ਖਾਸ ਰਿਪੋਰਟ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨੀ ਪਾਵਰ ਪਲਾਂਟ ਕਿਸੇ ਨੂੰ ਨਹੀਂ ਦਿਆਂਗੇ।
ਯੂਕਰੇਨੀ ਪਾਵਰ ਪਲਾਂਟ ਸਾਡੇ ਦੇਸ਼ ਦੇ ਲੋਕਾਂ ਦੇ ਹਨ। ਓਧਰ ਪ੍ਰਸਤਾਵਤ ਜੰਗਬੰਦੀ ਦੇ ਯਤਨਾਂ ਵਿਚਾਲੇ ਰੂਸ ਅਤੇ ਯੂਕਰੇਨ ਦੀ ਜੰਗ ਤੇਜ਼ ਹੋ ਗਈ ਹੈ। ਰੂਸ ਨੇ 200 ਈਰਾਨੀ ਸ਼ਾਹਿਦ ਡ੍ਰੋਨ ਛੱਡੇ ਸਨ।ਇਸ ਦੇ ਜਵਾਬ ਵਿਚ ਯੂਕਰੇਨ ਨੇ ਰੂਸ ‘ਚ 700 ਕਿੱਲੋਮੀਟਰ ਅੰਦਰ ਸਥਿਤ ਇੰਗਲਿਸ਼ ਏਅਰਬੇਸ ‘ਤੇ ਡ੍ਰੋਨ ਹਮਲਾ ਕੀਤਾ ਜਿੱਥੇ ਪਰਮਾਣੂ ਸਮਰੱਥਾ ਵਾਲੇ ਜੰਗੀ ਜਹਾਜ਼ ਟੀਯੂ-160 ਤਾਇਨਾਤ ਸਨ।
ਇਸ ਦੌਰਾਨ ਰੂਸ ਅਤੇ ਯੂਕਰੇਨ ਵੱਲੋਂ 175-175 ਕੈਦੀਆਂ ਦੀ ਅਦਲਾ-ਬਦਲੀ ਕੀਤੀ ਗਈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੁੱਧਬੰਦੀਆਂ ਅਤੇ ਨਾਗਰਿਕਾਂ ਨੂੰ ਰਿਹਾਅ ਕਰਨਾ ਸ਼ਾਂਤੀ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ। ਅਮਰੀਕਾ ਦੇ ਰਾਸ਼ਟਰੋਤੀ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ 24 ਘੰਟੇ ਵਿਚ ਜੰਗ ਖ਼ਤਮ ਕਰਨ ਦਾ ਵਾਅਦਾਅਤੇ ਦਾਅਵਾ ਕੀਤਾ ਸੀ।
ਹੁਣ ਟਰੰਪ ਇਕ ਟੀਵੀ ਇੰਟਰਵੀਊ ਦੌਰਾਨ ਕਹਿ ਰਹੇ ਹਨ ਕਿ ਉਹ ਮਹਿਜ਼ ‘ਜੁਮਲਾ’ ਸੀ। ਅਠਾਰਾਂ ਮਾਰਚ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਇਕ ਘੰਟੇ ਤੋਂ ਜ਼ਿਆਦਾ ਸਮਾਂ ਚੱਲੀ। ਇਸ ਦੌਰਾਨ ਵ੍ਹਾਈਟ ਹਾਊਸ ਰੂਸ ‘ਤੇ ਯੂਕਰੇਨ ਨਾਲ 30 ਦਿਨਾਂ ਦੀ ਆਰਜ਼ੀ ਜੰਗਬੰਦੀ ਦੇ ਪ੍ਰਸਤਾਵ ‘ਤੇ ਦਸਤਖ਼ਤ ਕਰਨ ਲਈ ਦਬਾਅ ਪਾ ਰਿਹਾ ਸੀ ਜਿਸ ਦਾ ਉਦੇਸ਼ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨਾ ਹੈ। ਵ੍ਹਾਈਟ ਹਾਊਸ ਅਤੇ ਕਰੈਮਲਿਨ ਨੇ ਗੱਲਬਾਤ ਦੇ ਸਾਰ ਬਾਰੇ ਤੁਰੰਤ ਕੋਈ ਵੇਰਵਾ ਨਹੀਂ ਦਿੱਤਾ ਪਰ ਦੋਵਾਂ ਧਿਰਾਂ ਨੇ ਪੁਸ਼ਟੀ ਕੀਤੀ ਕਿ ਗੱਲਬਾਤ ਖ਼ਤਮ ਹੋ ਗਈ ਹੈ। ਟਰੰਪ ਨੇ ਫੋਨ ਵਾਰਤਾ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਪੁਤਿਨ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਦੌਰਾਨ ਦੱਬੇ ਗਏ ਯੂਕਰੇਨ ਦੇ ਇਲਾਕਿਆਂ ਅਤੇ ਬਿਜਲੀ ਪਲਾਂਟਾਂ ਬਾਰੇ ਚਰਚਾ ਹੋਵੇਗੀ।
ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਪੁਤਿਨ ਦੇ ਸ਼ਾਂਤੀ ਲਈ ਤਿਆਰ ਹੋਣ ਬਾਰੇ ਸ਼ੱਕ ਹੈ ਕਿਉਂਕਿ ਰੂਸੀ ਫ਼ੌਜ ਯੂਕਰੇਨ ‘ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਪਿਛਲੇ ਹਫ਼ਤੇ ਯੂਕਰੇਨ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਦੇ ਸ਼ਹਿਰ ਜੱਦਾਹ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਵਿਚ ਹੋਈ ਗੱਲਬਾਤ ਦੌਰਾਨ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ‘ਤੇ ਸਹਿਮਤੀ ਜਤਾਈ ਸੀ। ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਮੰਗਲਵਾਰ ਨੂੰ ਫੋਨ ‘ਤੇ ਹੋਈ ਗੱਲਬਾਤ ਨੂੰ ਕੁਝ ਘੰਟੇ ਵੀ ਨਹੀਂ ਸਨ ਹੋਏ ਕਿ ਰੂਸ ਅਤੇ ਯੂਕਰੇਨ ਨੇ ਇਕ-ਦੂਜੇ ‘ਤੇ ਹਵਾਈ ਹਮਲੇ ਕਰ ਦਿੱਤੇ। ਦੋਵਾਂ ਦੇਸ਼ਾਂ ਨੇ ਊਰਜਾ ਪਲਾਂਟਾਂ ‘ਤੇ ਹਮਲੇ ਰੋਕਣ ਲਈ ਨਵੇਂ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ।
ਟਰੰਪ ਨਾਲ ਫੋਨ ਵਾਰਤਾ ਦੌਰਾਨ ਪੁਤਿਨ ਨੇ 30 ਦਿਨਾਂ ਲਈ ਪੂਰਨ ਜੰਗਬੰਦੀ ਦੇ ਮਤੇ ਨੂੰ ਰੱਦ ਕਰ ਦਿੱਤਾ ਸੀ ਪਰ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਯੂਕਰੇਨ ਦੇ ਊਰਜਾ ਪਲਾਂਟਾਂ ‘ਤੇ 30 ਦਿਨਾਂ ਲਈ ਹਮਲੇ ਰੋਕਣ ਬਾਰੇ ਸਹਿਮਤ ਹੋਣਗੇ। ਇਸ ਪੇਸ਼ਕਸ਼ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਤੁਰੰਤ ਸਵੀਕਾਰ ਕਰ ਲਿਆ।
ਇਸ ਨਾਲ ਉਮੀਦ ਜਾਗੀ ਸੀ ਕਿ ਤਿੰਨ ਸਾਲ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਦੇ ਖ਼ਤਮ ਹੋਣ ਦਾ ਰਾਹ ਸਾਫ਼ ਹੋ ਸਕਦਾ ਹੈ। ਉਹ ਉਮੀਦ ਬੁੱਧਵਾਰ ਨੂੰ ਉਦੋਂ ਟੁੱਟ ਗਈ ਜਦੋਂ ਰੂਸ ਤੇ ਯੂਕਰੇਨ ਨੇ ਇਕ-ਦੂਜੇ ‘ਤੇ ਡ੍ਰੋਨ ਹਮਲੇ ਦੇ ਦੋਸ਼ ਲਾਏ। ਕੀਵ ਨੇ ਮਾਸਕੋ ‘ਤੇ 178 ਡ੍ਰੋਨ ਹਮਲਿਆਂ ਦਾ ਦੋਸ਼ ਲਾਇਆ ਪਰ ਰੂਸ ਨੇ ਤੇਲ ਰਿਫਾਈਨਰੀ ਨੂੰ ਹਮਲੇ ਦੌਰਾਨ ਅੱਗ ਲੱਗਣ ਅਤੇ ਰੂਸੀ ਫ਼ੌਜ ਨੇ ਕੁਰਕਸ ‘ਚ ਕਈ ਇਲਾਕਿਆਂ ਦਾ ਵੱਡਾ ਹਿੱਸਾ ਆਪਣੇ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ। ਪੁਤਿਨ ਵੱਲੋਂ ਯੂਕਰੇਨ ਦੇ ਊਰਜਾ ਢਾਂਚੇ ‘ਤੇ 30 ਦਿਨਾਂ ਲਈ ਹਮਲੇ ਰੋਕਣ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਟਕਰਾਅ ਘਟਾਉਣ ਅਤੇ ਸਥਾਈ ਸ਼ਾਂਤੀ ਵੱਲ ਵਧਾਇਆ ਕਦਮ ਕੀ ਜੰਗ ਰੋਕਣ ਵਿਚ ਕਾਮਯਾਬ ਹੋ ਸਕੇਗਾ? ਇਹ ਵੱਡਾ ਸਵਾਲ ਹੈ।
ਸਾਫ਼ ਦਿਸ ਰਿਹਾ ਹੈ ਕਿ ਹਾਲਾਤ ਕਾਫ਼ੀ ਗੁੰਝਲਦਾਰ ਹਨ ਕਿਉਂਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਜਿਹੀਆਂ ਸ਼ਰਤਾਂ ਰੱਖ ਰਹੇ ਹਨ ਜੋ ਸਿਰਫ਼ ਮਾਸਕੋ ਦਾ ਹੀ ਹਿੱਤ ਪੂਰਦੀਆਂ ਹਨ। ਯੂਕਰੇਨ ਦੀ ਖ਼ੁਦਮੁਖਤਾਰੀ ਅਤੇ ਖੇਤਰੀ ਸਥਿਰਤਾ ਦੀ ਰਾਖੀ ਲਈ ਕੂਟਨੀਤੀ ਨੂੰ ਅਜਿਹੀ ਆਰਜ਼ੀ ਜੰਗਬੰਦੀ ਤੋਂ ਅਗਾਂਹ ਸੋਚਣਾ ਪਵੇਗਾ।
ਰੂਸ ਨੇ ਜੰਗ ਦੀ ਤੀਜੀ ਵਰ੍ਹੇਗੰਢ ਮੌਕੇ ਯੂਕਰੇਨ ਉੱਤੇ ਹਮਲੇ ਤੇਜ਼ ਕਰ ਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਯੂਕਰੇਨੀ ਸ਼ਰਤਾਂ ਤਹਿਤ ਜੰਗਬੰਦੀ ਸਮਝੌਤੇ ਲਈ ਰਾਜ਼ੀ ਨਹੀਂ ਹੈ।
ਸੋ, ਨੇੜ ਭਵਿੱਖ ਵਿਚ ਇਸ ਜੰਗ ਦਾ ਹਾਂ-ਪੱਖੀ ਨਬੇੜਾ ਨਜ਼ਰ ਨਹੀਂ ਆ ਰਿਹਾ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਕਰ ਕੇ ਇਹ ਜੰਗ ਹੋਰ ਲਟਕ ਸਕਦੀ ਹੈ ਅਤੇ ਹੋਰ ਭਿਆਨਕ ਬਣ ਸਕਦੀ ਹੈ। ਡੋਨਾਲਡ ਟਰੰਪ ਇਸ ਜੰਗ ਨੂੰ ਖ਼ਤਮ ਕਰਨ ਲਈ ਕਾਹਲੇ ਹਨ ਅਤੇ ਯੂਕਰੇਨ ਨੂੰ ਜੰਗ ਦੀ ਸਮਾਪਤੀ ਲਈ ਕਾਫ਼ੀ ਕੁਝ ਮਨਵਾ ਵੀ ਚੁੱਕੇ ਹਨ ਪਰ ਉਨ੍ਹਾਂ ਦਾ ਜਿੰਨਾ ਜ਼ੋਰ ਯੂਕਰੇਨ ‘ਤੇ ਚੱਲਦਾ ਹੈ, ਓਨਾ ਰੂਸ ‘ਤੇ ਨਹੀਂ ਚੱਲਦਾ। ਸਾਰੀ ਦੁਨੀਆ ਇਸ ਗੱਲ ਦੀ ਗਵਾਹ ਬਣੀ ਜਦ ਜ਼ੇਲੈਂਸਕੀ ਟਰੰਪ ਨੂੰ ਮਿਲਣ ਵ੍ਹਾਈਟ ਹਾਊਸ ਪੁੱਜੇ ਤੇ ਜੰਗਬੰਦੀ ਬਾਰੇ ਦੋਵਾਂ ਦੀ ਤਲਖ਼ਕਲਾਮੀ ਹੋ ਗਈ।
ਉਦੋਂ ਟਰੰਪ ਨੇ ਜ਼ੇਲੈਂਸਕੀ ਦੀ ਕਾਫ਼ੀ ਝਾੜਝੰਬ ਕੀਤੀ ਸੀ ਤੇ ਉਸ ਨੂੰ ਮੂਰਖ ਰਾਸ਼ਟਰਪਤੀ ਤੱਕ ਕਹਿ ਦਿੱਤਾ ਸੀ ਤੇ ਬਿਨਾਂ ਕੁਝ ਖੁਆਏ-ਪਿਆਏ ਵ੍ਹਾਈਟ ਹਾਊਸ ‘ਚੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ। ਯੂਰਪੀ ਦੇਸ਼ਾਂ ਦੀ ਸ਼ਹਿ ਦੇ ਬਾਵਜੂਦ ਜ਼ੇਲੈਂਸਕੀ ਨੂੰ ਬਾਅਦ ਵਿਚ ਆਪਣਾ ਰੁਖ਼ ਨਰਮ ਕਰਨਾ ਪਿਆ ਸੀ ਤੇ ਟਰੰਪ ਨੂੰ ਜੰਗਬੰਦੀ ਬਾਬਤ ਕਦਮ ਅੱਗੇ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਸੀ।
ਦੂਜੇ ਪਾਸੇ ਰੂਸ ਆਪਣੀਆਂ ਪਹਿਲਾਂ ਵਾਲੀਆਂ ਸ਼ਰਤਾਂ ‘ਤੇ ਡਟਿਆ ਹੋਇਆ ਹੈ ਅਤੇ ਜੰਗ ‘ਚ ਉਸਦਾ ਹੱਥ ਉੱਪਰ ਹੈ। ਰੂਸ ਸਥਿਰ ਅਮਨ ਚਾਹੁੰਦਾ ਹੈ। ਰੂਸ ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਤੋਂ ਯੂਕਰੇਨ ਨੂੰ ਫ਼ੌਜੀ ਅਤੇ ਖ਼ੁਫ਼ੀਆ ਸੂਚਨਾਵਾਂ ਉਪਲਬਧ ਕਰਵਾਉਣੀਆਂ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਕਰ ਰਿਹਾ ਹੈ। ਜਦਕਿ ਯੂਕਰੇਨ ਆਪਣੇ ਤਮਾਮ ਖੇਤਰਾਂ ਵਿੱਚੋਂ ਰੂਸੀ ਫ਼ੌਜਾਂ ਕੱਢਣ ਅਤੇ ਯੂਕਰੇਨ ਨੂੰ ਰੂਸ ਤੋਂ ਸੁਰੱਖਿਆ ਗਾਰੰਟੀ ਦੇਣ ਦੀ ਸ਼ਰਤ ਰੱਖ ਰਿਹਾ ਹੈ। ਓਧਰ ਯੂਕਰੇਨ ਨੂੰ ਲੈ ਕੇ ਹਾਲਾਤ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਰੂਸ, ਅਮਰੀਕਾ ਤੇ ਯੂਕਰੇਨ ਤੋਂ ਇਲਾਵਾ ਯੂਰਪ ਮਜ਼ਬੂਤ ਧਿਰ ਬਣ ਕੇ ਉੱਭਰਿਆ ਹੈ। ਜੰਗਬੰਦੀ ਦੀਆਂ ਕਿਆਸ ਅਰਾਈਆਂ ਵਿਚਕਾਰ ਫਰਾਂਸ ਤੇ ਬ੍ਰਿਟੇਨ ਨੇ ਯੁੱਧ ਰੁਕਣ ‘ਤੇ ਯੂਕਰੇਨ ‘ਚ ਸ਼ਾਂਤੀ ਸੈਨਿਕਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਇਹ ਸ਼ਾਂਤੀ ਸੈਨਿਕ 25 ਤੋਂ ਜ਼ਿਆਦਾ ਦੇਸ਼ਾਂ ਦੇ ਹੋਣਗੇ।
ਰੂਸ ਤੇ ਯੂਕਰੇਨ ਵਿਚਾਲੇ ਸਿੱਧੀ ਗੱਲਬਾਤ ਨਾ ਹੋਣ ਕਾਰਨ ਮੌਜੂਦਾ ਸਮੇਂ ਕਿਸੇ ਵੀ ਕੋਲ ਕੋਈ ਸਪਸ਼ਟ ਯੋਜਨਾ ਨਹੀਂ ਹੈ ਜੋ ਦੋਵਾਂ ਪੱਖਾਂ ਦੇ ਹਾਲਾਤ ਬਾਰੇ ਵਿਚਾਰ ਕਰੇ। ਰੂਸ ਤੇ ਨਾ ਹੀ ਯੂਕਰੇਨ ਨੇ ਸ਼ਾਂਤੀ ਵਾਰਤਾ ਲਈ ਕਿਸੇ ਵਿਸ਼ੇਸ਼ ਪ੍ਰਤਨਿਧ ਨੂੰ ਨਿਯੁਕਤ ਕੀਤਾ ਹੈ।
ਇਹ ਸਥਿਤੀ ਹੋਰ ਵੀ ਕਠਿਨ ਹੈ। ਇਹ ਮੁੱਦੇ ਬਹੁਤ ਹੀ ਜਟਿਲ ਅਤੇ ਸੰਵੇਦਨਸ਼ੀਲ ਹਨ। ਇਸ ਲਈ ਦੋਵਾਂ ਦੇਸ਼ਾਂ ਲਈ ਸਹਿਮਤੀ ਦੀ ਜ਼ਰੂਰਤ ਹੋਵੇਗੀ ਪ੍ਰੰਤੂ ਇਹ ਬਹੁਤ ਕਠਿਨ ਹੋਵੇਗਾ ਕਿ ਦੋਵੇਂ ਦੇਸ਼ ਬਹੁਤ ਜ਼ਿਆਦਾ ਹਿੰਸਕ ਯੁੱਧ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਮਝੌਤੇ ਕਰਨੇ ਹੋਣਗੇ। ਸ਼ਾਂਤੀ ਲਈ ਪੂਰੀ ਯੋਜਨਾ ਬਣਾਉਣ ਲਈ ਰੂਸ ਅਤੇ ਯੂਕਰੇਨ ਨੂੰ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਹੀ ਕੋਈ ਹੱਲ ਨਿਕਲੇਗਾ।
ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫੋਨ ਵਾਰਤਾ ਜੰਗਬੰਦੀ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ ਅਤੇ ਇਸ ਦੇ ਬਿਹਤਰ ਨਤੀਜੇ ਨਿਕਲਣਗੇ।
ਪ੍ਰੰਤੂ ਅਮਰੀਕਾ ਲਈ ਰੂਸ ਦੀਆਂ ਸ਼ਰਤਾਂ ਨੂੰ ਮੰਨਣਾ ਆਸਾਨ ਨਹੀਂ ਹੋਵੇਗਾ। ਉਹ ਨਾਟੋ ਦੇ ਦੂਸਰੇ ਮੈਂਬਰ ਦੇਸ਼ਾਂ ‘ਤੇ ਕਿਸ ਤਰ੍ਹਾਂ ਦਬਾਅ ਬਣਾ ਸਕਦਾ ਹੈ ਕਿ ਉਹ ਯੂਕਰੇਨ ਨੂੰ ਫ਼ੌਜੀ ਸਹਾਇਤਾ ਅਤੇ ਗੁਪਤ ਜਾਣਕਾਰੀਆਂ ਉਪਲਬਧ ਕਰਵਾਉਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦੇਣ। ਇਹ ਇਕ ਤਰ੍ਹਾਂ ਨਾਲ ਰੂਸ ਦੇ ਸਾਹਮਣੇ ਸਮਰਪਣ ਕਰਨ ਵਰਗਾ ਹੋਵੇਗਾ। ਇਹ ਟਰੰਪ ਵੀ ਨਹੀਂ ਕਰਨਾ ਚਾਹੁਣਗੇ। ਇਸ ਤਿੰਨ ਸਾਲ ਲੰਬੀ ਅਤੇ ਭਿਆਨਕ ਜੰਗ ਵਿਚ ਕਾਫ਼ੀ ਖੂਨ ਡੁੱਲ੍ਹ ਚੁੱਕਾ ਹੈ, ਬਹੁਤ ਕੁਝ ਤਬਾਹ ਹੋ ਗਿਆ ਹੈ। ਪ੍ਰਸਤਾਵਤ ਜੰਗਬੰਦੀ ਨੂੰ ਸੁਹਿਰਦਤਾ ਤੇ ਸੰਜੀਦਗੀ ਨਾਲ ਲਾਗੂ ਕਰਦੇ ਹੋਏ ਮਾਨਵਤਾ ਖ਼ਾਤਰ ਇਸ ਜੰਗ ਨੂੰ ਰੋਕਿਆ ਜਾਣਾ ਚਾਹੀਦਾ ਹੈ।