ਨਹੀਂ ਠੱਲ੍ਹ ਪੈ ਰਹੀ ਸਾਈਬਰ ਠੱਗੀ ਦੇ ਸਿਲਸਿਲੇ ਨੂੰ

 

ਲੇਖਕ : ਜਗਜੀਤ ਸਿੰਘ
ਸੀਬੀਆਈ ਨੇ ਵਿਦੇਸ਼ੀ ਨਾਗਰਿਕਾਂ ਤੇ ਖ਼ਾਸ ਤੌਰ ‘ਤੇ ਅਮਰੀਕੀ ਨਾਗਰਿਕਾਂ ਨਾਲ ਸਾਈਬਰ ਠੱਗੀ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕਰ ਕੇ 26 ਲੋਕਾਂ ਦੀ ਜਿਹੜੀ ਗ੍ਰਿਫ਼ਤਾਰੀ ਕੀਤੀ, ਉਹ ਇਹੀ ਦੱਸਦੀ ਹੈ ਕਿ ਭਾਰਤ ਵਿਚ ਸਾਈਬਰ ਠੱਗ ਕਿੰਨੇ ਵੱਡੇ ਪੱਧਰ ‘ਤੇ ਸਰਗਰਮ ਹਨ। ਆਪ੍ਰੇਸ਼ਨ ਚੱਕਰ ਤਹਿਤ ਸੀਬੀਆਈ ਨੇ ਸਾਈਬਰ ਠੱਗਾਂ ਖ਼ਿਲਾਫ਼ 32 ਸ਼ਹਿਰਾਂ ਵਿਚ ਛਾਪੇਮਾਰੀ ਕੀਤੀ। ਇਨ੍ਹਾਂ ਵਿੱਚੋਂ ਚਾਰ ਸ਼ਹਿਰਾਂ, ਪੁਣੇ, ਹੈਦਰਾਬਾਦ, ਅਹਿਮਦਾਬਾਦ ਤੇ ਵਿਸ਼ਾਖਾਪਟਨਮ ਵਿਚ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਚਾਰ ਨਾਜਾਇਜ਼ ਕਾਲ ਸੈਂਟਰ ਚਲਾ ਰਹੇ ਸਨ। ਅਜਿਹੇ ਕਾਲ ਸੈਂਟਰ ਪਹਿਲੀ ਵਾਰ ਉਜਾਗਰ ਨਹੀਂ ਹੋਏ। ਇਸ ਤੋਂ ਪਹਿਲਾਂ ਵੀ ਕਈ ਸ਼ਹਿਰਾਂ, ਖ਼ਾਸ ਤੌਰ ‘ਤੇ ਦਿੱਲੀ-ਐੱਨਸੀਆਰ ਵਿਚ ਵੀ ਅਜਿਹੇ ਕਾਲ ਸੈਂਟਰ ਚੱਲਦੇ ਪਾਏ ਗਏ ਹਨ। ਇਨ੍ਹਾਂ ਵਿੱਚੋਂ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਠੱਗਦੇ ਸਨ ਤੇ ਕੁਝ ਭਾਰਤੀ ਨਾਗਰਿਕਾਂ ਨੂੰ। ਕੋਈ ਨਹੀਂ ਜਾਣਦਾ ਕਿ ਪੁਲਿਸ ਤੇ ਹੋਰ ਏਜੰਸੀਆਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿੰਨੇ ਨਾਜਾਇਜ਼ ਕਾਲ ਸੈਂਟਰ ਹਾਲੇ ਵੀ ਲੋਕਾਂ ਨਾਲ ਠੱਗੀ ਕਰਨ ਵਿਚ ਲੱਗੇ ਹੋਣਗੇ। ਆਪਣੇ ਦੇਸ਼ ਵਿਚ ਮੋਬਾਈਲ ਫੋਨ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਪਤਾ ਨਹੀਂ ਕਿੰਨੇ ਗਿਰੋਹ ਜਗ੍ਹਾ-ਜਗ੍ਹਾ ਸਰਗਰਮ ਹਨ। ਪਹਿਲਾਂ ਉਹ ਦੇਸ਼ ਦੇ ਕੁਝ ਹਿੱਸਿਆਂ ਵਿਚ ਸਰਗਰਮ ਸਨ ਪਰ ਹੁਣ ਉਨ੍ਹਾਂ ਦੀ ਸਰਗਰਮੀ ਹਰ ਜਗ੍ਹਾ ਦੇਖੀ ਜਾ ਸਕਦੀ ਹੈ। ਸਾਈਬਰ ਠੱਗ ਕਦੇ ਲੋਕਾਂ ਨੂੰ ਲਾਲਚ ਦੇ ਕੇ ਠੱਗਦੇ ਹਨ, ਕਦੇ ਧਮਕਾ ਕੇ ਅਤੇ ਕਦੇ ਝੂਠੀਆਂ ਤੇ ਭਰਮਾਉਣ ਵਾਲੀਆਂ ਸੂਚਨਾਵਾਂ ਦੇ ਕੇ। ਪਿਛਲੇ ਕੁਝ ਸਮੇਂ ਤੋਂ ਉਹ ਨਕਲੀ ਬੈਂਕ, ਪੁਲਿਸ, ਸੀਬੀਆਈ ਅਤੇ ਕਸਟਮ ਅਧਿਕਾਰੀ ਬਣ ਕੇ ਵੀ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਲੋਕਾਂ ਨੂੰ ਡਿਜੀਟਲ ਅਰੈਸਟ ਕਰ ਕੇ ਠੱਗਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਬਿਨਾਂ ਸ਼ੱਕ ਲੋਕ ਅਗਿਆਨਤਾ ਤੇ ਜਾਣਕਾਰੀ ਦੀ ਘਾਟ ਵਿਚ ਵੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਪਰ ਇਕ ਕਾਰਨ ਇਹ ਵੀ ਹੈ ਕਿ ਸਾਈਬਰ ਠੱਗ ਬੇਲਗਾਮ ਤੇ ਹਿਮਾਕਤੀ ਹੋ ਗਏ ਹਨ। ਕਦੇ-ਕਦਾਈਂ ਤਾਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਪੁਲਿਸ ਤੇ ਸੁਰੱਖਿਆ ਏਜੰਸੀਆਂ ਦਾ ਕੋਈ ਡਰ ਹੀ ਨਹੀਂ ਹੈ। ਜਿਵੇਂ-ਜਿਵੇਂ ਮੋਬਾਈਲ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ ਅਤੇ ਆਨਲਾਈਨ ਲੈਣ-ਦੇਣ ਤੇ ਖ਼ਰੀਦਦਾਰੀ ਦਾ ਚਲਨ ਵਧ ਰਿਹਾ ਹੈ, ਤਿਵੇਂ-ਤਿਵੇਂ ਠੱਗਾਂ ਨੂੰ ਆਪਣੀਆਂ ਸਰਗਰਮੀਆਂ ਵਧਾਉਣ ਦੇ ਮੌਕੇ ਮਿਲ ਰਹੇ ਹਨ। ਮਸਲਾ ਸਿਰਫ਼ ਇਹ ਨਹੀਂ ਕਿ ਸਾਈਬਰ ਠੱਗੀ ਖ਼ਿਲਾਫ਼ ਲੋੜੀਂਦੇ ਨਿਯਮ-ਕਾਨੂੰਨ ਨਹੀਂ ਹਨ। ਸਮੱਸਿਆ ਇਹ ਵੀ ਹੈ ਕਿ ਪੁਲਿਸ ਤੇ ਹੋਰ ਏਜੰਸੀਆਂ ਸਾਈਬਰ ਠੱਗਾਂ ਦੀ ਹਿਮਾਕਤ ਦਾ ਦਮਨ ਕਰਨ ਵਿਚ ਨਾਕਾਮ ਹਨ। ਕਈ ਵਾਰ ਤਾਂ ਉਹ ਠੱਗਾਂ ਦਾ ਪਤਾ ਵੀ ਨਹੀਂ ਲਗਾ ਪਾਉਂਦੀਆਂ। ਇਸ ਕਾਰਨ ਠੱਗੀ ਦੇ ਸ਼ਿਕਾਰ ਬਹੁਤ ਸਾਰੇ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਨਹੀਂ ਮਿਲਦਾ। ਸਾਈਬਰ ਠੱਗੀ ‘ਤੇ ਇਸ ਲਈ ਵੀ ਕਾਬੂ ਨਹੀਂ ਪੈ ਰਿਹਾ ਕਿਉਂਕਿ ਇਹ ਠੱਗ ਫ਼ਰਜ਼ੀ ਨਾਂ ‘ਤੇ ਸਿਮ ਲੈਣ ਵਿਚ ਸਫਲ ਰਹਿੰਦੇ ਹਨ। ਸਮਝਣਾ ਮੁਸ਼ਕਲ ਹੈ ਕਿ ਅਜਿਹਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਸਦਕਾ ਕੋਈ ਫ਼ਰਜ਼ੀ ਨਾਂ ‘ਤੇ ਸਿਮ ਲੈ ਹੀ ਨਾ ਸਕੇ। ਯਕੀਨੀ ਤੌਰ ‘ਤੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨੀ ਨੰਬਰਾਂ ਤੋਂ ਵ੍ਹਟਸਐਪ ਕਾਲ ਕਰ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਹ ਠੀਕ ਨਹੀਂ ਕਿ ਡਿਜੀਟਲ ਹੁੰਦੇ ਭਾਰਤ ਵਿਚ ਸਾਈਬਰ ਠੱਗ ਬੇਲਗਾਮ ਹੁੰਦੇ ਜਾਣ।

Exit mobile version