ਗਰਦਿਸ਼

 

ਉਹ ਜੋ ਉਸ ਦਿਨ ਲਾਲ ਹਨ੍ਹੇਰੀ ਝੁੱਲ੍ਹੀ ਸੀ,

ਅੰਦਰੋ ਅੰਦਰੀ ਚੰਨ ਸੂਰਜ ਟਕਰਾਏ ਸਨ।

ਬਾਹਰੋਂ ਤਾਂ ਸੀ ਲੱਗਾ ਦੋਸ਼ ਬਹਾਰਾਂ ਤੇ।

ਬੇਦੋਸ਼ੇ ਰੁੱਖਾਂ ਨੂੰ ਲੰਮੀ ਕੈਦ ਮਿਲੀ,

ਪੱਤੇ ਦਰਦ ਲਿਖਾ ਕੇ ਆਪਣੇ ਸੀਨੇ ਤੇ,

ਕਾਸਦ ਬਣ ਬਣ ਗਲ਼ੀਆਂ ਦੇ ਵਿੱਚ ਰੁਲ਼ਦੇ ਰਹੇ।

 

ਖੁੱਲ੍ਹੇ ਸਬਜ਼ ਮੈਦਾਨਾਂ ਉੱਤੇ ਗਰਮ ਲਹੂ,

ਰਾਤ ਜਿਵੇਂ  ਕੋਈ ਸਾਜ਼ਿਸ਼ ਕਰਕੇ ਛਿੜਕ ਗਈ।

ਜੰਗਲ ਵਿੱਚ ਤਾਂ ਸ਼ਾਸਨ ਸੀ ਅਫ਼ਵਾਹਾਂ ਦਾ,

ਵਿਹਲ ਕਿਨ૫ੰ ਸੀ ਵਿਹਲੇ ਦਰਦ ਫ਼ਰੋਲਣ ਦੀ।

ਕੰਡਾ ਕੰਡਾ ਸੂਲੀ ਉੱਤੇ ਟੰਗਿਆ ਸੀ

ਏਸ ਫ਼ਿਜ਼ਾ ਵਿੱਚ ਫੁੱਲਾਂ ਨੇ ਕੀ ਖਿੜਨਾ ਸੀ।

ਹਰ ਦਸਤਕ ਤੇ ਕੰਬਦੀਆਂ ਸੀ ਕੰਧਾਂ ਵੀ,

ਮੌਤ ਬੋਲਦੀ ਕਾਵਾਂ ਵਾਂਗ ਬਨੇਰੇ ‘ਤੇ,

ਕਾਂਗ ਲਹੂ ਦੀ ਰੋੜ੍ਹ ਲੈ ਗਈ ਕਈਆਂ ਨੂੰ,

ਜੀਊਂਦੇ ਸੀ ਜੋ, ਖੌਰ੍ਹੇ ਕਿੰਨੀ ਵਾਰ ਮਰੇ।

 

ਤੇਜ਼ ਕਦੀ, ਮੱਠੀ ਇਹ ਹੁੰਦੀ ਖੇਡ ਰਹੀ,

ਚੰਨ ਵੀ ਹੁਣ ਆਪਣੀ ਥਾਵੇਂ ਮੁਸਕਾਉਂਦਾ ਏ,

ਸੂਰਜ ਵੀ ਬਿਲਕੁਲ ਪਹਿਲਾਂ ਦੇ ਵਾਂਗਰ ਹੀ,

ਨਿੱਤ ਸਰਘੀ ਦਾ ਬੂਹਾ ਆ ਖੜਕਾਉਂਦਾ ਏ।

ਇਸ ਗਰਦਿਸ਼ ਵਿੱਚ ਪਰ ਜੋ ਤਾਰੇ ਟੁੱਟ ਗਏ,

ਕੌਣ ਉਨ੍ਹਾਂ ਦੀ ਥਾਂਵੇਂ ਆ ਕੇ ਚਮਕੇਗਾ।

ਲੇਖਕ : ਸੁਰਜੀਤ ਸਖੀ

Exit mobile version