ਮਾਮਲਾ ਚਿੱਠੀਸਿੰਘਪੁਰਾ 35 ਸਿੱਖਾਂ ਦੇ ਕਤਲੇਆਮ ਦਾ, 25 ਸਾਲਾਂ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ

ਖਾਸ ਰਿਪੋਰਟ
ਕਿਵੇਂ ਭੁੱਲਿਆ ਜਾ ਸਕਦੈ 20, ਮਾਰਚ ਸੰਨ 2000, ਹੋਲੀ ਦਾ ਉਹ ਦਿਨ, ਜਦੋਂ ਚਿੱਠੀਸਿੰਘਪੁਰਾ ਵਿੱਚ 35 ਬੇਦੋਸ਼ੇ ਸਿੱਖਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫ਼ੇਰੀ ਦੌਰਾਨ ਵਾਪਰੇ ਇਸ ਖੂਨੀਕਾਂਡ ਨੇ ਹਰ ਵੇਖਣ ਸੁਣਨ ਵਾਲੇ ਦੇ ਦਿਲਾਂ ਨੂੰ ਝੰਜੋੜ ਦਿੱਤਾ ਸੀ, ਏਥੋਂ ਤੱਕ ਕਿ ਖੁਦ ਬਿਲ ਕਲਿੰਟਨ ਨੂੰ ਵੀ ਮਜ਼ਬੂਰ ਹੋ ਕੇ ਇਸ ਕਤਲੇਆਮ ਬਾਰੇ ਲਿਖਣਾ ਪੈ ਗਿਆ ਸੀ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਮੈਡਲੀਨ ਅਲਬ੍ਰਾਈਟ ਦੀ ਇੱਕ ਕਿਤਾਬ ”ਦਿ ਮਾਈਟੀ ਐਂਡ ਦ ਅਲਮਾਈਟੀ” ਦੇ ਮੁੱਖ ਬੰਦ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਚਿੱਠੀਸਿੰਘਪੁਰਾ ਹਮਲੇ ‘ਤੇ ਗਹਿਰੀ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ”ਜੇ ਮੈਂ ਉਹ ਦੌਰਾ ਨਾ ਕੀਤਾ ਹੁੰਦਾ, ਤਾਂ ਸੰਭਵ ਹੈ ਕਿ ਜੁਲਮ ਦਾ ਸ਼ਿਕਾਰ ਹੋਣ ਵਾਲੇ ਉਹ ਸਿੱਖ ਅੱਜ ਜਿਉਂਦੇ ਹੁੰਦੇ।”
ਉਨ੍ਹਾਂ ਦੀ ਇਹ ਟਿੱਪਣੀ ਇਹ ਸੰਕੇਤ ਦਿੰਦੀ ਹੈ ਕਿ ਇਹ ਕਤਲੇਆਮ ਉਨ੍ਹਾਂ ਦੀ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਹੀ ਕੀਤਾ ਗਿਆ ਸੀ। ਭਾਰਤ ਸਰਕਾਰ ਇਸ ਪਿੱਛੇ ਪਾਕਿਸਤਾਨੀ ਦਹਿਸਤਗਰਦਾਂ ਦਾ ਹੱਥ ਹੋਣ ਦੀ ਗੱਲ ਕਰਦੀ ਹੈ ਅਤੇ ਜਿਹਾਦੀ ਭਾਰਤੀ ਖੁਫ਼ੀਆ ਏਜੰਸੀਆਂ ਉੱਪਰ ਇਲਜ਼ਾਮ ਲਗਾਉਂਦੇ ਹਨ।ਭਾਰਤੀ ਫੌਜ ਨੇ ਦੋਸ਼ੀਆਂ ਨੂੰ ਪਕੜਨ ਦਾ ਦਾਅਵਾ ਕਰਕੇ ਪਥਰੀਬਲ ਵਿੱਚ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ ਤੇ ਦੱਸਿਆ ਜੋ ਬਾਅਦ ਵਿੱਚ ਇੱਕ ਮੁਕੱਦਮੇ ਦੇ ਫ਼ੈਸਲੇ ਅਨੁਸਾਰ ਝੂਠਾ ਦਾਅਵਾ ਸਾਬਤ ਹੋਇਆ ਕਿਉਂਕਿ ਮਾਰੇ ਗਏ ਨੌਜਵਾਨ ਆਮ ਕਸ਼ਮੀਰੀ ਨਾਗਰਿਕ ਸਿੱਧ ਹੋਏ। ਚਿੱਠੀਸਿੰਘਪੁਰਾ ਤੇ ਹਾਈਕੋਰਟ ਦੇ ਆਦੇਸ਼ ਦੇ ਬਾਵਜੂਦ ਕੋਈ ਸਰਕਾਰੀ ਏਜੰਸੀ ਦੁਆਰਾ ਇਸ ਕਤਲੇਆਮ ਦੀ ਗੁੱਥੀ ਸੁਲਝਾਈ ਨਹੀਂ ਜਾ ਸੱਕੀ।
ਚਿੱਠੀਸਿੰਘਪੁਰਾ ਨਾਲ ਇਤਿਹਾਸਕ ਰਿਸ਼ਤਾ
ਚਿੱਠੀਸਿੰਘਪੁਰਾ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਵੱਡੀ ਸਿੱਖ ਵਸੋਂ ਵਾਲਾ ਪਿੰਡ ਹੈ ਜਿੱਥੇ ਸਿੱਖ, ਹਿੰਦੂ, ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੜੇ ਪ੍ਰੇਮ ਅਤੇ ਭਰਾਤਰੀ ਭਾਵ ਨਾਲ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਵਿੱਚ ਸਿੱਖਾਂ ਨੂੰ ਵਸਾਇਆ ਸੀ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਬਾਗ਼ ਦਿੱਤੇ ਸਨ। ਅਜਿਹੇ ਖੁਸ਼ਗਵਾਰ ਮਹੌਲ ਵਿੱਚ ਇੱਕ ਦਿਨ ਏਨਾ ਭਿਆਨਕ ਕਤਲੇਆਮ ਵਾਪਰਨ ਦੀ ਕਿਸੇ ਨੇ ਉਮੀਦ ਵੀ ਨਹੀਂ ਸੀ ਕੀਤੀ। ਕੁਝ ਪਲਾਂ ‘ਚ ਹੀ ਹੱਸਦੇ-ਵੱਸਦੇ 17 ਸਿੱਖਾਂ ਦੇ ਪਰਿਵਾਰ ਉੱਜੜ ਗਏ।
ਕਿਵੇਂ ਵਾਪਰਿਆ ਕਾਂਡ
ਭਾਵੇਂ ਚਿੱਠੀਸਿੰਘਪੁਰਾ ਕਤਲੇਆਮ ਨੂੰ 25 ਸਾਲ ਬੀਤ ਚੁੱਕੇ ਹਨ ਪਰ ਪੀੜਤਾਂ ਦੇ ਜ਼ਖਮ ਅੱਜ ਵੀ ਅਲੇ ਹਨ। ਇਸ ਕਤਲੇਆਮ ਵਿਚੋਂ ਜ਼ਿੰਦਾ ਬਚੇ ਸ. ਨਾਨਕ ਸਿੰਘ ਬੇਦੀ ਨੂੰ ਇਹ ਸਾਰੀ ਘਟਨਾ ਅੱਜ ਵੀ ਇੰਨ-ਬਿੰਨ ਯਾਦ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਉਹ ਦੱਸਦੇ ਹਨ ਕਿ 20 ਮਾਰਚ, 2000 ਦੀ ਰਾਤ ਨੂੰ ਕਰੀਬ ਪੌਣੇ ਅੱਠ ਵੱਜੇ ਸਨ, ਕੁਝ ਲੋਕ ਗੁਰਦੁਆਰਾ ਸਾਹਿਬ ਤੋਂ ਵਾਪਿਸ ਆ ਰਹੇ ਸਨ, ਔਰਤਾਂ ਘਰਾਂ ਵਿਚ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ, ਕਿਸੇ ਘਰ ਵਿੱਚ ਟੀ.ਵੀ.-ਰੇਡੀਓ ਤੇ ਖ਼ਬਰਾਂ ਚੱਲ ਰਹੀਆਂ ਸਨ। ਉਸ ਸਮੇਂ ਭਾਰਤੀ ਫ਼ੌਜ ਦੀ ਵਰਦੀ ਵਿਚ 10-12 ਨਕਾਬਪੋਸ਼, ਹਥਿਆਰਬੰਦ ਵਿਅਕਤੀਆਂ ਨੇ ਸ਼ਨਾਖ਼ਤ ਕਰਨ ਦੇ ਬਹਾਨੇ ਪਿੰਡ ਦੇ ਸਿੱਖ ਪਰਿਵਾਰਾਂ ਦੇ ਮਰਦਾਂ ਨੂੰ ਘਰੋਂ ਬਾਹਰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਕਤਲੇਆਮ ਪਿੰਡ ਵਿੱਚ ਦੋ ਵੱਖ-ਵੱਖ ਥਾਵਾਂ ਤੇ ਇੱਕੋ ਸਮੇਂ ਵਾਪਰਿਆ। ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ 19 ਜਦਕਿ ਗੁਰਦੁਆਰਾ ਸਾਹਿਬ ਸ਼ੌਕੀਨ ਮੁਹੱਲਾ ਦੇ ਬਾਹਰ 17 ਮਰਦਾਂ ਨੂੰ ਇੱਕ ਕੰਧ ਦੇ ਸਾਹਮਣੇ ਖੜ੍ਹਾ ਕਰ ਲਿਆ ਗਿਆ। ਇਨ੍ਹਾਂ ਵਿਚ 16-17 ਸਾਲਾਂ ਦੇ ਨੌਜਵਾਨਾਂ ਤੋਂ ਲੈ ਕੇ 60-70 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ।
ਹਥਿਆਰਬੰਦ ਵਿਅਕਤੀਆਂ ਵਿਚੋਂ ਇੱਕ ਨੇ ਹਵਾ ‘ਚ ਫ਼ਾਇਰ ਕੀਤਾ, ਜਿਸ ਤੋਂ ਬਾਅਦ ਕਤਾਰਾਂ ਵਿਚ ਖੜ੍ਹੇ ਸਿੱਖਾਂ ਉੱਪਰ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸ. ਨਾਨਕ ਸਿੰਘ ਦੇ ਦੱਸਣ ਮੁਤਾਬਕ:-”ਜਦੋਂ ਗੋਲੀ ਚਲੀ ਤਾਂ ਮੈ ਵੀ ਬਾਕੀਆਂ ਨਾਲ ਹੇਠਾਂ ਹੇਠਾਂ ਡਿੱਗ ਪਿਆ ਪਰ ਮੈਨੂੰ ਕੋਈ ਗੋਲੀ ਨਹੀਂ ਲੱਗੀ। ਮੈਂ ਹੇਠਾਂ ਪਿਆ, ਮਰੇ ਹੋਣ ਦਾ ਨਾਟਕ ਕਰ ਰਿਹਾ ਸੀ ਅਤੇ ਚਿੱਤ ਵਿੱਚ ਵਾਹਿਗੁਰੂ-ਵਾਹਿਗੁਰੂ ਕਰ ਰਿਹਾ ਸੀ। ਹਮਲਾਵਰਾਂ ਨੇ ਹੇਠਾਂ ਡਿੱਗੇ ਵਿਅਕਤੀਆਂ ਦੀ ਮੌਤ ਸੁਨਿਸ਼ਚਿਤ ਕਰਨ ਲਈ ਸਾਰਿਆਂ ਉੱਪਰ ਟੋਰਚ ਮਾਰ ਕੇ ਵੇਖਿਆ ਅਤੇ ਦੁਬਾਰਾ ਫਿਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਹੁਣ ਮੈਨੂੰ ਲੱਗਿਆ ਸੀ ਕਿ ਮੇਰੀ ਮੌਤ ਵੀ ਤੈਅ ਹੈ। ਜਦੋਂ ਦੁਬਾਰਾ ਗੋਲੀਆਂ ਚੱਲੀਆਂ ਤਾਂ ਮੇਰੀ ਲੱਤ ਵਿਚ ਗੋਲੀ ਲੱਗੀ ਜੋ ਕਿ, ਚੂਲੇ ਵਿਚ ਜਾ ਕੇ ਫਸ ਗਈ। ਪਰ ਮੈਂ ਜ਼ਰਾ ਜਿੰਨੀ ਵੀ ਅਵਾਜ਼ ਨਹੀਂ ਕੱਢੀ। ਮੈਨੂੰ ਵੀ ਉਨ੍ਹਾਂ ਨੇ ਮਰਿਆ ਹੋਇਆ ਸਮਝ ਲਿਆ। ਸਾਰਿਆਂ ਨੂੰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਜੈ ਹਿੰਦ, ‘ਜੈ ਮਾਤਾ ਦੀ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ ਅਤੇ ਚਲੇ ਗਏ। ਮੈਂ ਉੱਠ ਕੇ ਵੇਖਿਆ, ਤਾਂ ਕਿਸੇ ਨੇ ਮੈਨੂੰ ਆਪਣੀ ਬਾਂਹ ਨਾਲ ਫ਼ੜਿਆ ਹੋਇਆ ਸੀ, ਜਦੋਂ ਮੈਂ ਬਾਂਹ ਚੁੱਕ ਕੇ ਧਿਆਨ ਨਾਲ ਵੇਖਿਆ ਤਾਂ ਇਹ ਮੇਰਾ ਪੁੱਤਰ ਗੁਰਮੀਤ ਸਿੰਘ ਸੀ। ਮੈਂ ਉਸਦੇ ਸਰੀਰ ਨੂੰ ਹਲੂਣ ਕੇ ਜਗਾਉਣ ਦੀ ਕੋਸਿਸ਼ ਕੀਤੀ, ਉਸਦੇ ਸਿਰ ਤੇ ਹੱਥ ਰੱਖਿਆ ਜੋ ਕਿ ਖੂਨ ਨਾਲ ਲੱਥਪਥ ਸੀ। ਮੇਰੇ ਚਿਹਰੇ ‘ਤੇ ਹੰਝੂ ਵਹਿ ਤੁਰੇ। ਮੈਂ ਖੜ੍ਹਾ ਨਹੀਂ ਹੋ ਸਕਿਆ। ਮੈਨੂੰ ਪਾਣੀ ਦਾ ਇੱਕ ਘੱਟ ਚਾਹੀਦਾ ਸੀ। ਮੇਰੇ ਸਾਹਮਣੇ ਖੂਨ ਨਾਲ ਲੱਥਪੱਥ ਲਾਸ਼ਾਂ ਦਾ ਢੇਰ ਪਿਆ ਸੀ, ਕੁਝ ਅਜੇ ਵੀ ਸਹਿਕ ਰਹੇ ਸਨ। ਹਰ ਕਿਸੇ ਨੂੰ 10 ਤੋਂ 12 ਗੋਲੀਆਂ ਲੱਗੀਆਂ ਸਨ। ਉਹ ਭਿਆਨਕ ਦ੍ਰਿਸ਼ ਮੇਰੇ ਦਿਮਾਗ ‘ਤੇ ਅੱਜ ਵੀ ਛਪਿਆ ਹੋਇਆ ਹੈ”।
ਇਨ੍ਹਾਂ 35 ਸ਼ਹੀਦਾਂ ਵਿਚ ਸ. ਨਾਨਕ ਸਿੰਘ ਦੇ ਛੋਟੇ ਪੁੱਤਰ ਸਮੇਤ ਪਰਿਵਾਰ ਦੇ ਕੁੱਲ੍ਹ 7 ਜੀਅ ਸਨ। ਸ. ਨਾਨਕ ਸਿੰਘ ਅਨੁਸਾਰ ਹਮਲਾਵਰ ਇੱਕ ਦੂਸਰੇ ਨੂੰ ਪਵਨ, ਬੰਸੀ ਅਤੇ ਬਹਾਦਰ ਕਹਿ ਕੇ ਬੁਲਾ ਰਹੇ ਸਨ।
ਨਰਿੰਦਰ ਕੌਰ, ਜਿਨ੍ਹਾਂ ਨੇ ਆਪਣੇ ਪਤੀ ਸਮੇਤ ਪਰਿਵਾਰ ਦੇ ਸਾਰੇ ਤਿੰਨ ਪੁਰਸ਼ ਮੈਂਬਰ ਗਵਾਏ ਸਨ, ਨੇ ਕਿਹਾ ਸੀ, *ਮੈਂ ਇਸ ਵਿਨਾਸ਼ਕਾਰੀ ਸ਼ਾਮ ਨੂੰ ਨਹੀਂ ਭੁਲਾ ਸਕਦੀ। ਫੌਜ ਦੇ ਕਪੜਿਆਂ ਵਿਚਲੇ ਮਰਦਾਂ ਨੇ ਸਾਡੇ ਪਰਿਵਾਰ ਦੇ ਮਰਦਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ਅਤੇ ਬਾਹਰ ਇਕੱਠੇ ਹੋਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਘਰਾਂ ਦੀ ਤਲਾਸ਼ੀ ਲੈਣੀਂ ਹੈ।
ਉਸਨੇ ਕਿਹਾ ਕਿ ਉਸ ਦਾ ਪਤੀ, ਅਤੇ ਉਨ੍ਹਾਂ ਦੇ ਦੋ ਪੁੱਤਰ ਵੀ ਉਨ੍ਹਾਂ ਦੇ ਭਰੋਸੇ ਤੋਂ ਬਾਅਦ ਬਾਹਰ ਨਿਕਲੇ ਸਨ, ਕਿ ਸਿਰਫ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਕੁਝ ਦੇਰ ਬਾਅਦ ਅਸੀਂ ਗੋਲੀਆਂ ਦੀ ਆਵਾਜ਼ ਸੁਣੀਂ ਅਤੇ ਚੀਕਾਂ ਮਾਰੀਆਂ, ਮੈਂ ਹੋਰਨਾਂ ਗੁਆਂਢੀਆਂ ਦੇ ਨਾਲ ਇਹ ਵੇਖਣ ਲਈ ਬਾਹਰ ਗਈ ਕਿ ਕੀ ਹੋ ਰਿਹਾ ਹੈ? ਚਾਰ ਮਿੰਟ ਪਹਿਲਾਂ ਜਿਉਂਦੇ ਬੰਦੇ ਲਾਸ਼ਾਂ ਬਣ ਚੁੱਕੇ ਸਨ ਅਤੇ ਚਾਰੇ ਪਾਸੇ ਖੂਨ ਹੀ ਖੂਨ ਸੀ।
ਨਰਿੰਦਰ ਕੌਰ ਦੇ ਪ੍ਰੀਵਾਰ ਵਿੱਚ ਦੋ ਲੜਕੀਆਂ ਅਤੇ ਬਜ਼ੁਰਗ ਸਹੁਰਾ ਰਹਿ ਗਏ। ਮੇਰੇ ਪਤੀ ਦਾ ਭਰਾ ਉੱਤਮ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਅਜੀਤ ਪਾਲ ਸਿੰਘ ਅਤੇ ਗੁਰਦੀਪ ਸਿੰਘ ਵੀ ਮਾਰੇ ਗਏ ਸਨ। *ਮੈਂ ਪਿਛਲੇ 18 ਸਾਲਾਂ ਤੋਂ ਆਪਣੇ ਤਿੰਨ ਮੈਂਬਰਾਂ ਨੂੰ ਗੁਆਉਣ ਦੇ ਸਦਮੇ ਵਿਚ ਜੀ ਰਹੀ ਹਾਂ।
76 ਸਾਲਾ ਜੀਤ ਕੌਰ ਨੇ ਵੀ ਆਪਣੇ ਪਰਿਵਾਰ ਦੇ ਪੰਜ ਪੁਰਸ਼ ਮੈਂਬਰ ਗਵਾਏ। ਉਸ ਦਾ ਪਤੀ- ਫਕੀਰ ਸਿੰਘ ਅਤੇ ਦੋ ਬੇਟੇ ਕਰਨੈਲ ਸਿੰਘ ਅਤੇ ਸੀਤਲ ਸਿੰਘ ,ਉਸ ਦੇ ਦਾਦਾ ਜੀਤੇਂਦਰ ਸਿੰਘ ਅਤੇ ਸੋਨੀ ਸਿੰਘ ਵੀ ਗੋਲੀਆਂ ਨਾਲ ਭੁੰਨ ਸੁਟੇ।
ਜੀਤ ਦੇ ਵੱਡੇ ਪੁੱਤਰ ਕਰਨੈਲ ਸਿੰਘ ਦੀ ਪਤਨੀ ਵਿਧਵਾ ਪ੍ਰਕਾਸ਼ ਕੌਰ, (51) ਦੀਆਂ ਦੋ ਲੜਕੀਆਂ ਅਤੇ ਛੋਟੇ ਪੁੱਤਰ ਦੀ ਵਿਧਵਾ ਸ਼ੇਸ਼ਾਂਤ ਕੌਰ, 50 ਦੇ ਦੋ ਬੇਟੇ ਅਤੇ ਇਕ ਬੇਟੀ ਹੈ।ਜੀਤ ਕੌਰ ਦਾ ਕਹਿਣਾ ਹੈ, *ਮੇਰੀ ਹਰ ਚੀਜ ਗੁਆਚ ਗਈਂ, ਮੈਂ ਪੋਤਰੇ ਤੇ ਪੋਤਰੀਆ ਦਾ ਮੂੰਹ ਦੇਖ ਕੇ ਜਿਉਂਦੀ ਹਾਂ।ਪ੍ਰਕਾਸ਼ ਕੌਰ -56 ਆਪਣੇ ਪਤੀ ਰਘੂਨਾਥ ਸਿੰਘ ਅਤੇ ਜਵਾਈ ਨੂੰ ਕਤਲੇਆਮ ਵਿਚ ਗੁਆ ਬੈਠੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜੱਗ ਜਾਹਰ ਕੀਤਾ ਜਾਵੇ।
ਇਸ ਕਤਲੇਆਮ ਵਿੱਚ ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਭਾਵੇਂ ਕਿ ਪਥਰੀਬਲ ਪੀੜਤਾਂ ਅਤੇ ਬਰਕਪੁਰਾ ਵਿਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣਾ ਜਾਰੀ ਹੈ ਪਰ ਘੱਟੋ ਘੱਟ ਸੱਚਾਈ ਸਾਹਮਣੇ ਆ ਗਈ ਹੈ ਕਿ ਫੌਜ ਅਤੇ ਪੁਲਿਸ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਸਾਡੇ ਕੇਸ ਵਿਚ, ਅਣਜਾਣੇ ਕਾਰਨਾਂ ਕਰਕੇ ਸੱਚਾਈ ਨੂੰ ਲੁਕਾਇਆ ਗਿਆ ਹੈ ਅਤੇ ਸੂਬਾ ਜਾਂ ਕੇਂਦਰ ਸਰਕਾਰ ਦੁਆਰਾ ਇਸ ਘਟਨਾ ਵਿਚ ਕੋਈ ਜਾਂਚ ਨਹੀਂ ਕੀਤੀ ਗਈ, ਜਿਸ ਕਰਕੇ ਪੀੜਤ ਸਿੱਖ ਪਰਿਵਾਰ ਉਦਾਸ ਹਨ।ਪੀੜਤ ਪਰਿਵਾਰਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਵੀ ਕਤਲੇਆਮ ਦੀ ਜਾਂਚ ਦੀ ਮੰਗ ਕਰ ਰਹੀਆਂ ਹਨ।ਸਾਰੀਆਂ ਪਾਰਟੀਆਂ ਦੀ ਸਿੱਖ ਤਾਲਮੇਲ ਕਮੇਟੀ ਕਸ਼ਮੀਰ ਨੇ ਇਹ ਦ੍ਰਿੜ ਕਰਦੇ ਹੋਏ ਕਿਹਾ ਕਿ ਇਸ ਕਤਲੇਆਮ ਦੇ ਨਿਆਂ ਲਈ ਲੜਨਾ ਲਈ ਜਾਰੀ ਰਹੇਗਾ ਤਾਂ ਜੋ ਦੋਸ਼ੀਆਂ ਨੂੰ ਸਾਹਮਣੇਂ ਲਿਆਂਦਾ ਜਾ ਸਕੇ।
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਕੀਤੇ ਗਏ ਹਮਲੇ ਨੇ ਉਨ੍ਹਾਂ ਦੇ ਮਨ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਅਤੇ ਮਾਰਚ 2000 ਵਿਚ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਚ ਕਤਲ ਕੀਤੇ ਗਏ 35 ਸਿੱਖਾਂ ਦੀ ਯਾਦ ਦਿਵਾਈ ਹੈ ਜਿਸ ਵਿਚ ਹੁਣ ਤਕ ਸੱਚ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ ਵਾਪਰੀ ਘਟਨਾ ਦਾ ਇਨਸਾਫ਼ ਹੋਵੇ ਅਤੇ ਇਸ ਦੇ ਨਾਲ ਹੀ ਚਿੱਟੀ ਸਿੰਘਪੁਰਾ ਵਿਚ ਵਾਪਰੀ ਘਟਨਾ ਦਾ ਵੀ ਸੱਚ ਸਾਹਮਣੇ ਲਿਆ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ।

Exit mobile version