ਗ਼ਜ਼ਲ

ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ।

ਉਹ ਵੀ ਅਸਲ ‘ਚ ਅੰਦਰੋਂ ਰੁੱਸੇ ਲੜੇ ਰਹੇ।

ਹੁੰਦਾ ਪਰ੍ਹੇ ‘ਚ ਸੀ ਨਿਤਾਰਾ ਝੂਠ ਸੱਚ ਦਾ

ਕੁਝ ਲੋਕ ਬੂਹੇ ਭੀੜ ਕੇ ਅੰਦਰ ਵੜੇ ਰਹੇ।

ਕੀਤੀ ਕਦੋਂ ਹੈ ਢਿਲ ਤਸੀਹੇ ਦੇਣ ਵਾਲਿਆਂ

ਪਰ ਸਿਦਕ ਵਾਲੇ ਆਪਣੀ ਗੱਲ ਤੇ ਅੜੇ ਰਹੇ।

ਕਰੀਏ ਕਿਸੇ ਤੇ ਕੀ ਗਿਲਾ ਕਿ ਦਿਲ ਅਤੇ ਦਿਮਾਗ

ਹਰ ਔਖ ਵੇਲੇ ਆਪੋ ਵਿਚ ਹੀ ਖਹਿਬੜੇ ਰਹੇ।

ਕੀ ਕਹੀਏ ਕਿੰਜ ਦਰਦ ਦੀ ਦੌਲਤ ਨੂੰ ਸਾਂਭਿਆ

ਐਵੇਂ ਹੀ ਚੁੱਪ ਦੇ ਜੰਦਰੇ ਜੜੇ ਰਹੇ।

ਮੈਥੋਂ ਹੀ ਮੁੱਲ ਟੁੱਕ ਨਾ ਹੋਇਆ ਜ਼ਮੀਰ ਦਾ

ਉਂਜ ਲੋੜਵੰਦ ਗਾਹਕ ਤਾਂ ਮਿਲਦੇ ਬੜੇ ਰਹੇ।

ਦੱਸਿਆ ਮੁਸਾਫਰਾਂ ਨੂੰ ਹੈ ਮੰਜ਼ਲ ਦਾ ਫਾਸਲਾ।

ਮੰਨਿਆ ਕਿ ਮੀਲ ਵਾਂਗ ਹਾਂ ਇਕ ਥਾਂ ਖੜ੍ਹੇ ਰਹੇ।

ਜਿਨ੍ਹਾਂ ਉਸਾਰੀਆਂ ਨੇ ਇਹ ਉੱਚੀਆਂ ਇਮਾਰਤਾਂ

ਮੈਂ ਦੇਖਿਆ ਉਹ ਲੋਕ ਨੇ ਸੌਂਦੇ ਰੜੇ ਰਹੇ।

ਕੁਝ ਵੀ ਕਿਹਾ ਹੈ ਪੰਡਤਾਂ ਭਾਈਆਂ ਮੁਲਾਣਿਆਂ

ਮੈਂ ਜਾਣਿਆਂ ਹੈ ਜੱਗ ਵਿਚ ਦੋ ਹੀ ਧੜੇ ਰਹੇ।

ਲੇਖਕ : ਸੋਹਣ ਸਿੰਘ ਮੀਸ਼ਾ

Exit mobile version