ਮਜ਼ਾ ਹੀ ਕੁਝ

 

ਹੋਰ ਸੀ!
ਬਚਪਨ ਬਿਤਾਉਣ ਦਾ
ਤੇ ਜਵਾਨੀ ਵਿੱਚ ਪੈਰ ਪਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!
ਦੇਰ ਨਾਲ ਘਰ ਆਉਣ ਦਾ
ਤੇ ਬਹਾਨੇ ਬਣਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!
ਕੀ ਕੁਝ ਹੁੰਦਾ ਸੀ ਪਿੰਡ ਵਿੱਚ
ਕਿ ਪਹਿਲੇ ਹੀ ਮਿੰਟ ਵਿੱਚ ਢਹਿ ਗਿਆ ਮੈਂ
ਫਿਰ ਨਾਂ ਨਹੀਂ ਲਿਆ ਮੈਂ ਛਿੰਝ ਦਾ
ਫਿਰ ਬਾਂਦਰ-ਕੀਲਾ ਹੀ ਖੇਡਿਆ ਮੈਂ
ਤੇ ਮੈਂ ਕੈਪਟਨ ਬਣ ਗਿਆ ਸੀ ਪਿੰਡ ਦਾ
ਭੂਤਾਂ ਦੀਆਂ ਗੱਲਾਂ ਕਰਕੇ
ਤੇ ਨਿਆਣਿਆਂ ਨੂੰ ਡਰਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!
ਰੋਜ਼ ਦੇਰ ਨਾਲ ਉੱਠਣ ਦਾ
ਤੇ ਬਾਪੂ ਤੋਂ ਗਾਲ੍ਹਾਂ ਖਾਣ ਦਾ
ਮਜ਼ਾ ਹੀ ਕੁਝ ਹੋਰ ਸੀ!
ਗਰਮੀਆਂ ‘ਚ ਛੱਤ ‘ਤੇ ਸੌਣ ਲਈ
ਸ਼ਾਮੀਂ ਮੰਜੇ ਸੀ ਚੜ੍ਹਾਏ
ਅੱਧੀ ਕੁ ਰਾਤੀਂ ਮੀਂਹ ਆ ਗਿਆ
ਅੱਖਾਂ ਮਲਦਿਆਂ ਥੱਲੇ ਲਾਹੇ
ਅਗਲਿਆਂ ਦਾ ਟਰਾਲੀ ਪਿੱਛੇ
‘ਮੂਰਖਾ ਸੰਗਲ ਨਾ ਫੜ’ ਲਿਖਾਉਣ ਦਾ
ਤੇ ਸਾਡਾ ਫਿਰ ਓਸੇ ਹੀ ਸੰਗਲ ਨੂੰ
ਹੱਥ ਪਾਉਣ ਦਾ ਮਜ਼ਾ ਹੀ ਕੁਝ ਹੋਰ ਸੀ!
ਇੱਕ ਬੁੜ੍ਹੇ ਤੋਂ ਖੂੰਡੀ ਖਾਧੀ
ਮਜ਼ਾਕ ਉਹਦਾ ਉਡਾ ਕੇ
ਖਾਧੇ ਬਹੁਤ ਮੈਂ ਪੀਪੇ ਵਾਲੇ ਬਿਸਕੁਟ
ਚਾਹ ਵਿੱਚ ਪਾ-ਪਾ ਕੇ
ਵਿਆਹ ਵਿੱਚ ਹਲਵਾਈ ਨਾਲ
ਲੱਡੂ ਵਟਾਉਣ ਦਾ
ਤੇ ਵਿੱਚੋਂ ਫਿਰ ਚੋਰੀ-ਚੋਰੀ ਖਾਣ ਦਾ
ਮਜ਼ਾ ਹੀ ਕੁਝ ਹੋਰ ਸੀ!
ਕਿਸੇ ਨੇ ਘਰ ਦਾ ਪਤਾ ਜੋ ਪੁੱਛਿਆ
ਆਏ ਅਸੀਂ ਉਹਨੂੰ ਘਰ ਪਹੁੰਚਾ ਕੇ
ਪਰ ਕਈ ਵਾਰੀ ਹੱਸੇ ਬਹੁਤ
ਉਹਨੂੰ ਪੁੱਠੇ ਰਸਤੇ ਪਾ ਕੇ
ਆਪੂੰ ਸ਼ਰਾਰਤ ਕਰਕੇ ਲੁਕ ਜਾਣ ਦਾ
ਤੇ ਦੂਜੇ ਨੂੰ ਪੀ.ਟੀ. ਮਾਸਟਰ ਤੋਂ ਫੈਂਟੀ ਲਗਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!
ਲੇਖਕ :ਪ੍ਰੀਤਪਾਲ ਸਿੰਘ ਮਿਰਜ਼ਾਪੁਰੀ

Related Articles

Latest Articles

Exit mobile version