ਨਾਗਾਸਾਕੀ ‘ਤੇ ਸੌ ਸੂਰਜਾਂ ਦਾ ਕਹਿਰ

 

ਲੇਖਕ: ਫਰੈਂਕ ਡਬਲਯੂ ਚਿਨਾਕ
ਵਿਡੰਬਨਾ ਦੇਖੋ, ਪਰਮਾਣੂ ਬੰਬ ਡੇਗਣ ਲਈ ਨਿਰਧਾਰਤ ਜਿਨ੍ਹਾਂ ਚਾਰ ਸਥਾਨਾਂ ਦੀ ਸੂਚੀ ਅਮਰੀਕੀ ਯੁੱਧ ਮੰਤਰੀ ਹੈਨਰੀ ਐੱਚ. ਸਟਿਮਸਨ ਦੇ ਸਾਹਮਣੇ ਵਿਚਾਰ ਲਈ ਪੇਸ਼ ਕੀਤੀ ਗਈ ਸੀ ਉਸ ਵਿੱਚ ਨਾਗਾਸਾਕੀ ਦਾ ਨਾਮ ਨਹੀਂ ਸੀ। ਫਿਰ ਮੰਦਭਾਗੀ ਗੱਲ ਇਹ ਹੋਈ ਕਿ ਬਾਕੀ ਦੁਨੀਆ ਵਾਂਗ, ਜਪਾਨ ਵਿੱਚ ਵੀ ਸਾਰਿਆਂ ਦਾ ਧਿਆਨ ਹੀਰੋਸ਼ੀਮਾ ‘ਤੇ ਹੀ ਕੇਂਦਰਤ ਹੋ ਕੇ ਰਹਿ ਗਿਆ। ਨਾਗਾਸਾਕੀ ਦੇ ਮਹਾਵਿਨਾਸ਼ ਨੂੰ ਭੁਲਾ ਦਿੱਤਾ ਗਿਆ। ਨਾਗਾਸਾਕੀ ਦੇ ਬੁੱਧੀਜੀਵੀ ਅੱਜ ਵੀ ਇਹ ਗਿਲਾ ਕਰਦੇ ਸੁਣੇ ਜਾ ਸਕਦੇ ਹਨ, ”ਐਟਮ ਬੰਬ ਦਾ ਸ਼ਿਕਾਰ ਹੋਣਾ ਤਾਂ ਬੁਰਾ ਹੈ ਹੀ ਪਰ ਦੂਸਰੇ ਨੰਬਰ ‘ਤੇ ਐਟਮ ਬੰਬ ਦਾ ਸ਼ਿਕਾਰ ਹੋਣਾ ਉਸ ਤੋਂ ਵੀ ਬੁਰਾ ਹੈ।” ਇੱਥੇ ਨਾਗਾਸਾਕੀ ਦੇ ਕਲਪਨਾ ਤੋਂ ਵੀ ਬਾਹਰੇ ਮਹਾਵਿਨਾਸ਼ ਦੁਖਾਂਤ ਦਾ ਬੇਹੱਦ ਸੰਜੀਦਾ ਚਿਤਰਨ ਪੇਸ਼ ਹੈ।
ਸਰਕਾਰੀ ਕੈਲੰਡਰਾਂ ‘ਤੇ ਤਰੀਕ ਬਦਲ ਚੁੱਕੀ ਸੀ। 9 ਅਗਸਤ 1945 । 8 ਅਗਸਤ ਦੀ ਰਾਤ ਅਜੇ ਕੁਝ ਦੇਰ ਪਹਿਲਾਂ ਖ਼ਤਮ ਹੋਈ ਸੀ। 3 ਵੱਜ ਕੇ 56 ਮਿੰਟ ਹੋਏ ਸਨ। ਤਿਰਾਨ ਦੀਪ ਦੀ ਦੋ ਮੀਲ ਲੰਬੀ ਹਵਾਈ ਪੱਟੀ ਮਹਾਵਿਨਾਸ਼ ਦੇ ਦੂਤ ਨੂੰ ਵਧਾਈ ਦੇਣ ਲਈ ਮੌਨ ਉਡੀਕ ਵਿੱਚ ਸੀ। ਬੀ-29 ਜਹਾਜ਼ ਨੂੰ ਉੱਡਣ ਵਾਸਤੇ ਇਸ ਲੰਬਾਈ ਦੇ ਹਰ ਇੰਚ ਦੀ ਜ਼ਰੂਰਤ ਸੀ। ਇਸ ਜਹਾਜ਼ ‘ਤੇ ਸਿਰਫ਼ ਇੱਕ ਬੰਬ ਲੱਦਿਆ ਹੋਇਆ ਸੀ। ਇਹ ਬੰਬ ਕਿਸੇ ਬਹੁਤ ਵੱਡੇ ਤਰਬੂਜ਼ ਵਾਂਗ ਸੀ। ਇਹਦਾ ਵਜ਼ਨ 10 ਹਜ਼ਾਰ ਪੌਂਡ ਸੀ। ਇਸ ਤੋਂ ਬਿਨਾਂ ਪ੍ਰਸ਼ਾਂਤ ਸਾਗਰੀ ਇਸ ਜਹਾਜ਼ਾਂ ਦੇ ਅੱਡੇ ਤੋਂ ਜਪਾਨ ਤੱਕ ਅਤੇ ਵਾਪਸੀ ਯਾਤਰਾ ਤੱਕ 3400 ਮੀਲ ਦੀ ਦੂਰੀ ਤੈਅ ਕਰਨ ਵਾਸਤੇ ਜ਼ਰੂਰਤ ਅਨੁਸਾਰ ਕਈ ਟਨ ਤੇਲ ਵੀ ਇਸ ਨਾਲ ਸੀ।
ਇਸ ਬੀ-29 ਉੱਤੇ ਜੋ ਬੰਬ ਲੱਦਿਆ ਹੋਇਆ ਸੀ, ਉਹ ਪਰਮਾਣੂ ਬੰਬ ਸੀ। ਜਪਾਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਧਰਤੀ ‘ਤੇ ਦੁਸ਼ਮਣ ਦੇ ਆਉਣ ‘ਤੇ ਵੀ ਆਖ਼ਰੀ ਖਾਈ, ਆਖ਼ਰੀ ਇੰਚ ਤੱਕ ਯੁੱਧ ਜਾਰੀ ਰੱਖੇਗਾ। ਅਮਰੀਕਾ ਨੇ ਜਪਾਨ ਦੀ ਇਸ ਚੁਣੌਤੀ ਦਾ ਜਵਾਬ ਪਰਮਾਣੂ ਨਾਲ ਦੇਣ ਦਾ ਫ਼ੈਸਲਾ ਕਰ ਲਿਆ ਸੀ।
ਛੇ ਅਗਸਤ ਨੂੰ ਪਹਿਲਾ ਪਰਮਾਣੂ ਬੰਬ ਹੀਰੋਸ਼ੀਮਾ ‘ਤੇ ਸੁੱਟਿਆ ਗਿਆ। ਅੱਜ ਦੇ ਇਸ ਦੂਸਰੇ ਪਰਮਾਣੂ ਬੰਬ ਦਾ ਨਿਸ਼ਾਨਾ 4 ਲੱਖ ਦੀ ਆਬਾਦੀ ਵਾਲਾ ਉਦਯੋਗ ਨਗਰ ਕੋਕੁਰਾ ਸੀ। ਉੱਥੇ ਜਾਪਾਨ ਦੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਜ਼ਿਆਦਾ ਗੋਲਾ ਬਾਰੂਦ ਬਣਾਉਣ ਵਾਲੀਆਂ ਫੈਕਟਰੀਆਂ ਵੀ ਸਨ।
ਹੌਲੀ ਹੌਲੀ ਉੱਡਦਾ ਹੋਇਆ ਬੀ-29 ਜਹਾਜ਼ ਬੱਦਲਾਂ ਤੋਂ ਉੱਪਰ ਉੱਠ ਗਿਆ ਤੇ ਮੇਜਰ ਚਾਰਲਸ ਸਵੀਨੀ ਨੇ ਸੁਖ ਦਾ ਸਾਹ ਲਿਆ। ਅਚਾਨਕ ਮੇਜਰ ਚੀਕਿਆ, ”ਪਾਵਰ ਟੂ”। ਇਸ ਦਾ ਮਤਲਬ ਸੀ ਕਿ ਉਹ ਜਹਾਜ਼ ਦੀ ਉਡਾਣ ਲਈ ਨਿਰਧਾਰਤ ਉਚਾਈ ਤੱਕ ਲੈ ਕੇ ਜਾਣ ਵਾਲੀ ਸ਼ਕਤੀ ਅਤੇ ਰਫ਼ਤਾਰ ਦੀ ਮੰਗ ਕਰ ਰਿਹਾ ਸੀ।
ਜਹਾਜ਼ 7000 ਫੁੱਟ ਦੀ ਉਚਾਈ ‘ਤੇ ਪਹੁੰਚ ਕੇ ਸਿੱਧਾ ਅੱਗੇ ਵਧਣ ਲੱਗਿਆ। ਜਹਾਜ਼ ਵਿੱਚ ਸਵਾਰ 13 ਵਿਅਕਤੀ ਆਪਣੇ ਸਥਾਨ ‘ਤੇ ਡਟੇ ਬੈਠੇ ਸਨ। ਰਫ਼ਤਾਰ ਸੀ 220 ਮੀਲ ਪ੍ਰਤੀ ਘੰਟਾ।
ਸਵੇਰੇ 9 ਵੱਜ ਕੇ 50 ਮਿੰਟ ‘ਤੇ ਕੋਕੁਰਾ ਨਗਰ ਨਜ਼ਰ ਆਉਣ ਲੱਗਿਆ। ਇਸ ਸਮੇਂ ਬੀ-29 ਜਹਾਜ਼ 31000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਬਸ ਇਸੇ ਉਚਾਈ ਤੋਂ ਡੇਗਿਆ ਜਾਣਾ ਸੀ ਬੰਬ। ਨਗਰ ਦੇ ਉੱਪਰ ਬੱਦਲ ਫੈਲੇ ਹੋਏ ਸਨ।
ਬੀਹਨ ਚੀਖਿਆ, ”ਮੈਨੂੰ ਅਸਲਾਖਾਨਾ ਕਿਤੇ ਨਜ਼ਰ ਨਹੀਂ ਆ ਰਿਹਾ। ਇੱਕ ਵਾਰ ਫਿਰ ਘੁੰਮ ਕੇ ਆਪਾਂ ਨੂੰ ਆਪਣੇ ਨਿਸ਼ਾਨੇ ਦੇ ਉੱਪਰ ਦੀ ਲੰਘਣਾ ਪਵੇਗਾ।”
ਸਵੀਨੀ ਇੰਟਰਕਾਮ ‘ਤੇ ਬੋਲ ਉੱਠਿਆ, ”ਬੰਬ ਨਹੀਂ ਡੇਗਣਾ, ਫਿਰ ਸੁਣ ਲਓ, ਬੰਬ ਨਾ ਡੇਗਿਓ। ਅਸੀਂ ਦੂਜੀ ਦਿਸ਼ਾ ਤੋਂ ਨਿਸ਼ਾਨੇ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।”
ਕੁਝ ਕੁ ਮਿੰਟ ਬਾਅਦ ਹੀ ਸਵੀਨੀ ਪੂਰਬ ਵਾਲੇ ਪਾਸੇ ਤੋਂ ਆ ਕੇ ਸ਼ਹਿਰ ਉੱਤੇ ਉਡਾਣ ਭਰਨ ਲੱਗਿਆ ਪਰ ਅੰਤਿਮ ਪਲਾਂ ਵਿੱਚ ਸ਼ਹਿਰ ‘ਤੇ ਫੈਲੇ ਹੋਏ ਧੂੰਏਂ ਨੇ ਇੱਕ ਵਾਰ ਫਿਰ ਸਭ ਗੜਬੜ ਕਰ ਦਿੱਤਾ ਸੀ।
ਹੇਠਾਂ ਜਹਾਜ਼ਾਂ ਨੂੰ ਵਿੰਨ੍ਹਣ ਵਾਲੀਆਂ ਤੋਪਾਂ ਖ਼ਤਰਨਾਕ ਹੱਦ ਤੱਕ ਸ਼ੁਰੂ ਹੋ ਗਈਆਂ ਸਨ। ਸਵੀਨੀ ਨੂੰ ਪਤਾ ਸੀ ਕਿ ਕੋਕੁਰਾ ਦੀ ਰੱਖਿਆ ਵਾਸਤੇ ਸਾਰੇ ਜਪਾਨੀ ਸਾਮਰਾਜ ਦੇ ਨਿਪੁੰਨ ਤੋਪਚੀ ਤਾਇਨਾਤ ਕੀਤੇ ਗਏ ਹਨ। ਉਸ ਨੇ ਅੰਤਿਮ ਯਤਨ ਲਈ ਚਿਤਾਵਨੀ ਦਿੱਤੀ, ”ਅਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰਾਂਗੇ ਉੱਤਰ ਵਾਲੇ ਪਾਸੇ ਤੋਂ ਆ ਕੇ।”
ਪਰ ਤੀਸਰੀ ਵਾਰ ਵੀ ਸਫ਼ਲਤਾ ਨਹੀਂ ਮਿਲੀ।
ਤਦੇ ਸਾਰਜੈਂਟ ਕੁਹਾਰੇਕ ਦੀ ਆਵਾਜ਼ ਸੁਣਾਈ ਦਿੱਤੀ, ”ਤੇਲ ਘਟਦਾ ਜਾ ਰਿਹਾ ਹੈ। ਹੁਣ ਆਪਣੇ ਕੋਲ ਸਿਰਫ਼ ਇੰਨਾ ਕੁ ਤੇਲ ਬਚਿਆ ਹੈ ਕਿ ਅਸੀਂ ਵਾਪਸ ਜਾ ਸਕੀਏ।”
ਸਵੀਨੀ ਫ਼ੈਸਲਾ ਕਰ ਚੁੱਕਿਆ ਸੀ ਕਿ ਉਹ ਪਰਮਾਣੂ ਬੰਬ ਨੂੰ ਲੈ ਕੇ ਵਾਪਸ ਨਹੀਂ ਮੁੜੇਗਾ। ਇੱਥੋਂ ਅਸਫ਼ਲ ਹੋਣ ‘ਤੇ ਇੱਕ ਹੋਰ ਨਿਸ਼ਾਨਾ ਸਾਧਿਆ ਜਾ ਸਕਦਾ ਸੀ। ਏਸ਼ਵਰਥ ਤੋਂ ਪੁੱਛਿਆ ਗਿਆ ਤਾਂ ਉਸ ਨੇ ਵੀ ਸਹਿਮਤੀ ਦੇ ਦਿੱਤੀ। ਸਵੀਨੀ ਨੇ ਸੱਜੇ ਪਾਸੇ ਝੁਕ ਕੇ ਜਹਾਜ਼ ਨੂੰ ਇਕਦਮ ਮੋੜ ਦਿੱਤਾ ਤੇ ਐਲਾਨ ਕਰ ਦਿੱਤਾ, ”ਆਪਾਂ ਨਾਗਾਸਾਕੀ ਵੱਲ ਵਧ ਰਹੇ ਹਾਂ।” ਉਸ ਸਾਲ ਗਰਮੀ ‘ਚ ਜਪਾਨ ਦੇ ਵੱਡੇ ਵੱਡੇ ਸ਼ਹਿਰ ਅਮਰੀਕੀ ਹਵਾਈ ਹਮਲੇ ਦੀ ਜ਼ਦ ਵਿੱਚ ਆ ਚੁੱਕੇ ਸਨ ਪਰ ਇਹ ਸਾਰੀ ਵਿਨਾਸ਼ ਲੀਲਾ ਦੇ ਵਿੱਚ ਨਾਗਾਸਾਕੀ ਲਗਭਗ ਅਛੂਤਾ ਹੀ ਬਚਿਆ ਹੋਇਆ ਸੀ। ਹਾਲਾਂਕਿ ਇੱਥੇ ਵੀ ਕਈ ਅਜਿਹੇ ਸਥਾਨ ਸਨ ਜਿਨ੍ਹਾਂ ਨੂੰ ਅਮਰੀਕੀ ਹਵਾਬਾਜ਼ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦੇ ਸਨ। ਮਿਤਸੂਬਿਸ਼ੀ ਦਾ ਜੰਗੀ ਸਾਮਾਨ ਦਾ ਕਾਰਖਾਨਾ ਇੱਥੇ ਹੀ ਸੀ, ਜਿਸ ‘ਚ ਬਣੇ ਤਾਰਪੀਡੋ ਪਰਲ ਹਾਰਬਰ ਦੇ ਸਰਬਨਾਸ਼ ਦਾ ਕਾਰਨ ਸਾਬਤ ਹੋਏ ਸਨ।
ਉਸੇ ਸਵੇਰ 29 ਸਾਲਾ ਅਧਿਆਪਕਾ ਤੀ ਅਦਾਚੀ ਜਿਸ ਦਾ ਪਤੀ ਇਸ ਯੁੱਧ ਵਿੱਚ ਮਾਰਿਆ ਗਿਆ ਸੀ, ਨਾਸ਼ਤੇ ਦੀ ਮੇਜ਼ ‘ਤੇ ਬੈਠੀ ਆਪਣੇ ਰੇਡੀਓ ਨਾਲ ਛੇੜਛਾੜ ਕਰ ਰਹੀ ਸੀ। ਤਦੇ ਉਸ ਦੇ ਕੰਨਾਂ ਵਿੱਚ ਕਿਸੇ ਅਮਰੀਕੀ ਰੇਡੀਓ ਪ੍ਰਸਾਰਨ ਕੇਂਦਰ ਤੋਂ ਪ੍ਰਸਾਰਤ ਹੋ ਰਹੇ ਇਹ ਸ਼ਬਦ ਪਏ, ”ਛੇ ਅਗਸਤ ਨੂੰ ਸਵੇਰੇ 8 ਵੱਜ ਕੇ 15 ਮਿੰਟ ‘ਤੇ ਹੀਰੋਸ਼ੀਮਾ ਨਗਰ ‘ਤੇ ਇੱਕ ਨਵਾਂ ਬੰਬ ਡੇਗਿਆ ਗਿਆ। ਕਈ ਹਜ਼ਾਰ ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਦੇ ਸਰੀਰ ਅਥਾਹ ਸ਼ਕਤੀ ਵਾਲੇ ਬੰਬਾਂ ਦੇ ਵਿਸਫੋਟ ਦੇ ਭਬੂਕੇ ਨਾਲ ਪਲਾਂ ਛਿਣਾਂ ਵਿੱਚ ਹੀ ਖ਼ਤਮ ਹੋ ਗਏ। ਜੇਕਰ ਜਪਾਨੀ ਸੈਨਾਵਾਂ ਨੇ ਤੁਰੰਤ ਅੰਤਿਮ ਸਮਰਪਣ ਨਾ ਕੀਤਾ ਤਾਂ ਮਹਾਵਿਨਾਸ਼ ਦਾ ਇਹ ਕਾਰਜ ਜਾਰੀ ਰੱਖਿਆ ਜਾਵੇਗਾ૴।”
ਸ੍ਰੀਮਤੀ ਅਦਾਚੀ ਦਾ ਸਾਰਾ ਸਰੀਰ ਕੰਬ ਗਿਆ। ਉਸ ਨੂੰ ਯਾਦ ਆਇਆ ਕਿ ਬੀਤੀ ਸ਼ਾਮ ਦੁਸ਼ਮਣ ਪੱਖ ਨੇ ਨਾਗਾਸਾਕੀ ਸ਼ਹਿਰ ਵਿੱਚ ਪਰਚੇ ਵੰਡੇ ਸਨ ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਨਗਰ ਖਾਲੀ ਕਰ ਦੇਣ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਚ ਲਿਖਿਆ ਸੀ, ”ਅਪਰੈਲ ‘ਚ ਨਾਗਾਸਾਕੀ ‘ਚ ਫੁੱਲਾਂ ਦੀ ਬਹਾਰ ਸੀ। ਅਗਸਤ ਵਿੱਚ ਨਾਗਾਸਾਕੀ ‘ਤੇ ਅੱਗ ਦੇ ਫੁਹਾਰੇ ਹੋਣਗੇ।”
ਮੇਜਰ ਸਵੀਨੀ ਦੇ ਚਿਹਰੇ ‘ਤੇ ਭਿਆਨਕ ਤਣਾਓ ਦੀਆਂ ਰੇਖਾਵਾਂ ਉੱਭਰ ਆਈਆਂ। ਜੇਕਰ ਉਨ੍ਹਾਂ ਨੇ ਓਕਿਤਾਬਾਂ ਵਾਪਸ ਪਹੁੰਚਣਾ ਸੀ ਤਾਂ ਉਹ ਨਾਗਾਸਾਕੀ ਉੱਤੇ ਸਿਰਫ਼ ਇੱਕ ਚੱਕਰ ਕੱਢ ਸਕਦੇ ਸਨ। ਇਸ ਤੋਂ ਜ਼ਿਆਦਾ ਤੇਲ ਉਨ੍ਹਾਂ ਕੋਲ ਨਹੀਂ ਸੀ। ਸਵੀਨੀ ਨੇ ਕਮਾਂਡਰ ਏਸ਼ਵਰਥ ਨੂੰ ਸਮੱਸਿਆ ਦੀ ਜਾਣਕਾਰੀ ਦਿੱਤੀ, ”ਬੀਹਨ ਦਾ ਖ਼ਿਆਲ ਹੈ ਕਿ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ ਨਿਸ਼ਾਨੇ ‘ਤੇ ਬੰਬ ਸੁੱਟਣਾ ਮੁਸ਼ਕਿਲ ਹੈ। ਮੇਰਾ ਵਿਚਾਰ ਹੈ ਕਿ ਬੰਬ ਨੂੰ ਰਡਾਰ ਦੀ ਮਦਦ ਨਾਲ ਡੇਗਿਆ ਜਾ ਸਕਦਾ ਹੈ।
ਏਸ਼ਵਰਥ ਨੇ ਬੀਹਨ ਨੂੰ ਪੁੱਛਿਆ, ”ਰਡਾਰ ਦੀ ਮਦਦ ਨਾਲ ਨਿਸ਼ਾਨਾ ਕਿੰਨਾ ਸਿੱਧਾ ਜਾ ਸਕਦਾ ਹੈ, ਬੀਹਨ?”
”ਮੈਂ ਗਰੰਟੀ ਕਰ ਸਕਦਾ ਹਾਂ ਸਰ, ਬੰਬ ਨਿਸ਼ਾਨੇ ਦੇ ਕੇਂਦਰ ਬਿੰਦੂ ਦੇ ਇੱਕ ਹਜ਼ਾਰ ਫੁੱਟ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ।” ਸਵੀਨੀ ਨੇ ਉੱਤਰ ਦਿੱਤਾ। ”ਓ.ਕੇ. ਸਵੀਨੀ, ਬੰਬ ਨੂੰ ਰਡਾਰ ਦੀ ਮਦਦ ਨਾਲ ਹੀ ਸੁੱਟੋ।” ਏਸ਼ਵਰਥ ਨੇ ਪਲ ਭਰ ਸੋਚਿਆ ਤੇ ਆਗਿਆ ਦੇ ਦਿੱਤੀ।
ਅਚਾਨਕ ਬੀਹਨ ਚੀਖਿਆ, ”ਰਡਾਰ ‘ਤੇ ਸ਼ਹਿਰ ਨਜ਼ਰ ਆ ਰਿਹਾ ਹੈ। ਔਹ ਰਿਹਾ ਨਿਸ਼ਾਨਾ૴ ਔਹ ਰਿਹਾ ਮਿਤਸੂਬਿਸ਼ੀ ਦਾ ਕਾਰਖਾਨਾ૴।” ਸਵੀਨੀ ਨੇ ਜਹਾਜ਼ ਦੀ ਵਾਗਡੋਰ ਤਤਕਾਲੀ ਬੰਬ ਚਾਲਕ ਦੇ ਹਵਾਲੇ ਕਰ ਦਿੱਤੀ।
ਬੀਹਨ ਨੇ ਬਿਨਾਂ ਝਿਜਕ ਬੰਬ ਡੇਗਣ ਵਾਲੇ ਸਵੈਚਾਲਿਤ ਉਪਕਰਨਾਂ ਨੂੰ ਚਾਲੂ ਕਰ ਦਿੱਤਾ ਤੇ ਕੁਝ ਪਲਾਂ ਵਿੱਚ ਹੀ ਬੇਹੱਦ ਭਾਰਾ ਬੰਬ ਤੇਜ਼ੀ ਨਾਲ ਧਰਤੀ ਵੱਲ ਵਧਦਾ ਜਾ ਰਿਹਾ ਸੀ।
ਬੀ-29 ਤੋਂ ਜਿਵੇਂ ਹੀ ਬੰਬ ਡਿੱਗਿਆ ਉਹਦੇ ਅੰਦਰ ਫਿੱਟ ਕੀਤੇ ਗਏ ਸਵੈਚਾਲਕ ਯੰਤਰ, ਉਪਕਰਨ ਕਿਰਿਆਸ਼ੀਲ ਹੋ ਉੱਠੇ। 52 ਸੈਕਿੰਡ ਤੱਕ ਨਿਰੰਤਰ ਡਿੱਗਦੇ ਰਹਿਣ ਤੋਂ ਬਾਅਦ, ਬੰਬ ਧਰਤੀ ਦੇ ਤਲ ਤੋਂ 500 ਫੁੱਟ ਦੀ ਉਚਾਈ ‘ਤੇ ਫਟ ਗਿਆ। ਸਮਾਂ ਸੀ 11 ਵੱਜ ਕੇ 2 ਮਿੰਟ।
ਵਿਸਫੋਟ ਤੋਂ ਬਾਅਦ ਧਰਤੀ ਦੇ ਨੇੜੇ ਜਿਹੇ ਅੱਗ ਦਾ ਇੱਕ ਵੱਡਾ ਸਾਰਾ ਗੋਲ਼ਾ ਲਟਕ ਗਿਆ। ਇਸ ਗੋਲ਼ੇ ਦੇ ਕੇਂਦਰ ਵਿੱਚ ਤਾਪਮਾਨ ਸੀ 100 ਕਰੋੜ ਡਿਗਰੀ ਸੈਂਟੀਗਰੇਡ। ਇੱਕ ਮੀਲ ਦੂਰ ਤੋਂ ਦੇਖਣ ‘ਤੇ ਵੀ ਇਸ ਅੱਗ ਦੇ ਗੋਲ਼ੇ ਦੀ ਚਮਕ, ਸੂਰਜ ਦੀ ਚਮਕ ਤੋਂ 100 ਗੁਣਾ ਜ਼ਿਆਦਾ ਸੀ। ਇੱਕ ਸੈਕਿੰਡ ਦੇ ਅੰਦਰ ਹੀ ਗੋਲ਼ੇ ਦਾ ਵਿਆਸ 200 ਗਜ਼ ਹੋ ਚੁੱਕਾ ਸੀ ਅਤੇ ਨਿਰੰਤਰ ਫੈਲਦਾ ਹੋਇਆ ਇਹ ਗੋਲ਼ਾ ਤੇਜ਼ੀ ਨਾਲ ਸਾਰੇ ਸ਼ਹਿਰ ਨੂੰ ਨਿਗਲਣ ਜਾ ਰਿਹਾ ਸੀ।
ਨਾਗਾਸਾਕੀ ਦਾ ਸਾਗਰੀ ਤੱਟ ਅੱਗ ਦੀ ਲਪੇਟ ਵਿੱਚ ਆਏ ਨਗਰ ਦੇ ਪਰਛਾਵਿਆਂ ਤੋ ਵੀ ਸੁਰਖ਼ ਹੋ ਚੁੱਕਿਆ ਸੀ। ਪਾਣੀ ‘ਚ ਤੈਰਦੀਆਂ ਤੇ ਬੰਦਰਗਾਹ ਵਿੱਚ ਖੜ੍ਹੀਆਂ ਅਨੇਕਾਂ ਕਿਸ਼ਤੀਆਂ ਨੂੰ ਅੱਗ ਲੱਗ ਗਈ ਸੀ। 30000 ਹਜ਼ਾਰ ਫੁੱਟ ਦੇ ਦਾਇਰੇ ਵਿੱਚ ਮੌਜੂਦ ਕੋਈ ਵਿਅਕਤੀ ਇਹ ਜਾਣ ਹੀ ਨਹੀਂ ਸਕਿਆ ਕਿ ਕੀ ਹੋ ਗਿਆ ਹੈ। ਵਾਪਰੀ ਘਟਨਾ ਨੂੰ ਜਾਣਨ, ਮਹਿਸੂਸ ਕਰਨ ਤੋਂ ਪਹਿਲਾਂ ਹੀ ਉਹ ਖ਼ਤਮ ਹੋ ਚੁੱਕੇ ਸਨ।
ਇੱਕ ਟੈਲੀਫੋਨ ਲਾਈਨਮੈਨ ਸੇਈਚੀ ਮੁਰਾਸਾਕੀ 20 ਫੁੱਟ ਉੱਚੇ ਖੰਭੇ ‘ਤੇ ਚੜ੍ਹਿਆ ਕੰਮ ਕਰ ਰਿਹਾ ਸੀ। ਅਚਾਨਕ 100 ਸੂਰਜ ਚਮਕੇ ਤੇ ਉਹ ਉਸ ਗਰਮੀ ‘ਚ ਹੀ ਝੁਲਸ ਕੇ ਰਾਖ ਹੋ ਗਿਆ।
ਅੱਠ ਸਾਲ ਦਾ ਇੱਕ ਬੱਚਾ ਆਪਣੇ ਛੇ ਹੋਰ ਮਿੱਤਰਾਂ ਦੇ ਨਾਲ ਲੁਕਣਮੀਟੀ ਖੇਡ ਰਿਹਾ ਸੀ। ਇੱਕ ਸੈਕਿੰਡ ਵਿੱਚ ਉਸ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ।
ਉਰਾਕਾਮੀ ਜੇਲ੍ਹ ਵਿੱਚ 95 ਕੈਦੀ ਅਤੇ 15 ਗਾਰਡ ਮਾਰੇ ਗਏ। ਜੇਲ੍ਹ ਦੀ ਮਜ਼ਬੂਤ ਇਮਾਰਤ ਦਾ ਨਿਸ਼ਾਨ ਵੀ ਨਹੀਂ ਬਚ ਸਕਿਆ। ਅੰਨ੍ਹੇ ਗੂੰਗੇ ਬੱਚਿਆਂ ਦੀ ਸੰਸਥਾ ‘ਚ 42 ਬੱਚੇ ਸਨ ਜੋ ਵਿਸਫੋਟ ਦੀ ਚਮਕ ਨੂੰ ਨਾ ਦੇਖ ਸਕਦੇ ਸਨ ਤੇ ਨਾ ਹੀ ਧਮਾਕਾ ਸੁਣ ਸਕਦੇ ਸਨ। ਉਹ ਜਿੱਥੇ ਜਿੱਥੇ ਜਿਸ ਸਥਿਤੀ ਵਿੱਚ ਸੀ, ਉੱਥੇ ਉਸੇ ਸਥਿਤੀ ਵਿੱਚ ਹੀ ਕੋਲੇ ਦਾ ਬੁੱਤ ਬਣ ਕੇ ਰਹਿ ਗਏ। ਸਾਰੇ ਸ਼ਹਿਰ ਵਿੱਚ ਝੁਲਸਣ ਮੱਚਣ ਵਾਲੀਆਂ ਇਕਾਈਆਂ ਦਹਾਈਆਂ ਬਣਦੀਆਂ ਗਈਆਂ, ਦਹਾਈਆਂ ਸੈਂਕੜਿਆਂ ‘ਚ ਬਦਲੀਆਂ, ਸੈਂਕੜੇ ਹਜ਼ਾਰਾਂ ‘ਚ, ਹਜ਼ਾਰ ਦਹਿ ਹਜ਼ਾਰਾਂ ‘ਚ ਬਦਲਦੇ ਤੁਰੇ ਗਏ।
ਨਾਗਾਸਾਕੀ ਸ਼ਹਿਰ ਵਿੱਚ ਉਸ ਸਮੇਂ 50 ਹਜ਼ਾਰ ਇਮਾਰਤਾਂ ਸਨ ਜਿਨ੍ਹਾਂ ‘ਚੋਂ ਘੱਟ ਤੋਂ ਘੱਟ 20 ਹਜ਼ਾਰ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਜਪਾਨੀ ਅਧਿਕਾਰੀਆਂ ਅਨੁਸਾਰ ਇਸ ਮੌਕੇ 74800 ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ 75000 ਲੋਕ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਸ ਮਹਾਵਿਨਾਸ਼ ਦੀ ਤੇਜ਼ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 11 ਸਾਲ ਦਾ ਇੱਕ ਬੱਚਾ ਕੋਇਚੀ 11 ਵਜੇ ਦੇ ਲਗਭਗ ਕੁਝ ਹੋਰ ਬੱਚਿਆਂ ਨਾਲ ਤੈਰਨ ਵਾਲੀ ਪੋਸ਼ਾਕ ਪਾ ਕੇ ਉਰਾਕਾਮੀ ਨਦੀ ਦੇ ਕੰਡੇ ‘ਤੇ ਖੜ੍ਹਾ ਸੀ। ਉਹ ਬੱਚੇ ਇੱਕ ਛੋਟੀ ਜਿਹੀ ਘੰਟੀ ਨੂੰ ਪਾਣੀ ਵਿੱਚ ਸੁੱਟ ਦਿੰਦੇ ਸਨ ਅਤੇ ਫਿਰ ਡੁਬਕੀ ਮਾਰ ਕੇ ਖੋਜ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਸਨ। ਸਭ ਤੋਂ ਪਹਿਲਾਂ ਘੰਟੀ ਭਾਲ ਕੇ ਲਿਆਉਣ ਵਾਲਾ ਜੇਤੂ ਹੁੰਦਾ ਸੀ। ਇਸ ਵਾਰ ਘੰਟੀ ਖੋਜਣ ਦੀ ਵਾਰੀ ਕੋਇਚੀ ਦੀ ਸੀ। ਉਸ ਨੇ ਪਾਣੀ ‘ਚ ਛਾਲ ਮਾਰੀ ਅਤੇ ਲਗਭਗ ਇੱਕ ਮਿੰਟ ਪਾਣੀ ਵਿੱਚ ਰਿਹਾ। ਜਿਉਂ ਹੀ ਉਸ ਨੇ ਪਾਣੀ ਦੀ ਤਹਿ ਉੱਤੇ ਆ ਕੇ ਸਿਰ ਕੱਢਿਆ, ਉਹ ਹੈਰਾਨ ਹੋ ਗਿਆ। ਉਸ ਦੇ ਸਾਰੇ ਸਾਥੀ ਨਦੀ ਦੇ ਕਿਨਾਰੇ ਰੇਤ ਉੱਤੇ ਮਰੇ ਪਏ ਸਨ।
ਨਾਗਸਾਕੀ ਬੰਬ ਵਿਸਫੋਟ ਵਿੱਚ ਜੋ ਲੋਕ ਬਚ ਗਏ ਸਨ ਉਹ ਮਹਿਜ਼ ਇਤਫ਼ਾਕ ਹੀ ਸੀ। ਇੱਕ ਵਿਅਕਤੀ ਤਿੰਨ ਫੁੱਟ ਦੀ ਇੱਕ ਕੰਧ ਦੇ ਪਿੱਛੇ ਓਕੜੂ ਬੈਠਾ ਆਪਣੇ ਘਰ ਦੀ ਫੁਲਵਾੜੀ ਗੁੱਡ ਰਿਹਾ ਸੀ। ਉਸ ਦੇ ਕੋਲ ਹੀ ਉਸ ਦੀ ਪਤਨੀ ਖੜ੍ਹੀ ਕੁਝ ਰਾਵਾਂ ਦੇ ਰਹੀ ਸੀ। ਜਦ ਵਿਸਫੋਟ ਹੋਇਆ ਤਾਂ ਉਸ ਦੀ ਪਤਨੀ ਅਚਾਨਕ ਬੋਲਦੇ ਬੋਲਦੇ ਚੁੱਪ ਹੋ ਗਈ। ਵਿਸਫੋਟ ਦੀ ਗਰਮੀ ਦਾ ਭਬੂਕਾ ਉਹਦੀ ਕੰਧ ਉੱਪਰ ਦੀ ਲੰਘ ਗਿਆ ਸੀ ਤੇ ਨਾਲ ਹੀ ਉਸ ਦੀ ਪਤਨੀ ਨੂੰ ਵੀ ਲੈ ਗਿਆ ਸੀ।
ਸ਼ਹਿਰ ਦੇ ਇੱਕ ਵਪਾਰਕ ਖੇਤਰ ਵਿੱਚ ਇੱਕ ਵਪਾਰੀ ਆਪਣੀ ਸੈਕਟਰੀ ਤੋਂ ਕੁਝ ਕਾਗਜ਼ ਲੈ ਰਿਹਾ ਸੀ। ਕੁਝ ਕਾਗਜ਼ ਮੇਜ਼ ਦੇ ਥੱਲੇ ਡਿੱਗ ਗਏ। ਜਿਉਂ ਹੀ ਉਹ ਕਾਗਜ਼ ਚੁੱਕਣ ਮੇਜ਼ ਦੇ ਥੱਲੇ ਝੁਕਿਆ, ਕਮਰੇ ਦੀਆਂ ਕੰਧਾਂ ਟੁੱਟ ਕੇ ਡਿੱਗ ਪਈਆਂ। ਜਦ ਮਲਬਾ ਹਟਾਇਆ ਗਿਆ ਤਾਂ ਵਪਾਰੀ ਮੇਜ਼ ਦੇ ਥੱਲੇ ਜਿਉਂਦਾ ਸੀ ਅਤੇ ਉਸ ਦੀ ਸੈਕਟਰੀ ਮਰ ਚੁੱਕੀ ਸੀ।
ਯੁੱਧ ਮੰਤਰੀ ਅਤੇ ਹੋਰ ਸੈਨਿਕ ਅਧਿਕਾਰੀ ਅਜੇ ਵੀ ਆਤਮ ਸਮਰਪਣ ਕਰਨ ਦੇ ਪੱਖ ਵਿੱਚ ਨਹੀਂ ਸਨ ਪਰ ਪ੍ਰਧਾਨ ਮੰਤਰੀ ਕਾਂਤਾਰੋਂ ਸੁਜੁਕੀ ਨੇ ਬੰਬ ਵਿਸਫੋਟ ਦੇ ਕੁਝ ਹੀ ਘੰਟਿਆਂ ਬਾਅਦ ਸੰਕਟਕਾਲੀ ਮੀਟਿੰਗ ਬੁਲਾਈ। ਜਪਾਨੀ ਪਰੰਪਰਾ ਤੋਂ ਹਟ ਕੇ ਸਮਰਾਟ ਖ਼ੁਦ ਉਸ ਬੈਠਕ ਵਿੱਚ ਸ਼ਾਮਿਲ ਹੋਇਆ ਤੇ ਐਲਾਨ ਕੀਤਾ, ”ਮੈਂ ਤੁਰੰਤ ਯੁੱਧ ਸਮਾਪਤ ਕਰ ਦੇਣ ਦਾ ਫ਼ੈਸਲਾ ਕਰ ਲਿਆ ਹੈ।” ਸਮਰਾਟ ਦਾ ਫ਼ੈਸਲਾ ਸੁਣ ਕੇ ਕਈ ਜਨਰਲਾਂ ਨੇ ਆਤਮ-ਹੱਤਿਆਵਾਂ ਕਰ ਲਈਆਂ ਪਰ ਸਮਰਾਟ ਆਪਣੇ ਫ਼ੈਸਲੇ ‘ਤੇ ਅਡੋਲ ਰਿਹਾ। ਛੇ ਦਿਨ ਬਾਅਦ 15 ਅਗਸਤ ਨੂੰ ਜਪਾਨ ਨੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ।
૶ ਪੰਜਾਬੀ ਰੂਪ: ਸਤਪਾਲ ਭੀਖੀ
ਸੰਪਰਕ: 98761-55530

Exit mobile version