ਲੇਖਕ : ਮਹਿੰਦਰ ਸਿੰਘ ਮਾਨ, ਸੰਪਰਕ: 99158-03554
ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ ਕੋਲ ਦੋ ਜਣੇ ਆ ਕੇ ਖੜ੍ਹ ਗਏ, ਜਿਨ੍ਹਾਂ ‘ਚੋਂ ਇੱਕ ਲੜਕੀ ਸੀ। ਲੜਕੀ ਉਸ ਨੂੰ ਆਖਣ ਲੱਗੀ, ”ਅੰਕਲ ਜੀ, ਕੀ ਤੁਸੀਂ ਮਨਜੀਤ ਦੇ ਫਾਦਰ ਇਨ ਲਾਅ ਹੋ?”
ਮਾਸਟਰ ਹਰੀ ਰਾਮ ਨੇ ”ਹਾਂ” ਵਿੱਚ ਉੱਤਰ ਦਿੱਤਾ।
ਫੇਰ ਉਹ ਆਖਣ ਲੱਗੀ, ”ਮੈਂ ਮਨਜੀਤ ਦੀ ਸਹੇਲੀ ਆਂ। ਕੁਝ ਦਿਨ ਪਹਿਲਾਂ ਉਹ ਮੈਨੂੰ ਹੁਸ਼ਿਆਰਪੁਰ ਬੱਸ ਸਟੈਂਡ ‘ਤੇ ਮਿਲੀ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮਾਹਿਲਪੁਰ ਪਲਾਟ ਲੈ ਕੇ ਨਵਾਂ ਘਰ ਬਣਵਾ ਰਹੇ ਹੋ ਤੇ ਤੁਹਾਡੇ ਪਲਾਟ ਦੇ ਸਾਹਮਣੇ ਕਈ ਪਲਾਟ ਵਿਕਾਊ ਪਏ ਆ। ਅਸੀਂ ਵੀ ਦਸ ਕੁ ਮਰਲੇ ਦਾ ਪਲਾਟ ਲੈਣਾ ਚਾਹੁੰਦੇ ਆਂ। ਪਿੰਡ ਵਾਲਾ ਘਰ ਰਹਿਣ ਲਈ ਬੜਾ ਛੋਟਾ ਆ। ਨਾਲੇ ਸ਼ਹਿਰ ਦਾ ਮਾਹੌਲ ਕੁਝ ਵੱਖਰਾ ਹੁੰਦਾ ਐ। ਪਲਾਟ ਤਾਂ ਹੋਰ ਵੀ ਆਲੇ-ਦੁਆਲੇ ਬਥੇਰੇ ਖਾਲੀ ਪਏ ਹਨ, ਪਰ ਮੈਂ ਚਾਹੁੰਦੀ ਹਾਂ ਕਿ ਕੋਈ ਜਾਣ-ਪਛਾਣ ਵਾਲਾ ਕੋਲ ਰਹਿੰਦਾ ਹੋਵੇ ਤਾਂ ਚੰਗੀ ਗੱਲ ਆ।”
”ਠੀਕ ਆ ਬੇਟੀ, ਆਉ ਫੇਰ ਪਲਾਟ ਵੇਖ ਲਈਏ।” ਮਾਸਟਰ ਹਰੀ ਰਾਮ ਨੇ ਆਖਿਆ।
ਇੱਕ ਘੰਟਾ ਫਿਰ ਤੁਰ ਕੇ ਪਲਾਟ ਵੇਖਣ ਪਿੱਛੋਂ ਉਨ੍ਹਾਂ ਨੂੰ ਦਸ ਮਰਲੇ ਦਾ ਇੱਕ ਪਲਾਟ ਪਸੰਦ ਆ ਗਿਆ, ਜਿਹੜਾ ਉਸ ਦੇ ਬਣ ਰਹੇ ਘਰ ਦੇ ਬਿਲਕੁਲ ਸਾਹਮਣੇ ਸੀ।
ਫੇਰ ਲੜਕੀ ਦੇ ਡੈਡੀ ਨੇ ਉਸ ਨੂੰ ਆਖਿਆ, ”ਤੁਹਾਡੇ ਨਾਲ ਲੱਗਦੇ ਦੋ ਘਰ ਕਿਨ੍ਹਾਂ ਦੇ ਐ?”
”ਇਹ ਦੋਵੇਂ ਘਰ ਕੰਮੀਆਂ ਦੇ ਐ।” ਮਾਸਟਰ ਹਰੀ ਰਾਮ ਨੇ ਸੱਚ ਆਖ ਦਿੱਤਾ।
ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਬਗੈਰ ਕੁਝ ਬੋਲੇ ਆਪਣੀ ਧੀ ਨੂੰ ਲੈ ਕੇ ਤੁਰਦਾ ਬਣਿਆ।