ਕੁਸ਼ਤੀ ਦੀ ਸ਼ੀਂਹਣੀ

ਠਿੱਬੀ ਲਾਈ ਤਾਂ ਸੀ ਡੇਗਣੇ ਨੂੰ,
ਪਰ ਹੋਰ ਦਾ ਹੋ ਕੁਝ ਹੋਰ ਗਿਆ।
ਬਿਨ ਖੇਡਿਆਂ ਜਿੱਤੇ ਦਿਲ ਸਭ ਦੇ,
ਸੂਰਜ ਡੁੱਬ ਕੇ ਵੀ ਲਿਸ਼ਕੋਰ ਗਿਆ।

ਭਾਵੇਂ ਆਦਤ ਗਿਆ ਉਹ ਕਰ ਪੂਰੀ,
ਤੇ ਕੱਢ ਪੁਰਾਣਾ ਖੋਰ ਗਿਆ।
ਜਿਸ ਵੇਲੇ ਵਿੱਢ ਸੰਘਰਸ਼ ਬੈਠੀ,
ਵੇਂਹਦੇ ਸਾਰ ਹੀ ਹੋ ਕਮਜ਼ੋਰ ਗਿਆ।

ਲੱਤ ਕੁੱਬੇ ਮਾਰੀ ਰਾਸ ਆਈ,
ਢਹਿ ਆਪਣੇ ਹੀ ਉਹ ਜ਼ੋਰ ਗਿਆ।
ਜੱਗ ਜਿਉਂਦਾ ਉਹਦੇ ਵਾਸਤੇ ਤਾਂ,
ਸੱਚਮੁੱਚ ਹੀ ਬਣ ਥੋਹਰ ਗਿਆ।

ਗਈ ਢਾਹ ਹੰਕਾਰੀ ਚੌਧਰਾਂ ਨੂੰ,
ਪੈ ਚਾਰ ਚੁਫੇਰੇ ਸ਼ੋਰ ਗਿਆ।
ਧੋਤੇ ਮੂੰਹ ‘ਤੇ ਖਾ ਚਪੇੜ ‘ਭਗਤਾ’,
ਮੂਧੇ ਮੂੰਹ ਸੀ ਡਿੱਗ ਚੋਰ ਗਿਆ।

ਲੇਖਕ : ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113

Exit mobile version