ਔਟਵਾ : ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਨਵੀਂ ਟਿੱਪਣੀ ਵਿੱਚ ਕੈਨੇਡਾ ਨੂੰ ”ਗ੍ਰੇਟ ਸਟੇਟ” ਕਿਹਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ”ਗਵਰਨਰ” ਕਰਾਰ ਦਿੱਤਾ। ਟਰੰਪ ਨੇ ਇਹ ਟਿੱਪਣੀ ਸੋਸ਼ਲ ਮੀਡੀਆ ‘ਤੇ ਮੰਗਲਵਾਰ ਨੂੰ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਦੇ ”ਗਵਰਨਰ” ਨਾਲ ਮਿਲ ਕੇ ਵਪਾਰ ਅਤੇ ਟੈਰਿਫ ਸਬੰਧੀ ਮਸਲਿਆਂ ‘ਤੇ ਚਰਚਾ ਕਰਨ ਦੀ ਉਮੀਦ ਕਰਦੇ ਹਨ।
ਇਹ ਦੂਜੀ ਵਾਰ ਹੈ ਜਦੋਂ ਟਰੰਪ ਨੇ ਇਸ਼ਾਰਾ ਦਿੱਤਾ ਹੈ ਕਿ ਕੈਨੇਡਾ ਨੂੰ ਅਮਰੀਕਾ ਵਿਚ ਰਲ ਜਾਣਾ ਚਾਹੀਦਾ ਹੈ। ਪਿਛਲੇ ਮਹੀਨੇ ਫ਼ਲੋਰਿਡਾ ਵਿੱਚ ਜਸਟਿਨ ਟ੍ਰੂਡੋ ਨਾਲ ਡਿਨਰ ਦੌਰਾਨ ਟਰੰਪ ਨੇ ਮਜ਼ਾਕ ਕਰਦਿਆਂ ਕਿਹਾ ਸੀ ਕਿ ਜੇ ਕੈਨੇਡਾ ਅਮਰੀਕੀ ਟੈਰਿਫਾਂ ਦੇ ਆਰਥਿਕ ਪ੍ਰਭਾਵਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣ ਜਾਣਾ ਚਾਹੀਦਾ ਹੈ। ਐਤਵਾਰ ਨੂੰ ਂਭਛ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਟਰੰਪ ਨੇ ਇਸ ਗੱਲ ਨੂੰ ਫਿਰ ਦੁਹਰਾਇਆ, ਜਿਸ ਨਾਲ ਕੈਨੇਡਾ ਵਿੱਚ ਸਿਆਸੀ ਹਲਚਲ ਹੋਈ। ਟਰੰਪ ਨੇ ਆਪਣੇ ਪੋਸਟ ਵਿੱਚ ਕਿਹਾ, ”ਗ੍ਰੇਟ ਸਟੇਟ ਔਫ਼ ਕੈਨੇਡਾ ਦੇ ਗਵਰਨਰ ਜਸਟਿਨ ਟ੍ਰੂਡੋ ਨਾਲ ਡਿਨਰ ਕਰ ਕੇ ਬਹੁਤ ਖੁਸ਼ੀ ਹੋਈ। ਮੈਂ ਜਲਦੀ ਹੀ ਉਨ੍ਹਾਂ ਨਾਲ ਵਪਾਰ ਅਤੇ ਟੈਰਿਫ ਦੇ ਮਸਲਿਆਂ ‘ਤੇ ਗੱਲਬਾਤ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।”
ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਟਰੰਪ ਦੀਆਂ ਟੈਰਿਫ ਧਮਕੀਆਂ ਦਾ ਜਵਾਬ ਦੇਣ ਲਈ ਤਿਆਰ ਹੈ। ਟਰੂਡੋ ਨੇ ਅਮਰੀਕੀ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਦੇ ਪਹਿਲੇ ਟਰੰਪ ਕਾਰਜਕਾਲ ਦੌਰਾਨ ਕੀਤੇ ਜਵਾਬੀ ਕਦਮਾਂ ਦਾ ਹਵਾਲਾ ਦਿੰਦਿਆਂ ਕਿਹਾ, ”ਅਸੀਂ ਬੇਸ਼ੱਕ ਅਜਿਹੀ ਕਾਰਵਾਈ ਕਈ ਤਰੀਕਿਆਂ ਨਾਲ ਦੁਹਰਾਵਾਂਗੇ।” ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਵੀ ਟਰੰਪ ਦੀਆਂ ਟਿੱਪਣੀਆਂ ਨੂੰ ਹਲਕੇ ਵਿੱਚ ਨਹੀਂ ਲਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੈਨੇਡਾ ਨੂੰ ਇਹ ਟਿੱਪਣੀਆਂ ਕਿੰਨੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ, ਫ਼੍ਰੀਲੈਂਡ ਨੇ ਕਿਹਾ ਕਿ ਇਹ ਪੁੱਛਣ ਲਈ ਟਰੰਪ ਦੇ ਕੋਲ ਜਾਓ ਕਿ ਉਹ ਇਸ ਗੱਲ ਵਿੱਚ ਕਿੰਨੇ ਸੰਜੀਦਾ ਹਨ।
ਫ਼੍ਰੀਲੈਂਡ ਨੇ ਦ੍ਰਿੜਤਾ ਨਾਲ ਕਿਹਾ, ”ਸਾਡੀ ਸਰਕਾਰ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ।”
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਐਵ ਨੇ ਇਸ ਮਾਮਲੇ ‘ਤੇ ਟਰੂਡੋ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਟਰੂਡੋ ਦੀ ਕਮਜ਼ੋਰ ਨੇਤ੍ਰਿਤਾ ਕਰਕੇ ਹੀ ਟਰੰਪ ਨੂੰ ਕੈਨੇਡਾ ਬਾਰੇ ਅਜਿਹੀਆਂ ਟਿੱਪਣੀਆਂ ਕਰਨ ਦਾ ਮੌਕਾ ਮਿਲਦਾ ਹੈ। ਪੌਲੀਐਵ ਨੇ ਕਿਹਾ, ”ਜਸਟਿਨ ਟਰੂਡੋ ਇੱਕ ਕਮਜ਼ੋਰ ਨੇਤਾ ਹਨ, ਜਿਸ ਕਰਕੇ ਕੈਨੇਡਾ ਨੂੰ ਦੁਨੀਆ ਭਰ ਵਿੱਚ ਇੱਜ਼ਤ ਨਹੀਂ ਮਿਲਦੀ।”
ਉਨ੍ਹਾਂ ਦਾਅਵਾ ਕੀਤਾ ਕਿ ਇੱਕ ਮਜ਼ਬੂਤ ਨੈਤਿਕ ਸਥਿਤੀ ਕੈਨੇਡਾ ਦੇ ਅਮਰੀਕਾ ਨਾਲ ਰਿਸ਼ਤਿਆਂ ਨੂੰ ਬੇਹਤਰ ਕਰ ਸਕਦੀ ਹੈ। ”ਕੈਨੇਡਾ ਇੱਕ ਆਜ਼ਾਦ, ਮਜ਼ਬੂਤ ਅਤੇ ਮਾਣਮੱਤਾ ਵਾਲਾ ਦੇਸ਼ ਹੈ। ਅਸੀਂ ਆਪਣੀ ਪਛਾਣ ਕਾਇਮ ਰੱਖਣ ਲਈ ਜਰੂਰੀ ਸਾਰੇ ਕਦਮ ਚੁੱਕਾਂਗੇ।”
ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਟਰੰਪ ਦੀਆਂ ਟਿੱਪਣੀਆਂ ਜਨਤਕ ਮਜ਼ਾਕ ਤੋਂ ਵੱਧ ਨਹੀਂ ਹਨ। ਪਰ ਇਹ ਟਿੱਪਣੀਆਂ ਕੈਨੇਡਾ-ਅਮਰੀਕਾ ਦੇ ਵਪਾਰਕ ਰਿਸ਼ਤਿਆਂ ਵਿੱਚ ਪੇਚੀਦਗੀ ਪੈਦਾ ਕਰ ਸਕਦੀਆਂ ਹਨ। ਕੈਨੇਡਾ ਅਮਰੀਕਾ ਲਈ ਇੱਕ ਮਹੱਤਵਪੂਰਨ ਵਪਾਰਕ ਸਾਥੀ ਹੈ। ਹਰ ਰੋਜ਼ ਲਗਭਗ 3.6 ਬਿਲੀਅਨ ਕੈਨੇਡੀਅਨ ਡਾਲਰ ਮੁੱਲ ਦੀਆਂ ਵਸਤਾਂ ਅਤੇ ਸੇਵਾਵਾਂ ਦੋਨੋਂ ਦੇਸ਼ਾਂ ਦੀ ਸਰਹੱਦ ਪਾਰ ਕਰਦੀਆਂ ਹਨ। ਟਰੰਪ ਦੀਆਂ ਨੀਤੀਆਂ ਅਤੇ ਟਿੱਪਣੀਆਂ ਇਸ ਸਬੰਧ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ, ਇਹ ਅਗਲੇ ਕੁੱਝ ਹਫਤਿਆਂ ਵਿੱਚ ਸਪੱਸ਼ਟ ਹੋਵੇਗਾ।