ਮਾਂ ਦਾ ਗੀਤ

 

ਤੜਕੇ ਤੜਕੇ ਚੱਕੀ ਮੇਰੀ ਮਾਂ ਦੀ
ਪੀਂਹਦੀ ਏ ਨਿੱਕਾ ਨਿੱਕਾ ਦਾਣਾ
ਕਣਕਾਂ ਦਾ ਰੰਗ ਖਰਾ
ਉੱਜਲਾ ਨਵੇਲਾ
ਮਾਂ ਦਾ ਗੀਤ ਪੁਰਾਣਾ !

ਗਾ ਗਾ ਨੀਂ ਮਾਏ
ਕੋਈ ਗੀਤ ਸਰ੍ਹੋਂ ਦਾ
ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਲੋਏ
ਗਾ ਗਾ ਨੀ ਰੋਹੀਆਂ ਦੇ
ਪੰਛੀਆਂ ਦੀ ਕਿਸਮਤ
ਬਹਿ ਬਹਿ ਜੋ ਸੱਥ ਵਿਚ ਰੋਏ

ਪੁਲੀਆਂ ਤੋਂ ਬਾਹਾਂ ਲਮਕਾਈ
ਊਸ਼ਾ ਸੋਚਦੀ
ਪਾਣੀਆਂ ਨੇ ਰੰਗ ਕੀ ਵਟਾਏ
ਉਹੋ ਰੰਗ ਜਿਹੜਾ ਅਸਾਂ
ਰਾਤ ਭਰ ਸਾਂਭਿਆ
ਪਲੋ ਪਲੀ ਮੁੱਕਦਾ ਜਾਏ

ਇਕ ਤਾਂ ਵਿਜੋਗ ਮੈਨੂੰ
ਔਸ ਫਰਮਾਂਹ ਦਾ
ਵਾਲ ਵਾਲ ਜਿਹੜਾ ਮੁਰਝਾਏ
ਜਦੋਂ ਕੋਈ ਬੁੱਲਾ ਇਹਦੀ
ਰਗ ਰਗ ਝੂਣਦਾ
ਭੋਰਾ ਭੋਰਾ ਝਰੀ ਝਰੀ ਜਾਏ

ਬੂਰ ਦੀ ਸੁਗੰਧ ਭਲਾ
ਨਟ ਖਟ ਛੋਕਰੀ
ਤਿੱਖੇ ਤਿੱਖੇ ਡੰਗ ਬਰਸਾਏ
ਡੰਗ ਦੀ ਕਹਾਣੀ ਬੜੀ ਲੰਬੀ
ਮੇਰੇ ਹਾਣੀਆਂ
ਹਾਣ ਬਾਝੋਂ ਹਾਣ ਤਿਰਹਾਏ

ਹਾਣੀਆਂ ਦੀ ਵਾਜ ਆਈ
ਵੱਡੇ ਦਰਵਾਜ਼ਿਓਂ
ਏਸ ਪਿੰਡੋਂ ਚੱਲੀਏ ਨੀ ਮਾਏ
‘ਬਹਿ ਜਾ ਵੇ ਬੀਬਾ ਪੁੱਤ
ਗੱਲ ਸੁਣ ਰਾਹ ਦੀ
ਨੰਗੇ ਪੈਰੀਂ ਚੱਲਿਆ ਨਾ ਜਾਏ’
ਲੇਖਕ : ਕੁਲਵੰਤ ਸਿੰਘ ਗਰੇਵਾਲ

Exit mobile version