ਕਹਿਣ, ”ਦੀਵੇ ਜਗਣ ਨਾ ਸੱਪਾਂ ਦੇ ਕੋਲ”
ਪਰ, ਲੁਕੇ ਸੱਪਾਂ ਨੂੰ ਦੀਵੇ ਲੈਣ ਟੋਲ,
ਕੰਮ ਸੱਪਾਂ ਦਾ ਸਦਾ ਹੈ ਡੰਗਣਾ,
ਕੰਮ ਡੰਡੇ ਦਾ ਹੈ ਸਿਰੀਆਂ ਭੰਨਣਾ,
ਦੇਖ ਲਈ ਤੇਰੀ ਵਲਾਵੀਂ ਤੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਦੇਖ ਲਈ ਤੇਰੀ ਅਜ਼ਾਦੀ ”ਕਹਿਣ” ਦੀ
ਵਲਗਣਾਂ ਦੇ ਵਿਚ ਵਲ ਕੇ ਰਹਿਣ ਦੀ,
ਲਹੂ ਡੁੱਲ੍ਹੇ ਬਿਨ ਲਿਆਂਦੀ ਦੇਖ ਲਈ,
ਦੇਖ ਲਈ ਅਰਥੀ ਨਿਆਂ ਦੀ, ਦੇਖ ਲਈ,
ਖੰਭ ਲਾ ਕੇ ਕਾਂ ਨਾ ਬਣਦਾ ਮੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਕੋਟ ਰੇਤੇ ਦੇ ਉਸਾਰਨ ਵਾਲਿਆ
ਹਵਾ ਵਿਚ ਤਲਵਾਰਾਂ ਮਾਰਨ ਵਾਲਿਆ
ਸੂਰਜਾਂ ਨੂੰ ਦਾਗ਼ ਲਾਵਣ ਵਾਲਿਆ
ਗਲ਼ ਸਮੇਂ ਦੇ ਫਾਹੀਆਂ ਪਾਵਣ ਵਾਲਿਆ
ਤੇਰੀ ਆਪਣੀ ਉਮਰ ਕੱਚੀ ਡੋਰ ਹੈ
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਹੁਣ ਤੇਰੀ ਚਤੁਰਾਈ ਪੁਗ ਸਕਣੀ ਨਹੀਂ,
ਹੱਥਾਂ ਉੱਤੇ ਸਰ੍ਹੋਂ ਉਗ ਸਕਣੀ ਨਹੀਂ,
ਧੁੰਦ ਮਾਇਆ ਦੀ ਨੇ ਹੁਣ ਰਹਿਣਾ ਨਹੀਂ,
ਲੋਕਤਾ ਨੇ ਜਬਰ ਹੁਣ ਸਹਿਣਾ ਨਹੀਂ,
ਧਰਤ ਤੋਂ ਆਕਾਸ਼ ਤੀਕਰ ਸ਼ੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਸਾਡੀ ਨਗਰੀ ਜਿੰਦਾਂ ਗੁਟਕਣ ਨਿੱਕੀਆਂ,
ਤੇਰੀ ਨਗਰੀ ਹੋਣ ਛੁਰੀਆਂ ਤਿੱਖੀਆਂ,
ਸਾਡੀ ਮੰਜ਼ਲ ਹੈ ਭਵਿੱਖਾਂ ਤੋਂ ਪਰੇ,
ਤੇਰੀ ਮੰਜ਼ਲ ਜੁੱਗੜੇ ਬੀਤੇ ਹੋਏ,
ਰਾਹ ਸਾਡਾ ਹੋਰ, ਤੇਰਾ ਹੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਲੇਖਕ : ਸੰਤੋਖ ਸਿੰਘ ਧੀਰ