ਪਾਲਤੂ ਜਾਨਵਰ ਦੇਖਭਾਲ ਤੇ ਸਾਵਧਾਨੀਆਂ

 

ਲੇਖਕ : ਸੀਮਾ ਠਠੋਲਾ
ਬਹੁਤੇ ਲੋਕਾਂ ‘ਚ ਕੁੱਤੇ ਜਾਂ ਬਿੱਲੀ ਪਾਲਣ ਦਾ ਸ਼ੌਕ ਬਹੁਤ ਜ਼ਿਆਦਾ ਦੇਖਆ ਗਿਆ ਹੈ ਕਿਉਂਕਿ ਕੁੱਤਾ ਨਾ ਸਿਰਫ਼ ਤੁਹਾਡੇ ਘਰ ਦੀ ਪਹਿਰੇਦਾਰੀ ਕਰਦਾ ਹੈ ਸਗੋਂ ਸਾਰੇ ਜਾਨਵਰਾਂ ਵਿਚੋਂ ਸਭ ਤੋਂ ਜ਼ਿਆਦਾ ਵਫ਼ਾਦਾਰ ਤੇ ਸਮਝਦਾਰ ਜਾਨਵਰ ਹੈ। ਇਸੇ ਕਾਰਨ ਜ਼ਿਆਦਾਤਰ ਵਿਅਕਤੀ ਇਸ ਨੂੰ ਪਾਲਣ ਦਾ ਸ਼ੌਕ ਰੱਖਦੇ ਹਨ।
ਤੁਸੀਂ ਕਿਸੇ ਵੀ ਜਾਨਵਰ ਨੂੰ ਪਾਲੋ, ਪਰ ਉਸ ਦੀ ਦੇਖਭਾਲ ਕਰਨਾ ਜਿੰਨਾ ਉਸ ਲਈ ਜ਼ਰੂਰੀ ਹੈ, ਉਸ ਤੋਂ ਜ਼ਿਆਦਾ ਜ਼ਰੂਰੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੁੰਦਾ ਹੈ ਕਿਉਂਕਿ ਜਾਨਵਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਰੋਗ ਫੈਲਣ ਦਾ ਡਰ ਰਹਿੰਦਾ ਹੈ। ਜਾਨਵਰਾਂ ਵਿਚ ਫੈਲੀ ਗੰਦਗੀ ਦੀ ਸਫ਼ਾਈ ਸੰਬੰਧੀ ਗੱਲਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜਾਨਵਰ ਪਾਲੇ ਹਨ ਤਾਂ ਉਨ੍ਹਾਂ ਨੂੰ ਇਕ ਨਿਸਚਿਤ ਥਾਂ ‘ਤੇ ਰੱਖੋ ਤਾਂ ਕਿ ਸਮੁੱਚੇ ਘਰ ਵਿਚ ਗੰਦਗੀ ਨਾ ਫੈਲ ਸਕੇ।
ਉਨ੍ਹਾਂ ਦੇ ਖਾਣ-ਪੀਣ ਦੇ ਭਾਂਡੇ, ਉੱਪਰ ਦੇਣ ਵਾਲੇ ਕੱਪੜੇ ਆਦਿ ਚੀਜ਼ਾਂ ਆਪਣੀਆਂ ਚੀਜ਼ਾਂ ਤੋਂ ਵੱਖਰੀਆਂ ਰੱਖਣੀਆਂ ਚਾਹੀਦੀਆਂ ਹਨ। ਜਿਸ ਥਾਂ ‘ਤੇ ਜਾਨਵਰ ਰਹਿੰਦੇ ਹੋਣ, ਉਥੇ ਹਰ ਰੋਜ਼ ਸਫ਼ਾਈ ਕਰੋ। ਹਫ਼ਤੇ ਵਿਚ ਚਾਰ ਵਾਰ ਕਿਸੇ ਚੰਗੇ ਕੀਟਨਾਸ਼ਕ ਨਾਲ ਪੋਚਾ ਲਗਾਓ।
ਕੁੱਤੇ, ਬਿੱਲੀ ਆਦਿ ਜਾਨਵਰਾਂ ਦੇ ਵਾਲ ਕਾਫ਼ੀ ਝੜਦੇ ਹਨ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਵਾਲਾਂ ਨੂੰ ਘਰ ‘ਚ ਇਧਰ-ਉਧਰ ਖਿਲਰਨ ਨਾ ਦਿਓ। ਵਾਲ ਤੁਹਾਡੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਜਾ ਸਕਦੇ ਹਨ, ਜਿਸ ਨਾਲ ਤੁਸੀਂ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਹੋ। ਜਾਨਵਰਾਂ ਨੂੰ ਸਮੇਂ-ਸਮੇਂ ‘ਤੇ ਨਹਾਉਂਦੇ ਰਹਿਣਾ ਚਾਹੀਦਾ ਹੈ। ਕੁਝ ਵਿਅਕਤੀਆਂ ਨੂੰ ਜਾਨਵਰਾਂ ਦੇ ਵਾਲਾਂ ਨਾਲ ਬੇਹੱਦ ਐਲਰਜੀ ਰਹਿੰਦੀ ਹੈ। ਇਸ ਲਈ ਜਿਥੋਂ ਤੱਕ ਹੋ ਸਕੇ, ਇਨ੍ਹਾਂ ਤੋਂ ਘਰ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਕੁੱਤੇ ਨੂੰ ਖੁੱਲ੍ਹਾ ਛੱਡਦੇ ਹੋ ਤਾਂ ਉਹ ਤੁਹਾਡੇ ਸੋਫ਼ੇ, ਮੇਜ਼, ਪਲੰਘ, ਗੱਦੇ, ਦਰੀ, ਰਸੋਈ ਆਦਿ ਵਿਚ ਗੰਦਗੀ ਫੈਲਾ ਸਕਦਾ ਹੈ। ਇਸ ਲਈ ਜਿਥੋਂ ਤੱਕ ਹੋ ਸਕੇ, ਉਨ੍ਹਾਂ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ ਹੈ। ਖੁੱਲ੍ਹੇ ਹੋਣ ‘ਤੇ ਤੁਹਾਡੇ ਘਰ ਆਏ ਮਹਿਮਾਨਾਂ ਆਦਿ ਨੂੰ ਦਿੱਤੀਆਂ ਗਈਆਂ ਚੀਜ਼ਾਂ ਵਿਚ ਮੂੰਹ ਪਾ ਸਕਦਾ ਹੈ। ਬਹੁਤ ਸਾਰੇ ਲੋਕ ਜਦੋਂ ਕੁੱਤਾ ਪਾਲਦੇ ਹਨ ਤਾਂ ਉਹ ਉਸ ਨੂੰ 24 ਘੰਟੇ ਆਪਣੀ ਗੋਦੀ ਵਿਚ ਲਈ ਘੁੰਮਦੇ ਰਹਿੰਦੇ ਹਨ। ਰਾਤ ਨੂੰ ਆਪਣੇ ਨਾਲ ਆਪਣੇ ਬਿਸਤਰ ‘ਤੇ ਹੀ ਸਵਾ ਲੈਂਦੇ ਹਨ। ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਪਰ ਏਨਾ ਜ਼ਿਆਦਾ ਵੀ ਨਹੀਂ ਕਿ ਤੁਹਾਡੀ ਇਹ ਆਦਤ ਤੁਹਾਡੇ ਲਈ ਕੋਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦੇਵੇ।
ਜਾਨਵਰਾਂ ਦੇ ਮਲ-ਮੂਤਰ ਦਾ ਇਕ ਸਮਾਂ ਨਿਸਚਿਤ ਕਰੋ ਤਾਂ ਕਿ ਉਹ ਘਰ ਦੇ ਅੰਦਰ ਗੰਦਗੀ ਨਾ ਫੈਲਾਉਣ। ਉਨ੍ਹਾਂ ਨੂੰ ਨਿਸਚਿਤ ਸਮੇਂ ‘ਤੇ ਘੁਮਾਉਣ ਦੀ ਆਦਤ ਬਣਾਓ। ਉਂਝ ਵੀ ਕੁੱਤਿਆਂ ਵਿਚ ਖ਼ੁਦ ਹੀ ਇਹ ਆਦਤ ਬਣੀ ਹੁੰਦੀ ਹੈ। ਜੇਕਰ ਕਿਸੇ ਕਾਰਨ ਤੁਹਾਡੇ ਕੋਲ ਸਮਾਂ ਨਾ ਹੋਵੇ ਤਾਂ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿਓ। ਉਹ ਖ਼ੁਦ ਹੀ ਚਲੇ ਜਾਣਗੇ। ਜਿਸ ਤਰ੍ਹਾਂ ਮਨੁੱਖ ਅਚਾਨਕ ਬਿਮਾਰੀਆਂ ਨਾਲ ਘਿਰ ਜਾਂਦਾ ਹੈ, ਉਸੇ ਤਰ੍ਹਾਂ ਜਾਨਵਰ ਵੀ ਖ਼ੁਦ ਹੀ ਰੋਗਾਂ ਦੀ ਲਪੇਟ ਵਿਚ ਆ ਸਕਦੇ ਹਨ। ਇਸ ਲਈ ਜਾਨਵਰ ਦੇ ਬਿਮਾਰ ਹੋਣ ‘ਤੇ ਖ਼ੁਦ ਉਸ ਦਾ ਡਾਕਟਰ ਬਣਨ ਦੀ ਕੋਸ਼ਿਸ਼ ਬਿਲੁਕਲ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਰੋਗ ਦੇ ਫੈਲ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਨੂੰ ਤੁਰੰਤ ਪਸ਼ੂਆਂ ਵਾਲੇ ਡਾਕਟਰ ਕੋਲ ਲਿਜਾ ਕੇ ਜਾਂਚ ਕਰਾਓ।
ਤੁਸੀਂ ਜਾਨਵਰ ਕੋਈ ਵੀ ਪਾਲੋ ਪਰ ਉਸ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਇਸ ਵਿਚ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੈ।

Exit mobile version