ਇੱਕ ਲਾਸਾਨੀ ਸ਼ਖਸੀਅਤ ਪ੍ਰੋ, ਸਾਹਿਬ ਸਿੰਘ ਜੀ ਨੂੰ ਯਾਦ ਕਰਦਿਆਂ…

 

ਲੇਖਕ : ਅਮਰ ਜੀਤ ਸਿੰਘ ਚੰਦੀ
ਫੋਨ: 9756264621, 95685 41414
ਪ੍ਰੋ, ਸਾਹਿਬ ਸਿੰਘ ਜੀ ਦੀ ਲਾਸਾਨੀ ਸ਼ਖਸੀਅਤ ਬਾਰੇ, ਮੇਰੀ ਕਲਮ, ਠੀਕ ਇੰਸਾਫ ਕਰਨ ਦੇ ਸਮਰੱਥ ਤਾਂ ਨਹੀਂ ਹੈ, ਬਸ ਇਵੇਂ ਸਮਝੋ ਕਿ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਨ ਦਾ ਉਪ੍ਰਾਲਾ ਕਰ ਰਿਹਾ ਹਾਂ। ਪ੍ਰੋ, ਸਾਹਿਬ ਇੱਕ ਸ਼ਖਸ ਤੋਂ ਕਿਤੇ ਵੱਧ ਇੱਕ ਸੰਸਥਾ ਸਨ, ਸੰਸਥਾ ਵੀ ਅਜਿਹੀ, ਜਿਸ ਦੀ ਬਰਾਬਰੀ ਤਾਂ ਕਿਸੇ ਸੰਸਥਾ ਨੇ ਕੀ ਕਰਨੀ ਹੈ, ਉਨ੍ਹਾਂ ਦੇ ਪਰਛਾਵੇਂ ਨੂੰ ਵੀ ਨਹੀਂ ਛੋਹ ਸਕਦੀ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦੁਨੀਆ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਨੂੰ ਬਣਿਆਂ ਹੋਰ ਦੱਸ ਸਾਲਾਂ ਨੂੰ ਇੱਕ ਸਦੀ ਹੋ ਜਾਣੀ ਹੈ। ਇਹ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ, ਜਿਸ ਵਿੱਚ ਸਿੱਖੀ ਦੇ ਪਰਚਾਰ ਲਈ ਹਜ਼ਾਰਾਂ ਕਰਮਚਾਰੀ ਹਨ। ਜਿਸ ਦਾ ਸਾਲਾਨਾ ਬਜਟ ਚਾਰ ਅਰਬ ਰੁਪਏ ਤੋਂ ਉਪਰ ਹੈ। ਇਸ ਸੰਸਥਾ ਨੇ ਇੱਕ ਸਦੀ ਵਿੱਚ ਵੀ ਏਨਾ ਕੰਮ ਨਹੀਂ ਕੀਤਾ ਜਿੰਨਾ ਪ੍ਰੋ, ਸਾਹਿਬ ਸਿੰਘ ਜੀ ਨੇ, ਇਕੱਲਿਆਂ ੩੦, ੪੦ ਸਾਲ ਵਿੱਚ ਕਰ ਦਿੱਤਾ ਸੀ। (ਬਲਕਿ ਅਸਲੀਅਤ ਤਾਂ ਇਹ ਹੈ ਕਿ ਪ੍ਰੋ, ਸਾਹਿਬ ਨੇ ਵਿਆਕਰਣ ਦੀ ਖੋਜ ਕਰ ਕੇ, ਦਰਪਣ ਰਾਹੀਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰ ਕੇ ਜੋ ਜਾਗ੍ਰਤੀ ਪੰਥ ਵਿੱਚ ਲਿਆਂਦੀ ਸੀ ਉਹ ਹਰ ਦਿਨ ਦੇ ਨਾਲ ਵੱਧ ਰਹੀ ਹੈ। ਦੂਸਰੇ ਪਾਸੇ ੧੯੨੦ ਵਿੱਚ ਜੋ ਜਾਗ੍ਰਤੀ ਪ੍ਰੋ, ਗੁਰਮੁਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ ਨੇ ਪੰਥ ਵਿੱਚ ਲਿਆਂਦੀ ਸੀ ਉਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹਰ ਦਿਨ, ਨਿਰੰਤਰ ਘਾਟਾ ਹੋ ਰਿਹਾ ਹੈ) ਪ੍ਰੋ, ਸਾਹਿਬ ਸਿੰਘ ਜੀ ਨੇ ਵਿਆਕਰਣ ਰਾਹੀਂ ਪੁਜਾਰੀ ਲਾਣੇ, ਸੰਤ ਯੂਨੀਅਨ ਨੂੰ ਨੱਥ ਪਾਈ ਹੈ, ਜਦ ਕਿ ਸੰਤ ਯੂਨੀਅਨ ਨੇ ਵੋਟਾਂ ਆਸਰੇ ਸ਼੍ਰੋਮਣੀ ਕਮੇਟੀ ਨੂੰ ਨੱਥ ਪਾਈ ਹੋਈ ਹੈ।
ਇਹ ਉਸ ਹਾਲਤ ਵਿੱਚ ਹੈ ਜਦ ਕਿ ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਲਈ ਸਿੱਖ, ਹਰ ਸਾਲ ਅਰਬਾਂ ਰੁਪਏ ਦਿੰਦੇ ਹਨ, ਉਸ ਕੋਲ ਹਰ ਤਰ੍ਹਾਂ ਦੇ ਸਾਧਨ ਹਨ। ਦੂਸਰੇ ਪਾਸੇ ਪ੍ਰੋ, ਸਾਹਿਬ ਸਿੰਘ ਨੇ ਸਾਰਾ ਖਰਚਾ ਅਪਣੇ ਕੋਲੋਂ ਕੀਤਾ ਹੈ, ਉਹ ਵੀ ਉਸ ਹਾਲਤ ਵਿਚ, ਜਦ ਕਿ ਉਨ੍ਹਾਂ ਕੋਲ ਬੱਸ ਦਾ ਕਿਰਾਇਆ ਵੀ ਨਾ ਹੋਣ ਕਾਰਨ, ੩੫, ੩੬, ਮੀਲ਼, ਲਗਭਗ ੬੦ ਕਿਲੋਮੀਟਰ ਪੈਦਲ ਚਲ ਕੇ ਜਾਣਾ ਪੈਂਦਾ ਸੀ। ਰਸਤੇ ਵਿੱਚ ਜੇ ਟੁੱਟੀ ਹੋਈ ਜੁੱਤੀ ਜਵਾਬ ਦੇ ਗਈ ਤਾਂ ਉਸ ਨੂੰ ਰਾਹ ਵਿੱਚ ਹੀ ਸਿੱਟ ਕੇ ਨੰਗੇ ਪੈਰੀਂ ਹੀ ਜਾਣਾ ਪਿਆ। ਕਰਾਇਆ ਨਾ ਹੋਣ ਦੀ ਸੂਰਤ ਵਿਚ, ਗੱਡੀ ਤੇ ਚੜ੍ਹਨ ਲਈ ੪੦ ਮੀਲ ਤੱਕ ਪੈਦਲ ਚਲ ਕੇ ਜਾਣਾ ਹੁੰਦਾ ਸੀ। ਉਨ੍ਹਾਂ ਨੂੰ ਸਕੂਲ ਦੇ ਹੋਸਟਲ ਵਿੱਚ ੨੦ ਸੇਰ ਆਟਾ ਪਹੁੰਚਾਉਣ ਲਈ, ਉਨ੍ਹਾਂ ਦੇ ਦੋ ਛੋਟੇ ਭਰਾਵਾਂ ਨੂੰ ਹਰ ਮਹੀਨੇ, ਆਟਾ ਸਿਰ ਤੇ ਚੁਕ ਕੇ ਵੀਹ ਮੀਲ, ੩੩ ਕਿਲੋਮੀਟਰ ਕਰੀਬ, ਪੈਦਲ ਜਾਣਾ ਅਤੇ ਵਾਪਸ ਆਉਣਾ ਪੈਂਦਾ ਸੀ। ਇੱਕ ਵਾਰ ਤਾਂ ਉਨ੍ਹਾਂ ਨੂੰ ਲਗਾਤਾਰ ਦੋ ਦਿਨ ਚਲ ਕੇ ਸਕੂਲ ਜਾਣਾ ਪਿਆ ਸੀ। ਅਜਿਹੀ ਹਾਲਤ ਵਿੱਚ ਕੋਈ ਵੱਡੀ ਤੋਂ ਵੱਡੀ ਸੰਸਥਾ ਵੀ ਪ੍ਰੋ, ਸਾਹਿਬ ਦੇ ਨੇੜੇ ਤੇੜੇ ਵੀ ਅਪੜਦੀ ਨਹੀਂ ਨਜ਼ਰ ਆਉਂਦੀ।
(ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਪ੍ਰੋ, ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਡੇਰਾਵਾਦੀਆਂ ਨੇ ਦਰਪਣ ਛਾਪਣ ਤੋਂ ਮਨ੍ਹਾ ਕਰ ਦਿੱਤਾ ਸੀ। ਉਹੀ ਸ਼ਰੋਮਣੀ ਕਮੇਟੀ, ਗੁਰ ਬਿਲਾਸ ਪਾ, ੬। ਸਿੱਖ ਇਤਿਹਾਸ ਜਿਹੀਆਂ, ਗੁਰਮਤ ਸਿਧਾਂਤ ਦਾ ਵਿਰੋਧ ਕਰਦੀਆਂ ਅਨੇਕਾਂ ਕਿਤਾਬਾਂ ਸਿੱਖਾਂ ਦੇ ਦਸਵੰਧ ਨਾਲ ਛਾਪਦੀ ਹੈ।)
ਜੇ ਉਸ ਬੰਦੇ ਦੇ ਕੱਦ ਵਲ ਨਜ਼ਰ ਮਾਰਦਾ ਹਾਂ, ਜਿਸ ਨੂੰ ਉਸ ਦੇ ਮਾਸਟਰ ਨੇ ਕਿਹਾ ਸੀ ‘ਨੱਥੂ ਰਾਮਾ ਤੇਰੀ ਔਲਾਦ ਤਾਂ ਢਾਂਗਿਆਂ ਨਾਲ ਬਤਾਊਂ ਤੁੜਿਆ ਕਰੇਗੀ ‘ਤਾਂ ਮੈਨੂੰ ਹੀ ਨਹੀਂ ਉਨ੍ਹਾਂ ਦੇ ਸਪੁੱਤ੍ਰ, ਏਸ਼ੀਆ ਦੇ ਸਭ ਤੋਂ ਵੱਧ ਸਿਰਕੱਢ, ਅੱਖਾਂ ਦੇ ਡਾਕਟਰ, ਸ੍ਰ, ਦਲਜੀਤ ਸਿੰਘ ਨੂੰ ਵੀ ਅਪਣਾ ਕੱਦ ਬੌਣਾ ਜਾਪਦਾ ਹੈ, ਅੱਜ ਵੀ ਉਨ੍ਹਾਂ ਨੂੰ ਪ੍ਰੋ, ਸਾਹਿਬ ਸਿੰਘ ਦੇ ਸਪੁਤ੍ਰ ਵਜੋਂ ਜ਼ਿਆਦਾ ਜਾਣਿਆ ਜਾਂਦਾ ਹੈ। ਉਸ ਮਹਾਨ ਸ਼ਖਸੀਅਤ ਦੇ ਕੱਦ ਸਾਹਵੇਂ, ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅਪਣੇ ਆਪ ਨੂੰ ‘ਗਿੱਠ-ਮੁਠੀਆ ‘ਮਹਿਸੂਸ ਕਰਦਾ ਹੈ।
ਪ੍ਰੋ, ਸਾਹਿਬ ਸਿੰਘ ਜੀ ਨੇ ਸਾਨੂੰ ਉਹ ਰਾਹ ਵਿਖਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਜਾਨਣ ਦਾ ਹਰ ਚਾਹਵਾਨ, ਆਪਣਾ ਸਫਰ ਇਸ ਰਾਹ ਤੋਂ ਹੀ ਸ਼ੁਰੂ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਕੋਲ ਕੰਮ ਬਹੁਤ ਵੱਡਾ ਅਤੇ ਸਮਾਂ ਬਹੁਤ ਘੱਟ ਸੀ, ਜਿਸ ਕਰ ਕੇ ਉਹ ਕਈ ਵਿਸ਼ਿਆਂ ਨਾਲ ਪੂਰਾ ਇੰਸਾਫ ਨਹੀਂ ਕਰ ਸਕੇ, ਪਰ ਅਸੀਂ ਜਿੰਨਾ ਕੁੱਝ ਮਰਜ਼ੀ ਕਹੀਏ, ਸੱਚ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਤੁਕ, ਹਰ ਸ਼ਬਦ, ਹਰ ਬਾਣੀ ਨੂੰ ਸਮਝਣ ਲਈ ਪ੍ਰੋ, ਸਾਹਿਬ ਸਿੰਘ ਜੀ ਦੀ ਵਿਆਕਰਨ ਦਾ ਆਸਰਾ ਲੈਣਾ ਪੈਂਦਾ ਹੈ, ਘੱਟੋ-ਘੱਟ ਮੈਂ ਜ਼ਰੂਰ ਇਹ ਮੰਨਦਾ ਹਾਂ।
ਕੁੱਝ ਬੰਦਿਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਕਰਦਿਆਂ, ਪ੍ਰੋ, ਸਾਹਿਬ ਦਾ ਜ਼ਿਕਰ ਇਸ ਤਰਾਂ ਕੀਤਾ ਜਾਂਦਾ ਹੈ, ਜਿਵੇਂ ਪ੍ਰੋ, ਸਾਹਿਬ ਨੂੰ ਕੋਈ ਖਾਸ ਨਹੀਂ ਆਉਂਦਾ ਸੀ ਅਤੇ ਉਹ ਬਹੁਤ ਸਿਆਣੇ ਹਨ, ਉਨ੍ਹਾਂ ਨੂੰ ਬਹੁਤ ਸੋਝੀ ਹੈ। ਜਦ ਕਿ ਉਨ੍ਹਾਂ ਅਰਥਾਂ ਵਿਚੋਂ ਵੀ ਸਪੱਸ਼ਟ ਝਲਕਦਾ ਹੈ ਕਿ ਸੋਝੀ ਉਨ੍ਹਾਂ ਨੇ ਵੀ ਪ੍ਰੋ, ਸਾਹਿਬ ਦੀ ਵਿਆਕਰਣ ਤੋਂ ਹੀ ਲਈ ਹੈ। ਕਿਸੇ ਕੋਲੋਂ ਸੇਧ ਲੈਣ ਨਾਲ ਕੋਈ ਬੰਦਾ ਨੀਵਾਂ ਨਹੀਂ ਹੋ ਜਾਂਦਾ ਪਰ, ਜਿਸ ਚੀਜ਼ ਬਾਰੇ ਉਹ ਕਹਿ ਰਿਹਾ ਹੈ ਉਹ ਚੀਜ਼ ਉਸ ਦੇ ਅਪਣੇ ਅੰਦਰ ਕਿੰਨੀ ਕੁ ਵਸਦੀ ਹੈ ਇਸ ਨਾਲ ਬੰਦੇ ਤੇ ਜ਼ਰੂਰ ਅਸਰ ਪੈਂਦਾ ਹੈ।
ਪ੍ਰੋ, ਸਾਹਿਬ ਅਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ਕਈ ਥਾਂ ਗਲਤੀਆਂ ਰਹਿ ਗਈਆਂ ਹੋਣ ਗੀਆਂ, ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਆਪੇ ਸੁਧਾਰ ਲੈਣਗੀਆਂ। ਦੂਸਰੇ ਪਾਸੇ ਹਉਮੈ ਦਾ ਪਰਗਟਾਵਾ ਹੈ। ਕਸਵੱਟੀ ਗੁਰਬਾਣੀ ਹੈ, ਗੁਰਬਾਣੀ ਫੁਰਮਾਨ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)
ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਉਨ੍ਹਾਂ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਲੋੜੀਂਦਾ ਆਦਰ ਕਰਨਾ ਬਣਦਾ ਹੈ, ਪਰ ਲੱਖਾਂ ਰੁਪਏ ਦੇ ਚੰਦੋਏ, ਹਜ਼ਾਰਾਂ ਰੁਪਏ ਦੇ ਰੁਮਾਲੇ, ਅੱਗੇ ਲਮਕਦੇ ਸੋਨੇ ਚਾਂਦੀ ਦੇ ਝੱਬੇ, ਉਪਰ ਸੋਨੇ ਦੇ ਕਲਸ, ਨਿਸ਼ਾਨ ਸਾਹਿਬ ਦੇ ਸੋਨੇ ਦੇ ਖੰਡੇ ਆਦਿ ਲਾਉਣੇ ਸਿੱਖਾਂ ਦੇ ਦਸਵੰਧ ਦਾ ਉਜਾੜਾ ਕਰਨਾ ਹੈ।
(ਮੈ ਕਈ ਵਾਰੀ ਕਹਿੰਦਾ ਹਾਂ ਕਿ ਇੱਕ ਦਿਨ ਇਹ ਸੋਨੇ ਦੇ ਖੰਡੇ, ਕਲਸ, ਝੱਬੇ, ਪਾਲਕੀਆਂ, ਕਹੀਆਂ, ਤਸਲੇ ਵੀ ਲੁੱਟ ਹੋਣੇ ਹਨ, ਪਰ ਜੋ ਲੁੱਟੇ ਗਾ ਉਹ ਵੀ ਰੋਵੇ ਗਾ, ਤਾਂ ਬੱਚੇ ਹੱਸ ਕੇ ਕਹਿ ਦਿੰਦੇ ਹਨ ਕਿ ਜੋ ਲੁੱਟੇ ਗਾ ਉਹ ਕਿਉਂ ਰੋਵੇਗਾ? ਮੈਨੂੰ ਸਮਝਾਉਣਾ ਪੈਂਦਾ ਹੈ ਕਿ ਇਹ ਤਾਂ ਪਹਿਲਾਂ ਹੀ ਲੁੱਟ ਲਏ ਗਏ ਹਨ, ਇਨ੍ਹਾਂ ਵਿਚੋਂ ੮੦ % ਤਾਂ ਲਾਉਣ ਵਾਲੇ ਸਾਧਾਂ ਨੇ ਲੁੱਟ ਲਿਆ ਹੋਇਆ ਹੈ। ਜੋ ਵਿਚਾਰਾ, ਮਿਹਨਤ ਕਰ ਕੇ ਲੁੱਟ ਕੇ ਲਿਜਾਵੇ ਗਾ, ਉਹ ਘਰ ਜਾ ਕੇ ਰੋਵੇਗਾ, ਕਿਉਂਕਿ ਜਿਸ ਨੂੰ ਉਹ ੧੭ ਕਿਲੋ ਸੋਨੇ ਦਾ ਸਮਝ ਕੇ ਲਿਜਾਵੇਗਾ ਉਸ ਵਿਚੋਂ ਕਿਲੋ, ਸਵਾ ਕਿਲੋ ਸੋਨਾ ਨਿਕਲਣ ਤੇ ਉਹ ਰੋਵੇਗਾ ਨਹੀਂ ਤਾਂ ਹੋਰ ਕੀ ਕਰੇਗਾ? ਇਹ ਲਾਏ ਹੀ ਇਨ੍ਹਾਂ ਵਿਚੋਂ ਸੋਨਾ ਖਾਣ ਲਈ ਜਾਂਦੇ ਹਨ।)
ਗੁਰ ਸ਼ਬਦ ਦੀ ਵਿਚਾਰ ਕਰਨ ਦਾ ਫੱਲ ਕੀ ਮਿਲਦਾ ਹੈ? ਇਸ ਬਾਰੇ ਇਸ ਤੁਕ ਵਿੱਚ ਸੇਧ ਦਿੱਤੀ ਹੈ ਕਿ ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ ਬੰਦੇ ਦੇ ਮਨ ਵਿਚੋਂ ਹਉਮੈ ਮਰ ਜਾਂਦੀ ਹੈ। ਜੋ ਬੰਦਾ ਅਪਣੇ ਆਪ ਨੂੰ ਗੁਰਬਾਣੀ ਦਾ ਗਿਆਤਾ ਵੀ ਕਹੇ ਅਤੇ ਹਉਮੈ ਦੀਆਂ ਗੱਲਾਂ ਵੀ ਕਰੇ ਤਾਂ ਇਹੀ ਕਿਹਾ ਜਾਵੇਗਾ ਕਿ ਉਹ ਜੋ ਗੁਰਬਾਣੀ ਦੀਆਂ ਗੱਲਾਂ ਕਰਦਾ ਹੈ, ਉਹ ਉਪਰੋਂ ਉਪਰੋਂ ਹੀ ਕਰਦਾ ਹੈ ਇਸ ਦੇ ਅੰਦਰ ਗੁਰਬਾਣੀ ਦੀ ਵਿਚਾਰ ਦਾ ਅਸਰ ਨਹੀਂ ਹੋਇਆ।
ਮੈਂ ਨਵੀਂ ਪੀੜ੍ਹੀ ਦੇ, ਗੁਰਬਾਣੀ ਸਮਝਣ ਦੇ ਚਾਹਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਗੁਰਬਾਣੀ ਸਮਝਣ ਲਈ ਪ੍ਰੋ, ਸਾਹਿਬ ਸਿੰਘ ਜੀ ਵਲੋਂ ਸ਼ੁਰੂ ਕੀਤੇ ਖੋਜ ਦੇ ਕੰਮ ਨੂੰ ਨਿਰੰਤਰ ਜਾਰੀ ਰੱਖਣ, ਤਾਂ ਜੋ ਹਰ ਚੜ੍ਹਦੇ ਸੂਰਜ ਦੇ ਨਾਲ, ਅਸੀਂ ਗੁਰਬਾਣੀ ਵਿਚੋਂ ਨਵੇਂ ਹੀਰੇ ਮੋਤੀ ਲੱਭ ਸਕੀਏ। ਇਹ ਏਨਾ ਵੱਡਾ ਕੰਮ ਹੈ, ਜੋ ਕਦੀ ਵੀ ਪੂਰਨ ਨਹੀਂ ਹੋ ਸਕਦਾ। ਸਾਨੂੰ ਸਦੀਆਂ, ਜੁਗਾਂ ਤਕ ਇਸ ਵਿਚੋਂ ਹੀਰੇ ਮੋਤੀ ਮਿਲਦੇ ਹੀ ਰਹਿਣਗੇ।
ਆਉ ਕਰਮ ਕਾਂਡੀਆਂ ਦੀਆਂ ਗਿਣਤੀਆਂ ਮਿਣਤੀਆਂ ਤੋਂ ਜਾਨ ਛੁਡਾ ਕੇ, ਗੁਰਬਾਣੀ ਨੂੰ ਸਮਝਣ, ਉਸ ਅਨੁਸਾਰ ਜੀਵਨ ਢਾਲਣ ਦਾ ਉਪਰਾਲਾ ਕਰੀਏ, ਇਸ ਤਰ੍ਹਾਂ ਕੀਤਿਆਂ ਹੀ ਅਸੀਂ ਪਰਮਾਤਮਾ ਦੇ ਦਰ ਤੇ ਕਬੂਲ ਹੋ ਸਕਦੇ ਹਾਂ। ਇਹੀ ਪ੍ਰੋ, ਸਾਹਿਬ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਹ ਪ੍ਰੋਫ਼ੈਸਰ ਸਾਹਿਬ ਸਿੰਘ ਵਜੋਂ ਜਾਣੇ ਜਾਂਦੇ। ਉਨ੍ਹਾਂ ਨੇ 1920 ਦੇ ਦਹਾਕੇ ਵਿਚ ਗੁਰਦਵਾਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। 1921 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੰਯੁਕਤ ਸਕੱਤਰ ਨਿਯੁਕਤ ਕੀਤੇ ਗਏ। 1922 ਵਿਚ ਗੁਰੂ ਕਾ ਬਾਗ਼ ਅੰਦੋਲਨ ਦੌਰਾਨ ਅਤੇ 1924 ਵਿਚ ਜੈਤੋ ਦੇ ਮੋਰਚੇ ਵਿਚ ਵੀ ਜੇਲ ਗਏ ਸੀ। ਅੰਮ੍ਰਿਤਸਰ 1929 ਤੋਂ 1952 ਤਕ ਉਹ ਖ਼ਾਲਸਾ ਕਾਲਜ ਵਿਚ ਰਹੇ ਅਤੇ ਸਿੱਖ ਧਰਮ ਦੇ ਪਾਠਾਂ ਅਤੇ ਵਾਰਤਕ ਦੀਆਂ ਟਿਪਣੀਆਂ ਪੇਸ਼ ਕਰਦੇ ਰਹੇ। ਖ਼ਾਲਸ ਕਾਲਜ, ਅੰਮ੍ਰਿਤਸਰ ਤੋਂ ਉਹ ਸੇਵਾ ਮੁਕਤ ਹੋਏ। ਕਈ ਸਾਲਾਂ ਦੇ ਅਟੁਟ ਅਤੇ ਪ੍ਰਕਾਸ਼ਮਾਨ ਵਿਦਵਤਾ ਦੇ ਕੰਮ ਤੋਂ ਬਾਅਦ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਣ ਗਏ। ਉਨ੍ਹਾਂ ਨੇ ਗੁਰਮਤਿ ਕਾਲਜ, ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਵੀ ਕੰਮ ਕੀਤਾ।
ਪ੍ਰੋਫ਼ੈਸਰ ਸਾਹਿਬ ਸਿੰਘ ਦੀਆਂ ਲਗਭਗ 50 ਰਚਨਾਵਾਂ 1927 ਤੋਂ 1977 ਦਰਮਿਆਨ ਪ੍ਰਕਾਸ਼ਤ ਹੋਈਆਂ। ਇਨ੍ਹਾਂ ਵਿਚ ਕਈ ਸਿੱਖ ਧਾਰਮਕ ਗ੍ਰੰਥਾਂ ਅਤੇ 1962-64 ਦੌਰਾਨ ਪ੍ਰਕਾਸ਼ਤ ਸਿੱਖ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਬਾਰੇ ਉਸ ਦੀਆਂ 10-ਖੰਡਾਂ ਦੀ ਟਿਪਣੀ ਸ਼ਾਮਲ ਹੈ। ਸਾਹਿਬ ਸਿੰਘ ਨੇ ਸਿੱਖ ਅਧਿਐਨ ਅਤੇ ਪੰਜਾਬੀ ਪੱਤਰਾਂ ਵਿਚ ਪਾਏ ਯੋਗਦਾਨ ਨੂੰ ਉਨ੍ਹਾਂ ਦੇ ਜੀਵਨ ਕਾਲ ਵਿਚ ਵਿਸ਼ਾਲ ਪ੍ਰਸਿੱਧੀ ਪ੍ਰਾਪਤ ਕੀਤੀ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਇਨ੍ਹਾਂ ਨੂੰ 1970 ਵਿਚ ਇਕ ਜੀਵਨ ਫ਼ੈਲੋਸ਼ਿਪ ਦੇ ਕੇ ਸਨਮਾਨਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਨ੍ਹਾਂ ਨੂੰ 1971 ਵਿਚ, ਡਾਕਟਰ ਆਫ਼ ਲਿਟਰੇਚਰ (ਸਨਮਾਨ ਪੱਤਰ) ਦੀ ਡਿਗਰੀ ਪ੍ਰਦਾਨ ਕੀਤੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਗੁਰਬਾਣੀ ਵਿਆਕਰਣ ਲਈ ਇਕ ਪੁਰਸਕਾਰ ਦਿਤਾ ਸੀ ਅਤੇ ਪਟਿਆਲਾ ਦੀ ਸਰਕਾਰ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ ਨੇ 1952 ਵਿਚ ਪੰਜਾਬੀ ਸਾਹਿਤ ਪ੍ਰਤੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਸੀ। ਪ੍ਰੋਫ਼ੈਸਰ ਸਾਹਿਬ ਸਿੰਘ ਦੀ 29 ਅਕਤੂਬਰ 1977 ਨੂੰ ਅੰਮ੍ਰਿਤਸਰ ਵਿਖੇ ਮੌਤ ਹੋ ਗਈ। ਪ੍ਰੋ. ਸਾਹਿਬ ਸਿੰਘ ਦੀਆਂ ਰਚਨਾਵਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਭਾਗਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ), ਗੁਰਬਾਣੀ ਵਿਆਕਰਨ, ਧਾਰਮਕ ਲੇਖ, ਕੁੱਝ ਹੋਰ ਧਾਰਮਕ ਲੇਖ, ਗੁਰਮਤਿ ਪ੍ਰਕਾਸ਼, ਪੰਜਾਬੀ ਸੁਹਜ ਪ੍ਰਕਾਸ਼, ਬ੍ਹੁਲ੍ਹੇ ਸ਼ਾਹ, ਮੇਰੀ ਜੀਵਨ ਕਹਾਣੀ (ਸਵੈਜੀਵਨੀ)।

Exit mobile version