ਪੰਜਾਬ ਦੇ ਦੋ ਹਿੱਸੇ ਕਰਨ ਵਾਲਾ ਰੈਡਕਲਿਫ

ਲੇਖਕ : ਅਵਤਾਰ ਸਿੰਘ ਆਨੰਦ
ਸੰਪਰਕ: 98551-20287
ਰੈਡਕਲਿਫ ਲਿਖਦਾ ਹੈ: ”ਮੈਂ ਨਕਸ਼ਾ ਤਿਆਰ ਕਰਨ ਵੇਲੇ ਮੁਸ਼ਕਿਲ ਵਿੱਚ ਸੀ ਕਿਉਂਕਿ ਭਾਰਤ ਨੂੰ ਇੱਕ ਵੱਡਾ ਸ਼ਹਿਰ ਕਲਕੱਤਾ ਦੇ ਦਿੱਤਾ ਸੀ ਅਤੇ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਾ ਹੋਣ ਕਰਕੇ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।” ૴ ૴ ૴ ਮੁਸਲਿਮ ਬਹੁਗਿਣਤੀ ਵਾਲਾ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਨੂੰ ਅਲਾਟ ਨਾ ਕਰਨ ਲਈ ਰੈਡਕਲਿਫ ਨੂੰ ਮਨਾਉਣ ਵਿੱਚ ਥੋੜ੍ਹੀ ਮੁਸ਼ਕਿਲ ਆਈ ਕਿਉਂਕਿ ਕਸ਼ਮੀਰ ਤੱਕ ਜਾਣ ਲਈ ਗੁਰਦਾਸਪੁਰ ਹੀ ਇੱਕੋ ਇੱਕ ਰਸਤਾ ਸੀ। ਜਦੋਂ ਵੰਡ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਖ਼ੁਦ ਪਾਕਿਸਤਾਨੀਆਂ ਨੇ ਵੀ ਗੁਰਦਾਸਪੁਰ ਦੇ ਮਹੱਤਵ ਨੂੰ ਨਹੀਂ ਸਮਝਿਆ ਸੀ। ਰੈਡਕਲਿਫ ਨੇ ਵੇਖਿਆ ਕਿ ਲਗਭਗ 1.40 ਕਰੋੜ ਲੋਕ ਸਰਹੱਦ ਪਾਰ ਕਰ ਗਏ ਹਨ ਤਾਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਕਿ ਉਸ ਕੋਲੋਂ ਪੰਜਾਬ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਸਰਹੱਦ ਦੇ ਦੋਵੇਂ ਪਾਸਿਓਂ ਹੋ ਰਹੀ ਤਬਾਹੀ ਨੂੰ ਵੇਖਦਿਆਂ ਰੈਡਕਲਿਫ ਨੇ ਆਪਣੀ ਤਨਖ਼ਾਹ 40,000 ਰੁਪਏ (3,000 ਪੌਂਡ) ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਦੇਸ਼ ਦੀ ਆਜ਼ਾਦੀ ਤੋਂ ਦੋ ਦਿਨ ਪਹਿਲਾਂ ਵਤਨ ਪਰਤ ਗਿਆ।
ਦੇਸ਼ ਆਜ਼ਾਦ ਹੋਏ ਨੂੰ ਪੌਣੀ ਸਦੀ ਤੋਂ ਵੱਧ ਸਮਾਂ ਹੋ ਚੱਲਿਆ ਹੈ, ਪਰ ਆਜ਼ਾਦੀ ਮੌਕੇ ਹੰਢਾਇਆ ਦਰਦ ਪੰਜਾਬੀ ਆਪਣੀ ਹਿੱਕ ਵਿੱਚ ਜਿਉਂ ਦਾ ਤਿਉਂ ਦੱਬੀ ਬੈਠੇ ਹਨ। ਕਹਿਣ ਨੂੰ ਤਾਂ ਇਹ ਭਾਰਤ ਦੇਸ਼ ਦੀ ਵੰਡ ਸੀ ਪਰ ਅਸਲ ‘ਚ ਜੋ ਨੁਕਸਾਨ ਪੰਜਾਬ ਨੇ ਉਠਾਇਆ ਉਸ ਦਾ ਦੁੱਖ ਅਜੇ ਤੱਕ ਕੋਈ ਨਹੀਂ ਭੁਲਾ ਸਕਿਆ। ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ।
ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਇਸ ਦੇ ਦੋ ਘੁੱਗ ਵੱਸਦੇ ਸਹਿਰ ਅੰਮ੍ਰਿਤਸਰ ਅਤੇ ਲਾਹੌਰ ਸਦਾ ਸਦਾ ਲਈ ਵੱਖ ਕਰ ਦਿੱਤੇ ਗਏ। ਕਿਸੇ ਸਮੇਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਹੋਇਆ ਕਰਦੀ ਸੀ। ਅੰਮ੍ਰਿਤਸਰ ਅਤੇ ਲਾਹੌਰ ਸ਼ਹਿਰਾਂ ਵਿਚਾਲੇ ਪੰਜਾਹ ਕਿਲੋਮੀਟਰ ਦਾ ਪੈਂਡਾ 75 ਸਾਲ ਬੀਤ ਜਾਣ ‘ਤੇ ਵੀ ਤੈਅ ਨਹੀਂ ਹੋ ਸਕਿਆ।
ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਇਸ ਵੰਡ ਦੌਰਾਨ ਬਹੁਤ ਸਾਰੀ ਹਿੰਸਾ ਅਤੇ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ। ਇਸ ਵਿੱਚ ਤਕਰੀਬਨ 12 ਲੱਖ ਲੋਕ ਮਾਰੇ ਗਏ ਅਤੇ ਤਕਰੀਬਨ 1.45 ਕਰੋੜ ਸ਼ਰਨਾਰਥੀਆਂ ਨੇ ਆਪਣੇ ਘਰ-ਬਾਰ ਛੱਡ ਕੇ ਬਹੁਗਿਣਤੀ ਫ਼ਿਰਕੇ ਵਾਲੇ ਦੇਸ਼ ਵਿੱਚ ਸ਼ਰਨ ਲਈ।
ਸੰਤਾਲੀ ‘ਚ ਹੋਈ ਵੰਡ ਦੀ ਰੂਪ ਰੇਖਾ ਤਿਆਰ ਕਰਨ ਵਾਲਾ ਵਿਅਕਤੀ ਬਰਤਾਨੀਆ ਦਾ ਸਾਬਕਾ ਜੱਜ ਸੀ ਜਿਸ ਦਾ ਨਾਮ ਸਾਇਰਿਲ ਜੋਨ ਰੈਡਕਲਿਫ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਖੁਸ਼ਹਾਲ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਉਹ ਬੰਦਾ ਇਸ ਤੋਂ ਪਹਿਲਾਂ ਕਦੇ ਹਿੰਦੋਸਤਾਨ ਨਹੀਂ ਸੀ ਆਇਆ ਅਤੇ ਨਾ ਹੀ ਉਸ ਨੂੰ ਹਿੰਦੋਸਤਾਨ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਵਾਤਾਵਰਨ ਬਾਰੇ ਕੋਈ ਜਾਣਕਾਰੀ ਸੀ। ਬੱਸ ਉਸ ਨੇ ਆਪਣੇ ਸਾਥੀਆਂ ਨਾਲ ਬੈਠਿਆਂ ਨਕਸ਼ੇ ‘ਤੇ ਲਕੀਰ ਖਿੱਚ ਦਿੱਤੀ ਜਿਸ ਨੂੰ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਨਾਮ ਦੇ ਦਿੱਤਾ ਗਿਆ। ਇਸ ਬਾਰੇ ਅਮਰੀਕੀ ਕਵੀ ਡਬਲਿਊ.ਐਚ. ਆਡਿਨ ਨੇ 1966 ‘ਚ ਲਿਖੀ ਆਪਣੀ ਕਵਿਤਾ ‘ਵੰਡ’ ‘ਚ ਰੈਡਕਲਿਫ ਨੂੰ ਨਿਰਦਈ ਤੱਕ ਕਹਿ ਦਿੱਤਾ।
ਬ੍ਰਿਟਿਸ਼ ਫੌਜ ਵਿੱਚ ਕਮਾਂਡਰ ਵਜੋਂ ਤਾਇਨਾਤ ਪਿਤਾ ਅਲਫਰੈੱਡ ਅਰਨੈਸਟ ਰੈਡਕਲਿਫ ਦੇ ਘਰ ਲਾਇੰਚਨ ਵਿਖੇ ਤੀਹ ਮਾਰਚ 1899 ਨੂੰ ਜਨਮਿਆ ਸਾਇਰਿਲ ਜੌਨ ਰੈਡਕਲਿਫ ਪੇਸ਼ੇ ਵਜੋਂ ਵਕੀਲ ਸੀ। ਸਾਇਰਿਲ ਰੈਡਕਲਿਫ ਦੀ ਪੜ੍ਹਾਈ ਹੈਲੀਬਰੀ ਕਾਲਜ ਵਿੱਚ ਹੋਈ। ਉਸ ਨੇ 1923 ਵਿੱਚ ਐਲਡਨ ਲਾਅ ਵਜ਼ੀਫਾ ਜਿੱਤਿਆ।
ਇਸ ਤੋਂ ਬਾਅਦ ਸਾਇਰਿਲ ਰੈਡਕਲਿਫ ਫ਼ੌਜ ਵਿੱਚ ਭਰਤੀ ਹੋ ਗਿਆ, ਪਰ ਨਜ਼ਰ ਕਮਜ਼ੋਰ ਹੋਣ ਕਰਕੇ ਜਲਦੀ ਹੀ ਇਸ ਨੇ ਫ਼ੌਜ ਦੀ ਨੌਕਰੀ ਵੀ ਛੱਡ ਦਿੱਤੀ ਅਤੇ ਲੇਬਰ ਕੋਰਟ ਵਿੱਚ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇਣ ਲੱਗਾ। 1924 ਵਿੱਚ ਉਹ ਰੋਲਸ ਦੇ ਮਾਸਟਰ ਵਿਲਫ੍ਰੈਡ ਗ੍ਰੀਨ ਦੇ ਚੈਂਬਰ ਵਿੱਚ ਸ਼ਾਮਲ ਹੋ ਕੇ ਚੈਨਸੇਰੀ ਬਾਰ ‘ਤੇ ਕੰਮ ਕਰਨ ਲੱਗਿਆ। 1935 ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ।
ਦੂਜੀ ਆਲਮੀ ਜੰਗ ਦੌਰਾਨ ਰੈਡਕਲਿਫ 1941 ਤਕ ਸੂਚਨਾ ਮੰਤਰਾਲੇ ਵਿੱਚ ਡਾਇਰੈਕਟਰ-ਜਨਰਲ ਬਣ ਗਿ, ਜਿੱਥੇ ਉਸ ਨੇ ਮੰਤਰੀ ਬ੍ਰੈਂਡਨ ਬਰੈਕਨ ਨਾਲ ਮਿਲ ਕੇ ਕੰਮ ਕੀਤਾ। 1944 ਵਿੱਚ ਉਸ ਨੂੰ ਆਰਡਰ ਆਫ ਬ੍ਰਿਟਿਸ਼ ਐਂਪਾਇਰ ਦਾ ਨਾਈਟ ਕਮਾਂਡਰ (ਕੇ.ਬੀ.ਈ.) ਬਣਾਇਆ ਗਿਆ। ਉਹ 1945 ਵਿੱਚ ਫਿਰ ਵਕੀਲ ਵਜੋਂ ਸੇਵਾਵਾਂ ਨਿਭਾਉਣ ਲੱਗਾ। ਉਸ ਨੇ 1965 ਤੋਂ 1977 ਤੱਕ ਵਾਰਵਿਕ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਵਜੋਂ ਸੇਵਾ ਨਿਭਾਈ।
ਇਧਰ ਭਾਰਤ ‘ਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਬਰਤਾਨਵੀ ਹਿੰਦੋਸਤਾਨ ਦਾ ਵਾਇਸਰਾਏ ਬਣ ਕੇ ਆਇਆ ਤਾਂ ਉਸ ਦਾ ਧਿਆਨ ਆਪਣੇ ਬਚਪਨ ਦੇ ਦੋਸਤ ਅਤੇ ਜਮਾਤੀ ਰੈਡਕਲਿਫ ਵੱਲ ਗਿਆ। ਇਸ ਲਈ ਰੈਡਕਲਿਫ ਨੂੰ ਉਸ ਪੰਜ ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਜਿਸ ਨੇ ਹਿੰਦੋਸਤਾਨ ਦੀ ਵੰਡ ਕਰਨੀ ਸੀ।
1906 ਤੋਂ ਢਾਕਾ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਤਾਂ ਮੁਸਲਿਮ ਉਦੋਂ ਤੋਂ ਹੀ ਇੱਕ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਮੰਗ ਨੂੰ ਇਸ ਕਰਕੇ ਬੂਰ ਨਹੀਂ ਸੀ ਪੈ ਰਿਹਾ ਕਿਉਂਕਿ ਮੁਹੰਮਦ ਅਲੀ ਜਿਨਾਹ ਹਿੰਦੂ ਮੁਸਲਿਮ ਭਾਈਚਾਰੇ ਦੇ ਰਲਮਿਲ ਕੇ ਰਹਿਣ ਦੇ ਵਿਚਾਰ ਨਾਲ ਸਹਿਮਤ ਸੀ।
1930 ਵਿੱਚ ਮੁਸਲਮਾਨ ਲੀਗ ਦੇ ਸੰਮੇਲਨ ਵਿੱਚ ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਇਕਬਾਲ ਨੇ ਇੱਕ ਭਾਸ਼ਣ ਵਿੱਚ ਪਹਿਲੀ ਵਾਰ ਮੁਸਲਮਾਨਾਂ ਲਈ ਇੱਕ ਵੱਖਰੇ ਰਾਜ ਦੀ ਮੰਗ ਚੁੱਕੀ। 1935 ਵਿੱਚ ਸੂਬਾ ਸਿੰਧ ਦੀ ਵਿਧਾਨ ਸਭਾ ਨੇ ਵੀ ਇਹੋ ਮੰਗ ਚੁੱਕੀ। ਇਕਬਾਲ ਅਤੇ ਮੌਲਾਨਾ ਮੁਹੰਮਦ ਅਲੀ ਜੌਹਰ ਨੇ ਮੁਹੰਮਦ ਅਲੀ ਜਿਨਾਹ ਨੂੰ ਇਸ ਮੰਗ ਦਾ ਸਮਰਥਨ ਕਰਨ ਲਈ ਕਿਹਾ। ਇਸ ਸਮੇਂ ਤੱਕ ਜਿਨਾਹ ਹਿੰਦੂ-ਮੁਸਲਮਾਨ ਏਕਤਾ ਦੇ ਪੱਖ ਵਿੱਚ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੂੰ ਲੱਗਣ ਲੱਗਾ ਕਿ ਕਾਂਗਰਸੀ ਨੇਤਾ ਮੁਸਲਮਾਨਾਂ ਦੇ ਹਿੱਤਾਂ ਵੱਲ ਧਿਆਨ ਨਹੀਂ ਦੇ ਰਹੇ। ਲਾਹੌਰ ਵਿੱਚ 1940 ਦੇ ਮੁਸਲਮਾਨ ਲੀਗ ਸੰਮੇਲਨ ਵਿੱਚ ਜਿਨਾਹ ਨੇ ਸਾਫ਼ ਕਰ ਦਿੱਤਾ ਕਿ ਉਹ ਦੋ ਵੱਖ-ਵੱਖ ਰਾਸ਼ਟਰ ਚਾਹੁੰਦੇ ਹਨ। ਉਨ੍ਹਾਂ ਦੀ ਦਲੀਲ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ, ਵਿਚਾਰਧਾਰਾਵਾਂ, ਰੀਤੀ-ਰਿਵਾਜ ਅਤੇ ਸਾਹਿਤ ਬਿਲਕੁਲ ਵੱਖ-ਵੱਖ ਹਨ। ਇੱਕ ਰਾਸ਼ਟਰ ਵਿੱਚ ਹਿੰਦੂ ਬਹੁਮਤ ਵਿੱਚ ਅਤੇ ਮੁਸਲਿਮ ਅਲਪ ਮਤ ਵਿੱਚ, ਦੋ ਧਰਮਾਂ ਦੇ ਲੋਕਾਂ ਨੂੰ ਨਾਲ ਨਾਲ ਰੱਖਣ ਨਾਲ ਅਸੰਤੋਖ ਵਧੇਗਾ, ਇਸ ਲਈ ਮੁਸਲਮਾਨਾਂ ਲਈ ਇੱਕ ਵੱਖਰਾ ਦੇਸ਼ ਐਲਾਨਿਆ ਜਾਵੇ।
ਤੇਈ ਮਾਰਚ 1940 ਨੂੰ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿੱਚ ਹੋਇਆ ਜਿਸ ਵਿੱਚ ਮੁਸਲਿਮ ਮੁਲਕ ਦੀ ਕਾਇਮੀ ਦੀ ਮੰਗ ਕੀਤੀ ਗਈ ਸੀ। ਇਸ ਮੰਗ ਦਾ ਮਤਲਬ ਇਹ ਵੀ ਸੀ ਕਿ ਸਾਰਾ ਪੰਜਾਬ, ਪਾਕਿਸਤਾਨ ਦਾ ਹਿੱਸਾ ਬਣਦਾ ਸੀ, ਪਰ ਪੰਜਾਬੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਖ਼ਾਸਕਰ ਸਿੱਖਾਂ ਨੂੰ।
ਹਿੰਦੂ ਮਹਾਸਭਾ ਵਰਗੇ ਹਿੰਦੂ ਸੰਗਠਨ ਵੀ ਦੇਸ਼ ਦੇ ਬਟਵਾਰੇ ਦੇ ਪੱਖ ਵਿੱਚ ਨਹੀਂ ਸਨ, ਪਰ ਮੰਨਦੇ ਸਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਮੱਤਭੇਦ ਹਨ। 1937 ਵਿੱਚ ਅਲਾਹਾਬਾਦ ਵਿੱਚ ਹਿੰਦੂ ਮਹਾਸਭਾ ਦੇ ਸੰਮੇਲਨ ਮੌਕੇ ਇੱਕ ਭਾਸ਼ਣ ਵਿੱਚ ਵੀਰ ਸਾਵਰਕਰ ਨੇ ਕਿਹਾ ਸੀ ਕਿ ਕਾਂਗਰਸ ਦੇ ਜ਼ਿਆਦਾਤਰ ਨੇਤਾ ਗੁੱਟ-ਨਿਰਪੇਖ ਸਨ ਅਤੇ ਸੰਪਰਦਾਏ ਦੇ ਆਧਾਰ ‘ਤੇ ਭਾਰਤ ਦੀ ਵੰਡ ਕਰਨ ਦੇ ਵਿਰੁੱਧ ਸਨ। ਮਹਾਤਮਾ ਗਾਂਧੀ ਦਾ ਵਿਸ਼ਵਾਸ ਸੀ ਕਿ ਹਿੰਦੂ ਅਤੇ ਮੁਸਲਮਾਨ ਨਾਲ ਨਾਲ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਕਹਿੰਦਿਆਂ ਵੰਡ ਦਾ ਘੋਰ ਵਿਰੋਧ ਕੀਤਾ, ”ਮੇਰੀ ਪੂਰੀ ਆਤਮਾ ਇਸ ਵਿਚਾਰ ਦੇ ਵਿਰੁੱਧ ਬਗ਼ਾਵਤ ਕਰਦੀ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਵਿਰੋਧੀ ਸੰਸਕ੍ਰਿਤੀਆਂ ਹਨ।” ਬਹੁਤ ਸਾਲਾਂ ਤੱਕ ਗਾਂਧੀ ਨੇ ਕੋਸ਼ਿਸ਼ ਕੀਤੀ ਕਿ ਮੁਸਲਮਾਨ ਕਾਂਗਰਸ ਨੂੰ ਛੱਡ ਕੇ ਨਾ ਜਾਣ।
ਹਿੰਦੂ ਅਤੇ ਮੁਸਲਮਾਨ ਦੋਵੇਂ ਭਾਈਚਾਰਿਆਂ ਦੇ ਨੇਤਾਵਾਂ ਨੇ ਇੱਕ-ਦੂਜੇ ਦੇ ਪ੍ਰਤੀ ਸ਼ੱਕ ਵਧਾਇਆ। ਮੁਸਲਮਾਨ ਲੀਗ ਨੇ ਅਗਸਤ 1946 ਵਿੱਚ ਡਾਇਰੈਕਟ ਐਕਸ਼ਨ ਡੇਅ ਮਨਾਇਆ ਜਿਸ ਦੌਰਾਨ ਕਲਕੱਤਾ ਵਿੱਚ ਦੰਗੇ ਹੋਏ ਅਤੇ ਤਕਰੀਬਨ 5000 ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋਏ। ਅਜਿਹੇ ਮਾਹੌਲ ਵਿੱਚ ਸਾਰੇ ਨੇਤਾਵਾਂ ‘ਤੇ ਦਬਾਅ ਪੈਣ ਲੱਗਾ ਕਿ ਉਹ ਵੰਡ ਨੂੰ ਸਵੀਕਾਰ ਕਰਨ ਤਾਂ ਕਿ ਦੇਸ਼ ਪੂਰੀ ਤਰ੍ਹਾਂ ਘਰੇਲੂ ਜੰਗ ਦੀ ਗ੍ਰਿਫ਼ਤ ਵਿੱਚ ਨਾ ਆ ਜਾਵੇ।
ਅਜਿਹੇ ਹਾਲਾਤ ਵਿੱਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਬਰਤਾਨਵੀ ਹਕੂਮਤ ਦੇ ਕਬਜ਼ੇ ਵਾਲੇ ਹਿੰਦੋਸਤਾਨ ਦਾ ਵਾਇਸਰਾਏ ਬਣ ਕੇ ਆਇਆ ਅਤੇ ਉਸ ਨੇ ਪੰਜਾਬ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਕੁਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇੱਕ ਯੋਜਨਾ ਦਾ ਐਲਾਨ ਕੀਤਾ ਜੋ ਬਾਅਦ ਵਿੱਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਯੋਜਨਾ ਮੁਤਾਬਿਕ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿੱਤਾ ਗਿਆ। ਇਹ ਐਲਾਨ 3 ਜੂਨ 1947 ਨੂੰ ਹੋਇਆ।
ਅੱਠ ਜੁਲਾਈ 1947 ਨੂੰ ਭਾਰਤ ਪਹੁੰਚਣ ਮਗਰੋਂ ਰੈਡਕਲਿਫ ਨੂੰ ਸਰਹੱਦ ਬਾਰੇ ਫ਼ੈਸਲਾ ਕਰਨ ਲਈ ਸਿਰਫ਼ ਪੰਜ ਹਫ਼ਤੇ ਦਾ ਸਮਾਂ ਦਿੱਤਾ ਗਿਆ। ਵੰਡ ਲਈ ਸਥਾਪਤ ਕੀਤੀ ਗਈ ਕਮੇਟੀ ਦਾ ਚੇਅਰਮੈਨ ਰੈਡਕਲਿਫ ਨੂੰ ਲਗਾਇਆ ਗਿਆ। ਪੰਜਾਬ ਦੀ ਵੰਡ ਨੂੰ ਮੁੱਖ ਰੱਖਦਿਆਂ ਪੰਜਾਬ ਹੱਦਬੰਦੀ ਕਮਿਸ਼ਨ ਦੇ ਮੈਂਬਰ ਜਸਟਿਸ ਮੇਹਰ ਚੰਦ ਮਹਾਜਨ , ਜਸਟਿਸ ਤੇਜਾ ਸਿੰਘ, ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਨੂੰ ਸ਼ਾਮਿਲ ਕੀਤਾ ਗਿਆ। ਬੰਗਾਲ ਹੱਦਬੰਦੀ ਕਮਿਸ਼ਨ ਵਿੱਚ ਜਸਟਿਸ ਸੀ.ਸੀ. ਵਿਸ਼ਵਾਸ, ਬੀ.ਕੇ. ਮੁਖਰਜੀ, ਅਬੂ ਸਲੇਹ ਮੁਹੰਮਦ ਅਕਰਮ ਅਤੇ ਐੱਸ.ਏ. ਰਹਿਮਾਨ ਸ਼ਾਮਲ ਸਨ।
ਇਸ ਕਮਿਸ਼ਨ ਲਈ ਸਭ ਤੋਂ ਔਖਾ ਕੰਮ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਰੈਡਕਲਿਫ ਲਿਖਦਾ ਹੈ: ”ਮੈਂ ਨਕਸ਼ਾ ਤਿਆਰ ਕਰਨ ਵੇਲੇ ਮੁਸ਼ਕਿਲ ਵਿੱਚ ਸੀ ਕਿਉਂਕਿ ਭਾਰਤ ਨੂੰ ਇੱਕ ਵੱਡਾ ਸ਼ਹਿਰ ਕਲਕੱਤਾ
ਦੇ ਦਿੱਤਾ ਸੀ ਅਤੇ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਾ ਹੋਣ ਕਰਕੇ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।” ਉਸ ਨੇ ਆਪਣੇ ਭਤੀਜੇ ਨੂੰ ਲਿਖੀ ਚਿੱਠੀ ਵਿੱਚ ਜ਼ਿਕਰ ਕਰਦਿਆਂ ਕਿਹਾ ਸੀ ਕਿ ”ਮੈਨੂੰ ਭਾਰਤੀ ਕਦੀ ਮਾਫ਼ ਨਹੀਂ ਕਰਨਗੇ ਖ਼ਾਸ ਕਰਕੇ ਸਿੱਖ ਪੰਜਾਬੀ ਜਿਨ੍ਹਾਂ ਕੋਲੋਂ ਉਨ੍ਹਾਂ ਦਾ ਸ਼ਹਿਰ ਲਾਹੌਰ ਖੋਹ ਕੇ ਮੈਂ ਪਾਕਿਸਤਾਨ ਨੂੰ ਦੇ ਦਿੱਤਾ।”
ਲਾਹੌਰ ਵਿੱਚ ਮੁਸਲਮਾਨ ਬਹੁਗਿਣਤੀ ਵਿੱਚ ਲਗਭਗ 64 ਫ਼ੀਸਦੀ ਸਨ, ਪਰ ਹਿੰਦੂਆਂ ਅਤੇ ਸਿੱਖਾਂ ਦੀਆਂ ਸ਼ਹਿਰ ਲਾਹੌਰ ਵਿੱਚ ਲਗਭਗ 80 ਫ਼ੀਸਦੀ ਸੰਪਤੀਆਂ ਅਤੇ ਕਾਰੋਬਾਰ ਸਨ। ਰੈਡਕਲਿਫ ਨੇ ਅਸਲ ਵਿੱਚ ਭਾਰਤ ਨੂੰ ਲਾਹੌਰ ਦੇਣ ਦੀ ਯੋਜਨਾ ਬਣਾਈ ਸੀ। ਪੱਤਰਕਾਰ ਕੁਲਦੀਪ ਨਈਅਰ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ, ”ਮੈਂ ਤੁਹਾਨੂੰ ਲਗਭਗ ਲਾਹੌਰ ਦੇ ਰਿਹਾ ਸਾਂ। ૴ ਪਰ ਮੈਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਹੀਂ ਹੋਵੇਗਾ। ਮੈਂ ਕਲਕੱਤਾ ਪਹਿਲਾਂ ਹੀ ਭਾਰਤ ਲਈ ਰੱਖ ਲਿਆ ਸੀ।” ਜਦੋਂ ਰੈਡਕਲਿਫ ਨੂੰ ਦੱਸਿਆ ਗਿਆ ਕਿ ”ਪਾਕਿਸਤਾਨ ਵਿੱਚ ਮੁਸਲਮਾਨਾਂ ਨੂੰ ਸ਼ਿਕਾਇਤ ਹੈ ਕਿ ।ਉਸ ਨੇ॥ ਭਾਰਤ ਦਾ ਪੱਖ ਪੂਰਿਆ ਹੈ” ਤਾਂ ਉਸ ਨੇ ਜਵਾਬ ਦਿੱਤਾ, ”ਉਨ੍ਹਾਂ ਪਾਕਿਸਤਾਨੀਆਂ ਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਲਾਹੌਰ ਸ਼ਹਿਰ ਦਿੱਤਾ ਹੈ। ਜਿਸ ‘ਤੇ ਅਸਲ ‘ਚ ਭਾਰਤ ਦਾ ਹੱਕ ਬਣਦਾ ਸੀ।”
ਉਸ ਨੇ ਕੁਲਦੀਪ ਨਈਅਰ ਨੂੰ ਕਿਹਾ ਸੀ, ”ਮੈਨੂੰ ਸਿਰਫ਼ ਪੰਜ ਹਫ਼ਤੇ ਮਿਲੇ ਸਨ ਵੰਡ ਲਈ ਜੇਕਰ ਦੋ ਤਿੰਨ ਸਾਲ ਮਿਲ ਜਾਂਦੇ ਤਾਂ ਮੈਂ ਕਿਸੇ ਨਾਲ ਵਿਤਕਰਾ ਨਾ ਕਰਦਾ।”
ਸਟੈਨਲੇ ਵੁਲਪਰਟ ਲਿਖਦਾ ਹੈ ਕਿ ਰੈਡਕਲਿਫ ਨੇ ਆਪਣੇ ਨਕਸ਼ੇ ਵਿੱਚ ਗੁਰਦਾਸਪੁਰ ਪਾਕਿਸਤਾਨ ਨੂੰ ਦਿੱਤਾ ਸੀ, ਪਰ ਨਹਿਰੂ ਦੀ ਇਹੋ ਚਿੰਤਾ ਸੀ ਕਿ ਗੁਰਦਾਸਪੁਰ ਪਾਕਿਸਤਾਨ ਨਾ ਜਾਵੇ ਕਿਉਂਕਿ ਇਸ ਨਾਲ ਭਾਰਤ ਕਸ਼ਮੀਰ ਨੂੰ ਸਿੱਧੀ ਸੜਕ ਦੀ ਪਹੁੰਚ ਤੋਂ ਵਾਂਝਾ ਰਹਿ ਜਾਣਾ ਸੀ। ਪੰਜਾਬ ਦੇ ਮੁਸਲਮਾਨ ਬਹੁਗਿਣਤੀ ਵਾਲੇ ਗੁਰਦਾਸਪੁਰ ਜ਼ਿਲ੍ਹੇ ਨੂੰ ਭਾਰਤ ਵਿੱਚ ਰੱਖਣ ਲਈ ਰੈਡਕਲਿਫ ਉੱਤੇ ਦਬਾਅ ਪਾ ਰਹੇ ਸਨ।
ਐਂਡਰਿਊ ਰਾਬਰਟਸ ਦਾ ਮੰਨਣਾ ਹੈ ਕਿ ਮਾਊਂਟਬੈਟਨ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਂ ‘ਤੇ ਪੰਜਾਬੀਆਂ ਨਾਲ ਧੋਖਾ ਕੀਤਾ। ਉਹ ਲਿਖਦਾ ਹੈ ਕਿ ਜੇ ਗੁਰਦਾਸਪੁਰ ਕਸ਼ਮੀਰ ਦੇ ਬਹਾਨੇ ਭਾਰਤ ਵਿੱਚ ਰਹਿ ਸਕਦਾ ਹੈ ਤਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਕਿਉਂ ਭਾਰਤ ‘ਚ ਨਹੀਂ ਸੀ ਰਹਿ ਸਕਦੀ।
ਪੈਰੀ ਐਂਡਰਸਨ ਲਿਖਦਾ ਹੈ ਕਿ ਮਾਊਂਟਬੈਟਨ, ਜਿਸ ਨੂੰ ਅਧਿਕਾਰਤ ਤੌਰ ‘ਤੇ ਰੈਡਕਲਿਫ ‘ਤੇ ਕੋਈ ਪ੍ਰਭਾਵ ਨਹੀਂ ਵਰਤਣਾ ਚਾਹੀਦਾ ਸੀ, ਉਸ ਨੇ ਇੱਕ ਵੱਡੇ ਆਗੂ ਦੇ ਕਹਿਣ ‘ਤੇ ਨਕਸ਼ੇ ਦੀ ਲਕੀਰ ਨੂੰ ਬਦਲਣ ਲਈ ਪਰਦੇ ਪਿੱਛੇ ਦਖਲ ਦਿੱਤਾ ਸੀ। ਮੁਸਲਿਮ ਬਹੁਗਿਣਤੀ ਵਾਲਾ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਨੂੰ ਅਲਾਟ ਨਾ ਕਰਨ ਲਈ ਰੈਡਕਲਿਫ ਨੂੰ ਮਨਾਉਣ ਵਿੱਚ ਥੋੜ੍ਹੀ ਮੁਸ਼ਕਿਲ ਆਈ ਕਿਉਂਕਿ ਕਸ਼ਮੀਰ ਤੱਕ ਜਾਣ ਲਈ ਗੁਰਦਾਸਪੁਰ ਹੀ ਇੱਕੋ ਇੱਕ ਰਸਤਾ ਸੀ। ਜਦੋਂ ਵੰਡ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਖ਼ੁਦ ਪਾਕਿਸਤਾਨੀਆਂ ਨੇ ਵੀ ਗੁਰਦਾਸਪੁਰ ਦੇ ਮਹੱਤਵ ਨੂੰ ਨਹੀਂ ਸਮਝਿਆ ਸੀ।
ਰੈਡਕਲਿਫ ਨੇ ਵੇਖਿਆ ਕਿ ਲਗਭਗ 1.40 ਕਰੋੜ ਲੋਕ ਸਰਹੱਦ ਪਾਰ ਕਰ ਗਏ ਹਨ ਤਾਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਕਿ ਉਸ ਕੋਲੋਂ ਪੰਜਾਬ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਸਰਹੱਦ ਦੇ ਦੋਵੇਂ ਪਾਸਿਓਂ ਹੋ ਰਹੀ ਤਬਾਹੀ ਨੂੰ ਵੇਖਦਿਆਂ ਰੈਡਕਲਿਫ ਨੇ ਆਪਣੀ ਤਨਖ਼ਾਹ 40,000 ਰੁਪਏ (3,000 ਪੌਂਡ) ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਦੇਸ਼ ਦੀ ਆਜ਼ਾਦੀ ਤੋਂ ਦੋ ਦਿਨ ਪਹਿਲਾਂ ਵਤਨ ਪਰਤ ਗਿਆ। ਦੇਸ਼ ਪਰਤ ਕੇ ਉਸ ਨੇ ਇੱਕ ਪ੍ਰੋਗਰਾਮ ‘ਚ ਕਿਹਾ ਸੀ, ”ਮੈਨੂੰ ਭਾਰਤ ‘ਚ ਕੀਤੀ ਵੰਡ ਦਾ ਦੁੱਖ ਹੈ। ਡਰ ਹੈ ਕਿ ਕਿਤੇ ਕੋਈ ਗੋਲੀ ਨਾ ਮਾਰ ਦੇਵੇ।” ਇੰਗਲੈਂਡ ਪਰਤ ਕੇ ਉਹ ਵੱਖ ਵੱਖ ਅਹੁਦਿਆਂ ‘ਤੇ ਬਿਰਾਜਮਾਨ ਰਿਹਾ। ਅੱਠ ਅਪਰੈਲ 1977 ਨੂੰ ਉਸ ਦੀ ਮੌਤ ਹੋ ਗਈ।

Exit mobile version