ਧੀ ਗਰੀਬ ਦੀ

ਧੀਆਂ ਹੁੰਦੀਆਂ ਨੇ ਘਰ ਦੀ ਸ਼ਾਨ ਲੋਕੋ

ਪੜ੍ਹ – ਲਿਖ ਬਣ ਜਾਣ ਮਹਾਨ ਲੋਕੋ

ਦੇਖ – ਦੇਖ ਰੂਹ ਓਦੋਂ ਰੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਹੋ ਕੇ ਔਖੀਆਂ ਇਹ ਕਰਨ ਪੜਾਈ ਜੀ

ਗਵਾਉਂਦੀਆਂ ਨਾ ਵਕਤ ਅਜਾਈ ਜੀ

ਕਿਸਮਤ ਤਾਂ ਹੀ ਫਿਰ ਸੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਮਾਪਿਆ ਦੇ ਦੁੱਖ ਲੈਂਦੀਆ ਪੀ ਘੋਲ ਕੇ

ਕਰਦੀਆਂ ਪਿਆਰ ਸਦਾ ਦਿਲ ਖੋਲ ਕੇ

ਛੋਟੀ ਉਮਰ ਵਿੱਚ ਆ ਚੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਪਹਿਣ ਲੈਣ ਚੁੱਪ ਕਰ ਜੋ ਹੈ ਮਿਲਦਾ

ਖੋਲਣ ਨਾ ਕੁੰਡਾ ਚਾਵਾਂ ਵਾਲੇ ਦਿਲ ਦਾ

ਲੋੜ ਕੀ ਏ ਬਾਪੂ ਫ਼ਿਰ ਹੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਹਿੰਮਤ ਦੇ ਨਾਲ ਭਰਨ ਉਡਾਰੀਆਂ

ਰੱਖਣ ਕੈਮ ਬਾਪੂ ਦੀਆਂ ਸਰਦਾਰੀਆਂ

ਰਹਿ ਕਿਵੇਂ ਕੋਈ ਫਿਰ ਕੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਮੰਨਦੀਆਂ ਨਾ ਕਦੇ ਵਕਤ ਤੋਂ ਹਾਰ ਜੀ

ਵੱਡੇ ਦਾ ਸਦਾ ਕਰਨ ਸਤਿਕਾਰ ਜੀ

ਵੈਰੀ ਅੱਗੇ ਹੋਕੇ ਸਦਾ ਗੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਮਾਵਾਂ ਵਾਲੇ ਸੀਨਿਆਂ ‘ ਚ ਠੰਢ ਪੈਂਦੀ ਏ

ਹੋ ਕਾਮਯਾਬ ਧੀ ਜਦ ਕਲਾਵੇ ਲੈਂਦੀ ਏ

ਖ਼ੁਸ਼ੀ ਵਾਲੀ ਤਾਰ ਫ਼ਿਰ ਵੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਧੀਆਂ ਸਭ ਦੀਆਂ ਨਾਮ ਚਮਕਾਉਣ ਜੀ

ਖ਼ੁਸ਼ੀ ਦੇ ਗੀਤ ਵਿਹੜੇ ‘ ਚ ਗਾਉਣ ਜੀ

ਰੱਖੀ ਸਭਨਾਂ ਦੀ ਸਦਾ ਲੱਜ ਜਾਵੇ ਜੀ

ਧੀ ਗਰੀਬ ਦੀ ਬਣ ਜਦੋਂ ਜੱਜ ਜਾਵੇ ਜੀ

ਲੇਖਕ : ਪਰਮਜੀਤ ਕੌਰ ਸੇਖੂਪੁਰ ਕਲਾਂ (ਮਲੇਰਕੋਟਲਾ)

Related Articles

Latest Articles

Exit mobile version