ਨਜ਼ਮ

 

ਤਲਵਾਰਾਂ ਦੇਖ ਕੇ ਨੰਗੀਆਂ,
ਕਤਲ ਤੋਂ ਡਰ ਨਾ ਤੂੰ ਐਵੇਂ
ਕਤਲ ਕਰਨੇ ਦਾ ਹੁਨਰ ਸ਼ੋਖ,
ਅਦਾਵਾਂ ਵਿਚ ਵੀ ਹੁੰਦਾ ਹੈ

ਕਿਤੇ ਇਨਸਾਨ ਨਹੀਂ ਆਪਣੇ ,
ਕਿਤੇ ਰੁੱਖ ਲੱਗਦੇ ਆਪਣੇ ਨੇ
ਕਿ ਆਪਣਾਪਣ ਤਾਂ ਰੁੱਖਾਂ-ਪੌਦਿਆਂ,
ਥਾਵ੍ਹਾਂ ਵਿੱਚ ਵੀ ਹੁੰਦਾ ਹੈ

ਜੋਸ਼ ਵਿਚ ਆ; ਕਈ ਬਿਨ ਸਮਝੇ,
ਗੁਨਾਹ ਸੰਗੀਨ ਕਰ ਜਾਂਦੇ
ਗੁਨਾਹ ਛੋਟੇ – ਵੱਡੇ ਦਾ ਜ਼ਿਕਰ,
ਸਜਾਵਾਂ ਵਿਚ ਵੀ ਹੁੰਦਾ ਹੈ

ਦਰਦ ਓਹੀ ਨਹੀਂ ਹੁੰਦਾ ਜੋ,
ਜ਼ਖ਼ਮ ਮਹਿਸੂਸ ਕਰ ਹੋਵੇ
ਦਰਦ ਤਾਂ ਦਿਲ ਦਿਆਂ ਹੌਕਿਆਂ,
ਹਾਵਾਂ ਵਿਚ ਵੀ ਹੁੰਦਾ ਹੈ

ਜ਼ਹਿਰ ਮਜ਼੍ਹਬਾਂ ਦੀ ਨਫ਼ਰਤ ਦਾ,
ਦਿਲਾਂ ਵਿੱਚ ਅਕਸਰ ਵੇਖੀ ਦਾ
ਜ਼ਹਿਰ ਨਫ਼ਰਤ ਵਾਲਾ ਹੁਣ ਤਾਂ,
ਹਵਾਵਾਂ ਵਿੱਚ ਵੀ ਹੁੰਦਾ ਹੈ

ਬਿਨਾਂ ਕਿਸੇ ਇੱਛਾ ਸ਼ਕਤੀ ਦੇ,
ਕੋਈ ਮੰਜਿਲ ਸਰ ਨਹੀਂ ਹੁੰਦੀ
ਜਜ਼ਬਾ ਸੁਪਨੇ ਸੱਚ ਕਰਨੇ ਦਾ,
ਇੱਛਾਵਾਂ ਵਿਚ ਵੀ ਹੁੰਦਾ ਹੈ

ਜ਼ਲੀਲ ਕਰਕੇ ਦੂਜੇ ਨੂੰ,
ਤੂੰ ਬਹੁਤਾ ਖੁਸ਼ ਨਾ ਹੋ ‘ਖੁਸ਼ੀ’
ਯਾਦ ਇਹ ਰੱਖ ਕਿ ਅਸਰ
ਬਦ-ਦੁਆਵਾਂ ਵਿਚ ਵੀ ਹੁੰਦਾ ਹੈ
ਲੇਖਕ : ਖੁਸ਼ੀ ਮੁਹੰਮਦ “ਚੱਠਾ”

Previous article
Next article
Exit mobile version