ਬੱਚਿਆਂ ਨੂੰ ਬਣਾਓ ਆਤਮ-ਵਿਸ਼ਵਾਸੀ

 

 

ਲੇਖਕ : ਪ੍ਰਵੀਨ ਅਬਰੋਲ, ਸੰਪਰਕ 98782-49944
ਮਾਂ-ਬਾਪ ਦੁਆਰਾ ਬੱਚਿਆਂ ਵਿਚ ਪੈਦਾ ਕੀਤਾ ਗਿਾ ਆਤਮ-ਵਿਸ਼ਵਾਸ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਤੇ ਇਸ ਨੂੰ ਸਫ਼ਲਤਾ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਜਿਹੜਾ ਸਾਰੀ ਉਮਰ ਉਨ੍ਹਾਂ ਨਾਲ ਨਿਭਦਾ ਹੈ ਅਤੇ ਮੁਸ਼ਕਿਲ ਘੜੀ ਵਿਚ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਲੜਾਈ ਲੜਨ ਦਾ ਬਲ ਬਖ਼ਸ਼ਦਾ ਹੈ। ਸਾਰਾ ਜੀਵਨ ਇਸ ‘ਤੇ ਨਿਰਭਰ ਕਰਦਾ ਹੈ, ਜਿਵੇਂ ਵਿਅਕਤੀਤਵ ਵਿਚ ਨਿਖਾਰ ਆਉਂਦਾ ਹੈ, ਸਾਕਾਰਾਤਮਿਕ ਊਰਜਾ ਦਾ ਵਿਕਾਸ ਹੁੰਦਾ ਹੈ, ਚਰਤਿੱਰ ਨਿਰਮਾਣ ਵਿਚ ਸਹਾਇਤਾ ਮਿਲਦੀ ਹੈ। ਜਦੋਂ ਬੱਚੇ ਆਪਣੇ ‘ਤੇ ਵਿਸ਼ਵਾਸ ਕਰਨਾ ਸਿੱਖ ਜਾਂਦੇ ਹਨ ਤਾਂ ਜ਼ਿੰਦਗੀ ਦੀ ਹਰ ਮੁਸੀਬਤ ਛੋਟੀ ਲੱਗਣ ਲੱਗ ਜਾਂਦੀ ਹੈ। ਜ਼ਿੰਦਾਦਿਲੀ ਦੇ ਹੌਸਲੇ ਕਈ ਗੁਣਾ ਵਧ ਜਾਂਦੇ ਹਨ। ਹਰ ਮਾਂ-ਬਾਪ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਭਾਵੇਂ ਸਹੂਲਤਾਂ ਦੇਣ ਵਿਚ ਕਿਤੇ ਕਮੀ ਰਹਿ ਜਾਵੇ, ਪਰ ਉਨ੍ਹਾਂ ਵਿਚ ਆਤਮ-ਵਿਸ਼ਵਾਸ ਦੀ ਕਦੀ ਕਮੀ ਨਹੀਂ ਆਉਣੀ ਚਾਹੀਦੀ। ਮਾਂ-ਬਾਪ ਦੇ ਨਾਲ-ਨਾਲ ਅਧਿਆਪਕ ਵੀ ਬੱਚਿਆਂ ਦੇ ਮਨੋਬਲ ਨੂੰ ਵਧਾਉਣ ਲਈ ਵੱਡਾ ਯੋਗਦਾਨ ਪਾ ਸਕਦੇ ਹਨ।
ਬੱਚੇ ਵੀ ਇੱਜ਼ਤ ਚਾਹੁੰਦੇ ਹਨ, ਜਦੋਂ ਵੀ ਉਹ ਕੋਈ ਚੰਗਾ ਕੰਮ ਕਰਨ ਤਾਂ ਉਨ੍ਹਾਂ ਦੀ ਪ੍ਰਸੰਸਾ ਜ਼ਰੂਰ ਕਰੋ, ਉਹ ਆਪਣੇ-ਆਪ ਨੂੰ ਪ੍ਰੇਰਿਤ ਮਹਿਸੂਸ ਕਰਨਗੇ। ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਜਾਵੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਬੇਸਮਝ ਹਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਗ਼ਲਤੀ ਵੀ ਉਸ ਕੋਲੋਂ ਹੀ ਹੁੰਦੀ ਹੈ ਜੋ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ। ਗ਼ਲਤੀ ਨੂੰ ਸੁਧਾਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕਦੀ ਇਕੱਲਾ ਰਹਿਣ ਦੀ ਆਦਤ ਨਾ ਪਾਓ ਬਲਕਿ ਦੂਜਿਆਂ ਵਿਚ ਵਿਚਰਨ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਉਹ ਕੁਝ ਨਵਾਂ ਸਿੱਖ ਕੇ ਜੀਵਨ ਵਿਚ ਢਾਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਵੀ ਜੀਵਨ ਦੇ ਡੂੰਘੇ ਸਬਕ ਸਿਖਾ ਜਾਂਦੀਆਂ ਹਨ। ਇਸ ਸਮੇਂ ਸਾਨੂੰ ਲਿੰਗ ਭੇਦ ਤੋਂ ਉੱਪਰ ਉੱਠ ਕੇ ਬੱਚਿਆਂ ਨੂੰ ਛੋਟੇ-ਛੋਟੇ ਕੰਮ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਸੋਈ ਘਰ ‘ਚ ਵੀ ਮਾਂ ਨਾਲ ਹੱਥ ਵਟਾਉਣਾ, ਆਪਣੀਆਂ ਚੀਜ਼ਾਂ ਨੂੰ ਆਪ ਸੰਭਾਲਣਾ, ਛੋਟੇ ਭੈਣ ਭਰਾਵਾਂ ਦਾ ਧਿਆਨ ਰੱਖਣਾ ਆਦਿ। ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦੁਆਰਾ ਊਰਜਾ ਦਾ ਪ੍ਰਵਾਹ ਹੁੰਦਾ ਹੈ। ਮਾਂ-ਬਾਪ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਰੂਰਤ ਤੋਂ ਜ਼ਿਆਦਾ ਅਤੇ ਝੂਠੀ ਪ੍ਰਸੰਸਾ ਨਹੀਂ ਕਰਨੀ ਚਾਹੀਦੀ, ਕਿਉਂਕਿ ਅਕਸਰ ਬੱਚੇ ਅਤਿ ਆਤਮਵਿਸ਼ਵਾਸੀ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਹਾਲਾਤ ਦਾ ਸਾਹਮਣਾ ਕਰਨ ਵਿਚ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਹਰੇਕ ਬੱਚੇ ਵਿਚ ਕੋਈ ਨਾ ਕੋਈ ਹੁਨਰ ਛੁਪਿਆ ਹੁੰਦਾ ਹੈ, ਬਚਪਨ ਤੋਂ ਹੀ ਉਸ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੋ ਅਤੇ ਉਸ ਵਿਚ ਮਾਹਿਰ ਹੋਣ ਲਈ ਉਸ ਦੀ ਮਦਦ ਕਰੋ। ਉਸ ਦੇ ਨਾਲ ਸੰਬੰਧਿਤ ਛੋਟੀਆਂ-ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖੋ ਅਤੇ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿਓ। ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਉਨ੍ਹਾਂ ਦਾ ਕਰੀਅਰ ਚੁਣਨ ਦੀ ਆਜ਼ਾਦੀ ਦਿਓ। ਕਦੀ ਵੀ ਉਨ੍ਹਾਂ ਉੱਤੇ ਆਪਣੀ ਮਰਜ਼ੀ ਥੋਪਣ ਦੀ ਕੋਸ਼ਿਸ਼ ਨਾ ਕਰੋ। ਬੱਚਿਆਂ ਦੇ ਵੀ ਕੁਝ ਸੁਪਨੇ ਹੁੰਦੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸਲਾਹ ਦਿਓ, ਸਾਥ ਦਿਓ। ਪਰ ਕਿਸੇ ਖ਼ਾਸ ਕਿੱਤੇ ਨੂੰ ਅਪਣਾਉਣ ਲਈ ਮਜਬੂਰ ਨਾ ਕਰੋ। ਉਨ੍ਹਾਂ ਦੀ ਪਸੰਦ ਦਾ ਵੀ ਜ਼ਰੂਰ ਧਿਆਨ ਰੱਖੋ ਅਤੇ ਜ਼ਿੰਦਗੀ ਦੇ ਫ਼ੈਸਲੇ ਲੈਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਪਣਾ ਸਹਿਯੋਗ ਵੀ ਜ਼ਰੂਰ ਦਿਓ। ਵਾਰ-ਵਾਰ ਬੱਚਿਆਂ ਦੀ ਦੂਸਰਿਆਂ ਨਾਲ ਤੁਲਨਾ ਨਾ ਕਰੋ। ਇਕ ਚੰਗਾ ਗਾ ਸਕਦਾ ਹੈ ਤਾਂ ਦੂਜਾ ਚੰਗਾ ਨੱਚ ਸਕਦਾ ਹੈ। ਤੁਲਨਾ ਬੱਚਿਆਂ ਨੂੰ ਪੀੜਾ ਪਹੁੰਚਾਉਂਦੀ ਹੈ ਤੇ ਉਹ ਆਪਣੇ-ਆਪ ਨੂੰ ਹੀਨ ਸਮਝਣ ਲੱਗ ਜਾਂਦੇ ਹਨ। ਇਸ ਲਈ ਹਮੇਸ਼ਾ ਬੱਚਿਆਂ ਦੇ ਆਸ-ਪਾਸ ਰਹੋ, ਆਜ਼ਾਦੀ ਦਿਓ, ਪਰ ਲੋੜ ਪੈਣ ‘ਤੇ ਨਜ਼ਰ ਵੀ ਰੱਖੋ। ਸੋਸ਼ਲ ਮਡੀਆ ਦੇ ਯੁੱਗ ਵਿਚ ਬੱਚਿਆਂ ਦੀ ਸਰੀਰਕ ਕਸਰਤ ਬਹੁਤ ਘਟ ਗਈ ਹੈ। ਪਹਿਲਾਂ ਬੱਚੇ ਖੇਡ-ਖੇਡ ਵਿਚ ਹੀ ਬਹੁਤ ਕੁਝ ਸਿੱਖ ਲੈਂਦੇ ਸਨ। ਅਜੋਕੇ ਸਮੇਂ ਵਿਚ ਉਨ੍ਹਾਂ ਨੂੰ ਮਾਂ-ਬਾਪ ਦੇ ਮਾਰਗਦਰਸ਼ਨ ਦੀ ਬਹੁਤ ਲੋੜ ਹੁੰਦੀ ਹੈ। ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰੋ ਤੇ ਇਸ ਦੇ ਨਾਲ ਯੋਗ ਅਤੇ ਮੈਡੀਟੇਸ਼ਨ ਬਾਰੇ ਵੀ ਜਾਗਰੂਕ ਕਰੋ। ਸਮਾਜ ਵਿਚ ਵਿਚਰਨ ਵਾਲੀਆਂ ਬੁਰਾਈਆਂ ਖ਼ਾਸ ਤੌਰ ‘ਤੇ ਨਸ਼ੇ ਦੇ ਨੁਕਸਾਨ ਬਾਰੇ ਜ਼ਰੂਰ ਦੱਸੋ। ਬੱਚਿਆਂ ਦੀ ਹਰ ਗੱਲ ਦਾ ਜਵਾਬ ਦੇਵੋ, ਉਨ੍ਹਾਂ ਨੂੰ ਕਦੀ ਵੀ ਨਜ਼ਰ-ਅੰਦਾਜ਼ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਗਾਂਹ ਵਧਣ ਲਈ ਸਿਰਫ਼ ਮਾਂ-ਬਾਪ ਹੀ ਉਨ੍ਹਾਂ ਨੂੰ ਪ੍ਰੇਰਿਤ ਕਰ ਸਕਦੇ ਹਨ।
ਬੱਚੇ ਵੀ ਪਰਿਵਾਰ ਦਾ ਅਹਿਮ ਹਿੱਸਾ ਹੁੰਦੇ ਹਨ, ਸਮੇਂ-ਸਮੇਂ ‘ਤੇ ਉਨ੍ਹਾਂ ਦੀ ਸਲਾਹ ਵੀ ਜ਼ਰੂਰ ਲਵੋ ਅਤੇ ਲੋੜੀਂਦੀ ਜਾਣਕਾਰੀ ਵੀ ਆਪਸ ਵਿਚ ਸਾਂਝੀ ਕਰੋ। ਇਸ ਤਰ੍ਹਾਂ ਨਾਲ ਬੱਚਾ ਆਪਣੇ-ਆਪ ਨੂੰ ਪਰਿਵਾਰ ਦਾ ਜ਼ਰੂਰੀ ਅੰਗ ਸਮਝਦਾ ਹੈ। ਸਰੀਰਕ ਅਤੇ ਮਾਨਸਿਕ ਸੰਤੁਲਨ ਬਣਾਉਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਉਸ ਦਾ ਆਤਮ-ਵਿਸ਼ਵਾਸ ਕਈ ਗੁਣਾ ਵਧ ਜਾਂਦਾ ਹੈ। ਜਿੱਤ-ਹਾਰ ਨਾਲੋਂ ਮਾਂ-ਬਾਪ ਨੂੰ ਬੱਚਿਆਂ ਦੀ ਮਿਹਨਤ ‘ਤੇ ਭਰੋਸਾ ਹੋਣਾ ਚਾਹੀਦਾ ਹੈ ਜਿਹੜਾ ਜੀਵਨ ਵਿਚ ਹਰ ਤਰ੍ਹਾਂ ਦਾ ਜ਼ੋਖਮ ਉਠਾਉਣ ਦੀ ਤਾਕਤ ਦਿੰਦਾ ਹੈ। ਪਹਿਲਾਂ ਸਕੂਲ ਉਨ੍ਹਾਂ ਦਾ ਘਰ ਹੁੰਦਾ ਹੈ ਅਤੇ ਮਾਂ-ਬਾਪ ਅਧਿਆਪਕ, ਬੱਚਿਆਂ ਦੇ ਰੋਲ ਮਾਡਲ ਬਣੋ ਅਤੇ ਹਰ ਖੇਤਰ ਵਿਚ ਉਨ੍ਹਾਂ ਦੀ ਪਛਾਣ ਬਣਾਉਣ ਲਈ ਉਨ੍ਹਾਂ ਨੂੰ ਆਤਮ-ਵਿਸ਼ਵਾਸੀ ਬਣਾਓ ਤਾਂ ਕਿ ਵੱਡੇ ਹੋ ਕੇ ਮਾਂ-ਬਾਪ, ਸਮਾਜ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।

Exit mobile version