ਆਦਿ ਸ਼ਕਤੀ

 

ਹੇ ਆਦਿ ਸ਼ਕਤੀ
ਮੈਨੂੰ ਅੰਧਕਾਰ ਤੋਂ ਚਾਨਣ ਵੱਲ ਲੈ ਚੱਲ
ਮੈਨੂੰ ਅਵਿੱਦਿਆ ਤੋਂ ਗਿਆਨ ਵੱਲ ਲੈ ਚੱਲ
ਮੈਨੂੰ ‘ਮੈਂ’ ਤੋਂ ‘ਅਮੈਂ’ ਵੱਲ ਲੈ ਚੱਲ…

ਮੈਂ ਜਾਨਣਾ ਚਾਹੁੰਦਾ ਹਾਂ ਸ਼ਿਵ-ਸ਼ਕਤੀ ਦਾ ਪਰਮ-ਮੇਲ
ਨਿਰਵਿਕਲਪ ਸਮਾਧੀ ਦੀ ਸਹਿਜ-ਅਨੁਭੂਤੀ
ਸੱਚਦਾਨੰਦ, ਅੰਮ੍ਰਿਤ-ਕਲਸ, ਜੋਤੀ-ਸਤੂਪ
ਸ੍ਰੀ ਚੱਕਰ ਭੇਦਨ ਵਿੱਦਿਆ ਮੈਂ ਜਾਨਣਾ ਚਾਹੁੰਦਾ ਹਾਂ
ਸ਼ਿਵਤਵ, ਨਿਰਵਾਣ ਮੇਰੀ ਆਤਮਾ ਜਨਮ ਜਨਮਾਂਤਰਾਂ ਤੋਂ
ਵਿਆਕੁਲ ਹੈ ਸਦਾਸ਼ਿਵ ਨਾਲ਼ ਏਕੀਕਾਰ ਹੋਣ ਲਈ…

ਹੇ ਆਦਿ ਸ਼ਕਤੀ, ਮੈਨੂੰ ਦਿਗੰਬਰ, ਮਿਰਗਧਰ,
ਆਦਿ-ਜੋਗੀ, ਸ਼ੰਕਰ ਨੂੰ ਪ੍ਰਾਪਤ ਹੋਣ ਦਾ ਵਰ ਦੇ
ਹੇ ਪਰਮ-ਕਿਰਪਾਲੂ, ਦਿਆਲੂ ਮਾਂ, ਮੇਰੀ ਸਹਾਇਤਾ ਕਰ
ਕਿ ਮੈਂ ਸਦੀਵੀ ਜੋਤਿ ਦੇ ਅਲੌਕਿਕ ਚਾਨਣ ਨੂੰ

ਭਰ ਸਕਾਂ ਆਪਣੇ ਅੰਦਰ ਹੇ ਆਦਿ ਸ਼ਕਤੀ,
ਮੈਂ ਪਰਮਾਨੰਦ ਚਾਹੁੰਦਾ ਹਾਂ ਮੈਂ ਈਸ਼ਵਰੀ ਗੁਣਾਂ ਨਾਲ
ਸ਼ਰਸ਼ਾਰ ਹੋ ਜਾਣਾ ਚਾਹੁੰਦਾ ਹਾਂ
ਤੇ ਸਾਰੇ ਹਨ੍ਹੇਰਿਆਂ ਤੋਂ ਪਾਰ ਹੋ ਜਾਣਾ ਚਾਹੁੰਦਾ ਹਾਂ.

ਲਿਖਤ : ਪਰਮਜੀਤ ਸੋਹਲ

Exit mobile version