ਇਹ ਕੈਸੀ ਚਿੰਤਾ ਖ਼ੁਸ਼ੀਆਂ ਵਿੱਚ ਸਮਾਈ ਹੈ।
ਜ਼ਿੰਦਗੀ ਨੂੰ ਕਿਉਂ ਲੱਗੇ ਕਿ ਤਨਹਾਈ ਹੈ।
ਜਿਸ ਨੇ ਨਾ ਕੀਤੇ ਜ਼ਖ਼ਮ ਦਰਦਾਂ ਦੇ ਹਵਾਲੇ,
ਖ਼ੁਸ਼ੀਆਂ ਦੀ ਦੌਲਤ ਉਸਨੇ ਹੀ ਪਾਈ ਹੈ।
ਕਿਤਾਬਾਂ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ,
ਜੇ ਮਿਟਦੀ ਨਾ ਤੇਰੇ ਅੰਦਰੋਂ ਬੁਰਾਈ ਹੈ।
ਹਰ ਪਲ ਨੇ ਕੁਝ ਨਵਾਂ ਲੁਕਾਇਆ ਹੁੰਦਾ,
ਸਮੇਂ ਦੀਆਂ ਪਰਤਾਂ ਅੰਦਰ ਹੁੰਦੀ ਗਹਿਰਾਈ ਹੈ।
ਕੁੜੀਆਂ ਦਾ ਘਰ ਕਿਹੜਾ ਪਤਾ ਨਾ ਲੱਗੇ,
ਦੋ ਘਰ ਹੁੰਦਿਆਂ ਵੀ ਕਹਿੰਦੇ ਪਰਾਈ ਹੈ।
ਤੂੰ ਕੁਝ ਸਜਾ ਹਰਫ਼ਾਂ ਨੂੰ ਬਲਦੇ ਸਫ਼ਿਆਂ ‘ਤੇ,
ਚਿਹਰਿਆਂ ‘ਤੇ ਚਿਰਾਂ ਤੋਂ ਮਾਯੂਸੀ ਛਾਈ ਹੈ।
ਫ਼ਰਿਆਦ ਵਾਲੀ ਚੌਖਟ ਛੱਡ ਦੇ ‘ਰਾਕੇਸ਼’,
ਤਰਲਿਆਂ ਨਾਲ ਨਾ ਹੁੰਦੀ ਸੁਣਵਾਈ ਹੈ।
ਲੇਖਕ : ਰਾਕੇਸ਼ ਕੁਮਾਰ
ਸੰਪਰਕ: 94630-24455