ਮਾਪਿਆਂ ਦਾ ਸਤਿਕਾਰ

 

ਲੇਖਕ : ਗੁਰਤੇਜ ਸਿੰਘ ਖੁਡਾਲ,
ਬਠਿੰਡਾ, ਸੰਪਰਕ : 9464129118
ਸਾਡੇ ਮਾਪੇ ਸਾਡੇ ਲਈ ਬਹੁਤ ਹੀ ਅਨਮੋਲ ਹਨ। ਇਹ ਆਪਣੇ ਬੱਚਿਆਂ ਦੀ ਤਰੱਕੀ ਅਤੇ ਕਾਮਯਾਬੀ ਲਈ ਪਤਾ ਨਹੀਂ ਆਪਣੇ ਪਿੰਡੇ ‘ਤੇ ਕਿੰਨੀਆਂ ਮੁਸੀਬਤਾਂ ਝੱਲਦੇ ਹਨ। ਅਸੀਂ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਵੱਲੋਂ ਕੀਤੇ ਹੋਏ ਪਰਉਪਕਾਰਾਂ ਨੂੰ ਕਦੀ ਵੀ ਕਿਸੇ ਪੈਮਾਨੇ ਨਾਲ ਤੋਲ ਨਹੀਂ ਸਕਦੇ।
ਮਾਪੇ ਆਪਣੇ ਬੱਚਿਆਂ ਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਪਰ ਅੱਜ-ਕੱਲ੍ਹ ਜ਼ਿਆਦਾ ਬੱਚੇ ਆਪਣੇ ਮਾਪਿਆਂ ਦੀਆਂ ਉਮੀਦਾਂ ‘ਤੇ ਪੂਰੇ ਨਹੀਂ ਉੱਤਰਦੇ। ਬਹੁਤ ਸਾਰੇ ਬੱਚੇ ਜਦੋਂ ਕੋਈ ਨੌਕਰੀ ਜਾਂ ਕੋਈ ਕਾਰੋਬਾਰ ਕਰ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਂਦੇ ਹਨ ਤਾਂ ਮਾਪਿਆਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੁੰਦੀ ਹੈ।
ਪਰ ਕੁਝ ਬੱਚੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਆਪਣੇ ਮਾਪਿਆਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਉਹ ਆਪਣੇ ਮਾਪਿਆਂ ਦੀ ਹਰ ਗੱਲ ਅਣਸੁਣੀ ਕਰ ਕੇ ਮਾਪਿਆਂ ਦੀ ਅਣਦੇਖੀ ਕਰਨ ਲੱਗ ਜਾਂਦੇ ਹਨ। ਕਈ ਵਾਰ ਹੁੰਦਾ ਹੈ ਕਿ ਬੱਚਿਆਂ ਦੇ ਮਨ ਵਿਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਬਜ਼ੁਰਗ ਜਾਂ ਮਾਪੇ ਦੂਜੇ ਭੈਣ ਜਾਂ ਭਰਾ ਨੂੰ ਵੱਧ ਪਿਆਰ ਕਰਦੇ ਹਨ।
ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਮਾਪਿਆਂ ਨੂੰ ਬੁਰਾ ਭਲਾ ਵੀ ਬੋਲਦੇ ਰਹਿੰਦੇ ਹਨ। ਜੇਕਰ ਮਾਪਿਆਂ ਦੀ ਗੱਲ ਕਰੀਏ ਤਾਂ ਮਾਪਿਆਂ ਨੂੰ ਸਾਰੇ ਬੱਚੇ ਇੱਕੋ ਜਿਹੇ ਪਿਆਰੇ ਹੁੰਦੇ ਹਨ। ਪਰ ਕੁਝ ਅਜਿਹੇ ਬੱਚੇ ਵੀ ਹੁੰਦੇ ਹਨ ਜੋ ਆਪਣੇ ਮਾਪਿਆਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਸ ਨੂੰ ਸੁਣ-ਦੇਖ ਕੇ ਸਾਰਾ ਸਮਾਜ ਸ਼ਰਮਸਾਰ ਹੋ ਜਾਂਦਾ ਹੈ। ਅਜਿਹੇ ਬੱਚਿਆਂ ਦਾ ਪਿਆਰ ਸਿਰਫ਼ ਪੈਸੇ ਨਾਲ ਹੁੰਦਾ ਹੈ।
ਉਹ ਚਾਹੁੰਦੇ ਹਨ ਕਿ ਸਾਰੀ ਧਨ-ਦੌਲਤ ਮਾਪੇ ਜਲਦ ਤੋਂ ਜਲਦ ਸਾਡੇ ਨਾਂ ਕਰ ਦੇਣ। ਜੇਕਰ ਸਾਰੇ ਬੱਚੇ ਆਪਣੇ ਮਾਪਿਆਂ ਦਾ ਦਿਲੋਂ ਸਤਿਕਾਰ ਕਰਦੇ ਹੁੰਦੇ ਤਾਂ ਸ਼ਹਿਰ-ਸ਼ਹਿਰ ਬਿਰਧ ਆਸ਼ਰਮ ਨਾ ਖੁੱਲ੍ਹਦੇ। ਇਹ ਬਿਰਧ ਆਸ਼ਰਮ ਸਾਡੇ ਅੱਜ ਦੇ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੇ ਹਨ। ਜੇਕਰ ਸਾਰੇ ਲੋਕ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦਾ ਘਰ ਵਿਚ ਪੂਰਾ ਖਿਆਲ ਰੱਖਦੇ ਫਿਰ ਇਹ ਬਿਰਧ ਆਸ਼ਰਮ ਕਿਉਂ ਖੁੱਲ੍ਹਦੇ..? ਕੁਝ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਢ ਰਹੇ ਹਨ ਜਾਂ ਬਿਰਧ ਆਸ਼ਰਮਾਂ ਵਿਚ ਛੱਡ ਰਹੇ ਹਨ। ਇਹ ਬਹੁਤ ਦੁੱਖ ਦੀ ਗੱਲ ਹੈ।
ਸਰਕਾਰ ਨੂੰ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ ਤਾਂ ਉਨ੍ਹਾਂ ਬੱਚਿਆਂ ਦੀ ਆਮਦਨ ਵਿੱਚੋਂ ਪੈਸੇ ਕੱਟ ਕੇ ਬਜ਼ੁਰਗ ਮਾਪਿਆਂ ਦੇ ਖਾਤੇ ਵਿਚ ਪਾਉਣੇ ਚਾਹੀਦੇ ਹਨ। ਇਸ ਨਾਲ ਉਹ ਆਪਣੀ ਦਵਾਈ ਵਗੈਰਾ ਜਾਂ ਕੋਈ ਹੋਰ ਜ਼ਰੂਰਤ ਦਾ ਸਾਮਾਨ ਆਸਾਨੀ ਨਾਲ ਲੈ ਸਕਣਗੇ।
ਆਓ ਅਸੀਂ ਸਾਰੇ ਰਲ ਕੇ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦੀ ਦੇਖਭਾਲ ਦਾ ਪ੍ਰਣ ਲਈਏ। ਜੋ ਲੋਕ ਆਪਣੇ ਬਜ਼ੁਰਗਾਂ ਦਾ ਧਿਆਨ ਨਹੀਂ ਰੱਖਦੇ ਉਨ੍ਹਾਂ ਨੂੰ ਸਮਝਾਈਏ। ਕੋਸ਼ਿਸ਼ ਕਰੀਏ ਸਾਰੇ ਬਜ਼ੁਰਗ ਮਾਪੇ ਆਪਣੇ ਘਰ ਆਪਣੇ ਬੱਚਿਆਂ ਨਾਲ ਖ਼ੁਸ਼ ਰਹਿਣ।

Exit mobile version