ਔਕਲੈਂਡ : ਜਿਵੇਂ-ਜਿਵੇਂ ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਨਿਯਮ ਸਖ਼ਤ ਕਰ ਰਿਹਾ ਹੈ, ਵਿਦਿਆਰਥੀ ਹੁਣ ਦੂਜੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਨਵੀਂ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਸਿੱਖਿਆ ਪ੍ਰਾਪਤੀ ਦੇ ਹਿੱਟ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ।
ਨਿਊਜ਼ੀਲੈਂਡ ਦੇ ਤੀਜੇ ਦਰਜੇ ਦੀ ਸਿੱਖਿਆ ਅਤੇ ਹੁਨਰ ਮੰਤਰੀ ਪੈਨੀ ਸਿਮੰਡਜ਼ ਨੇ ਹਾਲ ਹੀ ਵਿੱਚ ਦੱਸਿਆ ਕਿ ਅੰਤਰਰਾਸ਼ਟਰੀ ਸਿੱਖਿਆ ਖੇਤਰ ਵਿੱਚ 24% ਵਾਧਾ ਹੋਇਆ ਹੈ। ਇਹ ਵਾਧਾ 2023 ਦੇ ਕੁੱਲ ਦਰਜੇ ਨਾਲੋਂ 6% ਜ਼ਿਆਦਾ ਹੈ। ਉਨ੍ਹਾਂ ਮੁਤਾਬਕ, 2024 ਦੇ ਜਨਵਰੀ ਤੋਂ ਅਗਸਤ ਤੱਕ 73,535 ਵਿਦਿਆਰਥੀਆਂ ਦਾ ਦਾਖਲਾ ਹੋਇਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਹੈ।
ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤ ਅਤੇ ਚੀਨ ਦੇ ਵਿਦਿਆਰਥੀ ਪ੍ਰਮੁੱਖ ਹਿੱਸੇਦਾਰ ਹਨ। ਭਾਰਤੀ ਵਿਦਿਆਰਥੀ ਮਿਆਰੀ ਸਿੱਖਿਆ, ਕੁਦਰਤੀ ਸੁੰਦਰਤਾ ਅਤੇ ਵਧੀਆ ਨੌਕਰੀ ਦੇ ਮੌਕੇ ਕਾਰਨ ਨਿਊਜ਼ੀਲੈਂਡ ਦਾ ਚੋਣ ਕਰ ਰਹੇ ਹਨ। ਸਿਮੰਡਜ਼ ਮੁਤਾਬਕ “ਇਹ ਵਿਦਿਆਰਥੀ ਸਿਰਫ਼ ਸਾਡੇ ਕੈਂਪਸ ਨੂੰ ਅਮੀਰ ਨਹੀਂ ਬਣਾਉਂਦੇ, ਬਲਕਿ ਸਾਡੇ ਸਥਾਨਕ ਕਾਰੋਬਾਰਾਂ ਅਤੇ ਭਾਈਚਾਰਿਆਂ ਵਿੱਚ ਭਾਰਵਾਂ ਯੋਗਦਾਨ ਪਾਉਂਦੇ ਹਨ।”
ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਨੇ 31,345 ਵਿਦਿਆਰਥੀਆਂ ਨੂੰ ਦਾਖਲ ਕੀਤਾ ਹੈ, ਜਿਸ ਵਿੱਚ 14% ਵਾਧਾ ਦਰਜ ਕੀਤਾ ਗਿਆ। ਸਕੂਲਾਂ ਵਿੱਚ 33% ਵਾਧਾ ਹੋਇਆ, ਜਿਸ ਵਿੱਚ ਪ੍ਰਾਇਮਰੀ ਸਕੂਲਾਂ ਦੇ ਦਾਖਲਿਆਂ ਵਿੱਚ 69% ਦਾ ਵਾਧਾ ਹੋਇਆ। ਫੰਡ ਪ੍ਰਾਪਤ ਪ੍ਰਾਈਵੇਟ ਸਿਖਲਾਈ ਅਦਾਰਿਆਂ ਨੇ 80% ਵਾਧਾ ਦਰਸਾਇਆ।