹਿੱਸਾ ਨਹੀਂ ਹਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸ਼ਾਇਦ ਜੇਕਰ ਇਹ ਸਭ ਕੁਝ ਕਿਸੇ ਗੈਰ-ਪੰਜਾਬੀ ਭਾਈਚਾਰੇ ਨਾਲ ਵਾਪਰਦਾ ਤਾਂ ਇਸਨੂੰ ਤੁਰੰਤ ਸੰਕਟ ਐਲਾਨ ਦਿੱਤਾ ਜਾਂਦਾ।

Share post:

Popular