ਰਿਸ਼ਤਿਆਂ ਦਾ ਨਿੱਘ

 

ਲੇਖਕ : ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ
ਰਿਸ਼ਤੇ ਤੋਂ ਭਾਵ ਸੰਬੰਧ ਹੈ। ਸੰਬੰਧ ਤੁਹਾਡਾ ਕਿਸੇ ਨਾਲ ਵੀ ਹੋ ਸਕਦਾ ਹੈ ਤੇ ਰਿਸ਼ਤੇ ਤੋਂ ਭਾਵ ਪਿਆਰ ਵੀ ਹੁੰਦਾ ਹੈ, ਪਰ ਕੁਝ ਲੋਕ ਪਿਆਰ ਨੂੰ ਸਿਰਫ ਜ਼ਿਆਦਾ ਕਰਕੇ ਔਰਤ-ਮਰਦ ਦੇ ਰਿਸ਼ਤੇ ਤੋਂ ਹੀ ਸਮਝਦੇ ਹਨ। ਔਰਤ ਅਤੇ ਮਰਦ ਦਾ ਪਿਆਰ ਵੀ ਦੋ ਪ੍ਰਕਾਰ ਦਾ ਹੁੰਦਾ ਹੈ, ਇਕ ਸਰੀਰਕ ਪਿਆਰ, ਜਿਸ ਨੂੰ ਅੰਗਰੇਜ਼ੀ ਵਿਚ ਸੈਕਸ ਅਤੇ ਪੰਜਾਬੀ ਵਿਚ ਕਾਮ ਕਹਿੰਦੇ ਹਨ ਤੇ ਦੂਜਾ ਪ੍ਰੇਮ ਹੁੰਦਾ ਹੈ ਨਾ ਕਿ ਪਿਆਰ, ਜਿਸ ਨੂੰ ਅੰਗਰੇਜ਼ੀ ਵਿਚ ‘ਲਵ’ ਆਖਦੇ ਹਾਂ, ਜਿਸ ਦਾ ਸੰਬੰਧ ਸੁੰਦਰਤਾ ਨਾਲ ਹੁੰਦਾ ਹੈ। ਔਰਤ ਤੇ ਮਰਦ ਦੇ ਪ੍ਰੇਮ ਤੋਂ ਬਿਨਾਂ ਹੋਰ ਵੀ ਅਨੇਕਾਂ ਰਿਸ਼ਤੇ ਹਨ, ਜਿਨ੍ਹਾਂ ਦੇ ਪਿਆਰ ਦਾ ਨਿੱਘ ਨਿਵੇਕਲਾ ਹੀ ਹੁੰਦਾ ਹੈ ਤੇ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਇਸ ਪਿਆਰ ਵਿਚੋਂ ਸਭ ਤੋਂ ਪਹਿਲਾਂ ਭੈਣ-ਭਰਾ ਦੇ ਪਿਆਰ ਦੀ ਗੱਲ ਕਰਦੇ ਹਾਂ, ਜਿਸ ਨੂੰ ਪੰਜਾਬੀ ਵਿਚ ਖੂਨ ਦੇ ਰਿਸ਼ਤੇ ਅਤੇ ਪਿਆਰ ਆਖਦੇ ਹਨ। ਇਸ ਪਿਆਰ ਦੀ ਆਪਣੀ ਹੀ ਨਿਵੇਕਲੀ ਥਾਂ ਹੁੰਦੀ ਹੈ, ਭਾਵ ਇਸ ਰਿਸ਼ਤੇ ਦਾ ਆਪਣਾ ਹੀ ਨਿੱਘ ਹੁੰਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਨਹੀਂ ਲੱਭਦੇ ਅੰਮੀ ਦੇ ਜਾਏ, ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜਕੱਲ੍ਹ ਇਹ ਰਿਸ਼ਤਾ ਵੀ ਪਹਿਲਾਂ ਵਾਲਾ ਨਹੀਂ ਰਿਹਾ ਤੇ ਰਿਸ਼ਤੇਦਾਰਾਂ ਤੇ ਭੈਣ-ਭਰਾਵਾਂ ਦਾ ਵੀ ਪਹਿਲਾਂ ਵਾਲਾ ਮੋਹ ਨਹੀਂ ਰਿਹਾ। ਕਿਉਂਕਿ ਅੱਜ ਦਾ ਮਨੁੱਖ ਇੰਨਾ ਪਦਾਰਥਵਾਦੀ ਹੋ ਗਿਆ ਹੈ ਕਿ ਉਸ ਨੂੰ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਅੱਜ ਦਾ ਮਨੁੱਖ ਰਿਸ਼ਤੇਦਾਰੀ ਨਾਲੋਂ ਪੈਸੇ ਨੂੰ ਪਹਿਲ ਦਿੰਦਾ ਹੈ ਤੇ ਪੁਰਾਣੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਖੰਭ ਲਾ ਕੇ ਉੱਡ ਰਹੀਆਂ ਹਨ ਤੇ ਮਨੁੱਖ ਵਿਅਕਤੀਗਤ ਜੀਵਨ ਜੀਊਣਾ ਪਸੰਦ ਕਰਦਾ ਹੈ। ਸੰਯੁਕਤ ਪਰਿਵਾਰ ਟੁੱਟ ਰਹੇ ਹਨ ਅਤੇ ਪਰਿਵਾਰਕ ਕਦਰਾਂ-ਕੀਮਤਾਂ ਵੀ ਬਦਲ ਰਹੀਆਂ ਹਨ। ਚਾਚਾ-ਚਾਚੀ, ਤਾਇਆ- ਤਾਈ, ਬਾਬਾਦਾਦੀ, ਮਾਂ-ਪਿਤਾ ਆਦਿ ਸ਼ਬਦ ਮਨ ਨੂੰ ਕਿੰਨਾ ਸਕੂਨ ਦਿੰਦੇ ਸਨ ਤੇ ਹੁਣ ਸਭ ਲਈ ਇਕੋ ਹੀ ਸ਼ਬਦ ਪ੍ਰਚਲਿਤ ਹੋ ਗਿਆ, ਭਾਵ ਆਂਟੀ ਤੇ ਅੰਕਲ। ਇਸ ਦਾ ਅਰਥ ਇਹ ਹੈ ਕਿ ਅੱਜ ਪੂਰਬੀ ਸੱਭਿਆਚਾਰ ਵੀ ਪੱਛਮੀ ਸੱਭਿਆਚਾਰ ਦੀ ਨਕਲ ਕਰਨ ਲੱਗ ਪਿਆ ਹੈ। ਪੰਜਾਬੀ ਭਾਈਚਾਰੇ ਵਿਚ ਤਲਾਕ ਹੋ ਰਹੇ ਹਨ ਅਤੇ ਮੁੰਡੇ-ਕੁੜੀਆਂ ਮਾਤਾ-ਪਿਤਾ ਦੀ ਆਗਿਆ ਤੋਂ ਬਿਨਾਂ ਹੀ ਵਿਆਹ ਕਰਾ ਰਹੇ ਹਨ। ਇਕ ਰਿਸ਼ਤਾ ਹੁੰਦਾ ਹੈ ਇਮੋਸ਼ਨਲ, ਜਿਸ ਨੂੰ ਪੰਜਾਬੀ ਵਿਚ ਜਜ਼ਬਾਤੀ ਸਾਂਝ ਆਖਦੇ ਹਨ। ਇਸ ਰਿਸ਼ਤੇ ਵਿਚ ਅਧਿਆਪਕ, ਵਿਦਿਆਰਥੀ, ਮਿੱਤਰ ਤੇ ਸਹਿਪਾਠੀ ਤੇ ਸਹਿਕਰਮੀ ਆ ਜਾਂਦੇ ਹਨ। ਇਨ੍ਹਾਂ ਜ਼ਜ਼ਬਾਤੀ ਰਿਸ਼ਤਿਆਂ ਦਾ ਵੀ ਆਪਣਾ ਹੀ ਨਿੱਘ ਹੁੰਦਾ ਹੈ ਅਤੇ ਇਨ੍ਹਾਂ ਰਿਸ਼ਤਿਆਂ ਨਾਲ ਪੁਰਾਣੀਆਂ ਯਾਦਾਂ ਨੂੰ ਨਾਲ ਵੀ ਜੋੜਿਆ ਜਾ ਸਕਦਾ ਹੈ। ਮਨੁੱਖ ਕਿੰਨਾ ਵੀ ਉੱਚਾ ਹੋ ਜਾਵੇ ਅਤੇ ਕਿਤੇ ਵੀ ਚਲਾ ਜਾਵੇ, ਪਰ ਉਸ ਦੀਆਂ ਇਹ ਯਾਦਾਂ ਮਨੁੱਖ ਦਾ ਪਿੱਛਾ ਨਹੀਂ ਛੱਡਦੀਆਂ ਤੇ ਪੁਰਾਣੇ ਮਿੱਤਰ, ਸਹਿਪਾਠੀ, ਵਿਦਿਆਰਥੀ, ਅਧਿਆਪਕ ਤੇ ਸਹਿਕਰਮੀ ਕਦੇ ਵੀ ਨਹੀਂ ਭੁੱਲਦੇ। ਜਿਵੇਂ ਭੀਸ਼ਮ ਪਿਤਾਮਾ ਅਤੇ ਕ੍ਰਿਸ਼ਨ ਭਗਵਾਨ ਦੋ ਸਹਿਪਾਠੀਆਂ ਦੀ ਕਹਾਣੀ। ਅੱਜ ਇਨ੍ਹਾਂ ਰਿਸ਼ਤਿਆਂ ਵਿਚ ਵੀ ਪਹਿਲਾਂ ਵਰਗਾ ਨਿੱਘ ਨਹੀਂ ਮਿਲਦਾ। ਅੱਜਕੱਲ੍ਹ ਇਹ ਜ਼ਜ਼ਬਾਤੀ ਸਾਂਝ ਵੀ ਮੁੱਕਦੀ ਜਾ ਰਹੀ ਹੈ। ਪੁਰਾਣੇ ਸਮੇਂ ਵਿਚ ਅਧਿਆਪਕ ਤੇ ਵਿਦਿਆਰਥੀ ਦਾ ਸੰਬੰਧ ਗੁਰੂ ਚੇਲੇ ਵਾਲਾ ਹੁੰਦਾ ਸੀ ਤੇ ਵਿਦਿਆਰਥੀ ਵੀ ਅਧਿਆਪਕਾਂ ਨੂੰ ਗੁਰੂ ਵਾਂਗ ਪੂਜਦੇ ਸਨ ਪਰ ਅੱਜ ਇਹ ਸੰਬੰਧ ਵੀ ਨਹੀਂ ਰਹੇ, ਜਿਸ ਕਰਕੇ ਵਿੱਦਿਆ ਦੇ ਖੇਤਰ ਵਿਚ ਵੀ ਨਿਘਾਰ ਆ ਚੁੱਕਾ ਹੈ ਤੇ ਸਕੂਲਾਂ ਵਿਚ ਵੀ ਨਿੱਤ ਲੜਾਈਆਂ ਝਗੜੇ ਹੁੰਦੇ ਹਨ। ਦੂਜਾ ਕਾਰਨ ਅੱਜ ਦਾ ਮਨੁੱਖ ਈਰਖਾ ਤੇ ਅਹੰਕਾਰ ਦੀ ਅੱਗ ਵਿਚ ਸੜ ਰਿਹਾ ਹੈ ਤੇ ਨਿਮਰਤਾ ਹੈ ਸਹਿਣਸ਼ੀਲਤਾ ਤੋਂ ਸੱਖਣਾ ਹੈ, ਇਸ ਕਰਕੇ ਸਮੁੱਚੇ ਸਮਾਜ ਵਿਚ ਵੀ ਪਹਿਲਾਂ ਵਾਲਾ ਪਿਆਰ ਤੇ ਸ਼ਾਂਤੀ ਨਹੀਂ ਰਹੀ। ਇਕ ਹੁੰਦਾ ਮਨੁੱਖੀ ਪਿਆਰ ਭਾਵ ਹਮਦਰਦੀ ਦਾ। ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੇ ਦਿਲ ਵਿਚ ਮਨੁੱਖੀ ਪੀੜਾ ਦੇ ਦਰਦ ਦਾ ਅਹਿਸਾਸ ਹੁੰਦਾ ਹੈ। ਇਸ ਪਿਆਰ ਨੂੰ ਇਨਸਾਨੀ ਫਰਜ਼ ਵੀ ਆਖਦੇ ਹਨ। ਦੂਜੇ ਨਾਲ ਪਿਆਰ ਜਾਂ ਹਮਦਰਦੀ ਕਰਨ ਵਾਲੇ ਨੇ ਦੂਜੇ ਪਾਸੋਂ ਕੁਝ ਵੀ ਨਹੀਂ ਲੈਣਾ ਹੁੰਦਾ, ਸਗੋਂ ਉਸ ਨੂੰ ਦੇਣਾ ਹੀ ਹੁੰਦਾ ਹੈ। ਇਸ ਪਿਆਰ ਵਿਚ ਕਿਸੇ ਦੁਖੀ ਲੋੜਵੰਦ, ਨਿਰਧਨ, ਕਮਜ਼ੋਰ ਤੇ ਨਿਰਦੋਸ਼ ਦੀ ਸਹਾਇਤਾ ਕਰਨਾ ਹੁੰਦਾ ਹੈ। ਪਿਆਰ ਸਾਨੂੰ ਕਿਸੇ ਥਾਂ ‘ਤੇ ਕਿਸੇ ਚੀਜ਼ ਨਾਲ ਵੀ ਹੋ ਜਾਂਦਾ ਹੈ। ਤੁਸੀਂ ਬਹੁਤ ਦੇਰ ਇਕ ਥਾਂ ਰਹਿੰਦੇ ਹੋ, ਤੁਸੀਂ ਉਹ ਥਾਂ ਛੱਡ ਛੱਡ ਕੇ ਹੋਰ ਥਾਂ ਚਲੇ ਜਾਂਦੇ ਹੋ, ਤਾਂ ਉਸ ਥਾਂ ਦੀ ਤੁਹਾਨੂੰ ਯਾਦ ਆਉਂਦੀ ਹੈ। ਪ੍ਰੇਮ ਦੋ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਇਸ਼ਕ ਹਕੀਕੀ ਤੇ ਇਸ਼ਕ ਮਜਾਜੀ। ਇਸ਼ਕ ਮਜਾਜੀ ਦਾ ਸੰਬੰਧ ਦੁਨਿਆਵੀ ਪ੍ਰੇਮ ਪਿਆਰ ਨਾਲ ਹੁੰਦਾ ਹੈ। ਇਸ਼ਕ ਹਕੀਕੀ ਸੂਫ਼ੀ ਕਵੀਆਂ ਤੇ ਗੁਰੂਆਂ ਨੇ ਕੀਤਾ। ਗੁਰੂਆਂ ਨੇ ਇਸ ਪਿਆਰ ਨੂੰ ਅਨੰਦਮਈ ਪਿਆਰ ਕਿਹਾ, ਭਾਵ ਇਹ ਪਿਆਰ ਸਭ ਪਿਆਰਾਂ ਤੋਂ ਉੱਚਾ ਤੇ ਸੁੱਚਾ ਹੈ। ਬਾਕੀ ਪਿਆਰ ਰੱਬੀ ਪਿਆਰ ਦੇ ਮੁਕਾਬਲੇ ਵਿਚ ਬਹੁਤ ਦੂਰ ਹੁੰਦਾ ਜਾ ਰਿਹਾ ਹੈ ਪਰ ਮਨੁੱਖੀ ਜੀਵਨ ਦਾ ਭਲਾ ਗੁਰਬਾਣੀ ਦੇ ਆਸ਼ੇ ਅਨੁਸਾਰ ਚੱਲ ਕੇ ਹੀ ਹੋ ਸਕਦਾ ਹੈ।

Exit mobile version