ਸਰੀ-ਡੈਲਟਾ ਸਰਹੱਦ ਨੇੜੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

 

ਸਰੀ, (ਸਿਮਰਨਜੀਤ ਸਿੰਘ): ਸਰੀ ਅਤੇ ਡੈਲਟਾ ਦੀ ਸਰਹੱਦ ਨੇੜੇ ਸੋਮਵਾਰ ਸ਼ਾਮ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵਾਰਦਾਤ ਸ਼ਾਮ 5:25 ਵਜੇ ਸਕਾਟ ਰੋਡ 120 ਸਟਰੀਟ ਅਤੇ 80 ਐਵੇਨਿਊ ਨੇੜਲੇ ‘ਸਕਾਟ ਰੋਡ ਕਰਾਸਿੰਗ’ ਕੰਪਲੈਕਸ ਦੇ ਪਾਰਕਿੰਗ ਲਾਟ ‘ਚ ਵਾਪਰੀ। ਪੁਲਿਸ ਨੇ ਘਟਨਾ ਸਥਾਨ ‘ਤੇ ਇੱਕ ਵੱਡੇ ਇਲਾਕੇ ਨੂੰ ਪੀਲੀ ਟੇਪ ਨਾਲ ਸੀਲ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਨੌਜਵਾਨ ਦੀ ਉਮਰ 29 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਇੱਕ ਮਸ਼ਹੂਰ ਡੀਜੇ ਨਾਲ ਕੰਮ ਕਰਨ ਦੇ ਨਾਲ-ਨਾਲ ਰਿਐਲਟਰ ਸੀ ਅਤੇ ਸੌਕਰ-ਬਾਸਕਟਬਾਲ ਦਾ ਵਧੀਆ ਖਿਡਾਰੀ ਵੀ ਸੀ। ਸਰੀ ਪੁਲਿਸ ਸਰਵਿਸ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਨੂੰ ਉਸ ਸਮੇਂ ਗੋਲੀ ਮਾਰੀ ਗਈ, ਜਦ ਉਹ ਆਪਣੀ ਗੱਡੀ ਵਿੱਚ ਬੈਠਿਆ ਹੋਇਆ ਸੀ। ਪੁਲਿਸ ਨੇ ਇਸ ਥਾਂ ‘ਤੇ ਗੋਲੀਆਂ ਦੇ ਨਿਸ਼ਾਨਾਂ ਵਾਲੀ ਇੱਕ ਚਿੱਟੀ ਐਸ.ਯੂ.ਵੀ. ਮਿਲੀ, ਜਿਸ ਕੋਲ ਹੀ ਇੱਕ ਸ਼ਖ਼ਸ ਦੀ ਲਾਸ਼ ਇੱਕ ਤਿਰਪਾਲ ਹੇਠ ਪਈ ਮਿਲੀ। ਇਸ ਹਮਲੇ ਦੇ ਇੱਕ ਗਵਾਹ ਨੇ ਦੱਸਿਆ ਕਿ ਗੋਲੀਬਾਰੀ ਤੋਂ ਠੀਕ ਪਹਿਲਾਂ ਉਹ ਆਪਣੇ ਦੋਸਤ ਨਾਲ ਉਥੇ ਮੌਜੂਦ ਸੀ। ਇਸ ਘਟਨਾ ਤੋਂ ਬਾਅਦ ਸ਼ੱਕੀ ਇੱਕ ਲਾਲ ਰੰਗ ਦੀ ਇਲੈਕਟ੍ਰਿਕ ਕਾਰ ‘ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਕੁਝ ਸਮੇਂ ਬਾਅਦ, ‘ਵੈਸਟਵਿਊ ਪਾਰਕ’ ਨੇੜੇ ਉਹੀ ਕਾਰ ਜਲੀ ਹੋਈ ਬਰਾਮਦ ਹੋਈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਇਹ ਦੋਵੇਂ ਘਟਨਾਵਾਂ ਕਿਸੇ ਤਰੀਕੇ ਨਾਲ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ। ਸਰੀ ਪੁਲਿਸ ਨੇ ਸਥਾਨਕ ਵਾਸੀਆਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। This report was written by Simranjit Singh as part of the Local Journalism Initiative.

Exit mobile version