Sunday, May 10, 2026

ਐਬਟਸਫੋਰਡ ਦੀ ਮਹਿਲਾ ਦੇ ਕਾਤਲ ਦੀ ਸਜ਼ਾ ਤੇ ਫੈਸਲਾ ਫਿਰ ਮੁਲਤਵੀ 8 ਸਾਲ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਦੀ ਉਡੀਕ

 

ਸਰੀ, (ਦਿਵਰੂਪ ਕੌਰ): 2 ਦਿਨਾਂ ਦੀ ਕਾਰਵਾਈ ਤੋਂ ਬਾਅਦ 2017 ਵਿੱਚ ਐਬਟਸਫੋਰਡ ਦੀ ਇੱਕ ਮਹਿਲਾ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਸਜ਼ਾ ਸੁਣਵਾਈ ਅਚਾਨਕ ਫਿਰ ਮੁਲਤਵੀ ਕਰ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਨਾਲ ਸਬੰਧਤ ਚੈਲਸੀ ਲੀਆ ਗੌਥੀਅਰ ਨੂੰ 2017 ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਮਿਸ਼ਨ ਦੇ ਇਕ ਸੁੰਨਸਾਨ ਜੰਗਲੀ ਖੇਤਰ ਵਿੱਚ ਥੋੜੀ ਗਹਿਰਾਈ ਵਾਲੀ ਕਬਰ ਵਿਚੋਂ ਬਰਾਮਦ ਹੋਈ ਸੀ। ਪੁਲਿਸ ਵੱਲੋਂ 9 ਸਤੰਬਰ 2022 ਨੂੰ ਗੈਰੀ ਡੋਨਲਡ ਲੋਸ਼ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਅਗਲੇ ਦਿਨ ਦੂਜੇ ਦਰਜੇ ਦੇ ਕਤਲ ਅਤੇ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਅਦਾਲਤ ਵਿੱਚ ਉਸ ਵੇਲੇ ਅਚਾਨਕ ਮੋੜ ਆ ਗਿਆ ਜਦੋਂ ਲੋਸ਼ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਉਹ ਹੁਣ ਗੌਥੀਅਰ ਦੀ ਮੌਤ ਦੇ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕਰ ਰਿਹਾ ਹੈ ਅਤੇ ਇਹ ਫੈਸਲਾ ਉਸ ਨੇ ਮੰਗਲਵਾਰ ਨੂੰ ਪੇਸ਼ ਕੀਤੇ ਗਏ ਪੀੜਤ ਪਰਿਵਾਰ ਦੇ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਹੈ। ਚੈਲਸੀ ਦੀ ਸਹੇਲੀ ਨੇ ਗੱਲ ਕਰਦਿਆਂ ਕਿਹਾ ਕਿ ਇਹ ਪਛਤਾਵਾ ਤਾਂ ਹੋ ਸਕਦਾ ਹੈ ਪਰ ਉਸ ਨੂੰ ਲੱਗਦਾ ਹੈ ਕਿ ਦੋਸ਼ੀ ਜੱਜ ਤੋਂ ਰਹਿਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ ਕਿ 8 ਸਾਲਾਂ ਤੱਕ ਉਹ ਇਸ ਬਾਰੇ ਝੂਠ ਬੋਲਦਾ ਰਿਹਾ ਅਤੇ ਜੇ ਸ਼ੁਰੂ ਤੋਂ ਹੀ ਸੱਚ ਦੱਸ ਦਿੰਦਾ ਤਾਂ ਹਾਲਾਤ ਕੁਝ ਹੋਰ ਹੋ ਸਕਦੇ ਸਨ। 27 ਜੁਲਾਈ 2017 ਨੂੰ 22 ਸਾਲਾ ਚੈਲਸੀ ਗੌਥੀਅਰ ਨੂੰ ਲੋਸ਼ ਵੱਲੋਂ ਮਿਸ਼ਨ ਨੇੜੇ ਇਕ ਗੈਰਕਾਨੂੰਨੀ ਮਰੀਜੁਆਨਾ ਗਰੋਅ ਹਾਊਸ ਵਿੱਚ ਕੰਮ ਲਈ ਰੱਖਿਆ ਗਿਆ ਸੀ। ਕੁਝ ਹਫਤਿਆਂ ਬਾਅਦ ਉਸ ਦੀ ਲਾਸ਼ ਇਕ ਸੁੰਨਸਾਨ ਇਲਾਕੇ ਵਿੱਚ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਕੱਪੜੇ ਨਹੀਂ ਸਨ। 2022 ਵਿੱਚ ਚਾਰਜ ਲਗਣ ਤੋਂ ਥੋੜ੍ਹੀ ਦੇਰ ਪਹਿਲਾਂ ਪੁਲਿਸ ਇੰਟਰਵਿਊ ਦੌਰਾਨ ਲੋਸ਼ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ। ਚੈਲਸੀ ਦੇ ਦੋਸਤ ਨੇ ਕਿਹਾ ਕਿ 8 ਸਾਲਾਂ ਤੱਕ ਝੂਠ ਬੋਲਣ ਦੀ ਬਜਾਏ ਉਹ ਪਹਿਲਾਂ ਹੀ ਸੱਚ ਸਾਹਮਣੇ ਲਿਆ ਸਕਦਾ ਸੀ। ਇਸ ਮਾਮਲੇ ਵਿੱਚ ਹੁਣ ਇਕ ਹੋਰ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਲੋਸ਼ ਨੇ ਆਪਣੇ ਆਪ ਨੂੰ ਆਦਿਵਾਸੀ ਦੱਸਿਆ ਅਤੇ ਇਸ ਦਾਅਵੇ ਦੇ ਆਧਾਰ ਉੱਤੇ ਜੱਜ ਵੱਲੋਂ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕਾਨੂੰਨ ਮੁਤਾਬਕ ਉਸ ਨੂੰ ਗਲੈਡਯੂ ਰਿਪੋਰਟ ਦਾ ਹੱਕ ਮਿਲਦਾ ਹੈ ਜੋ ਸਜ਼ਾ ਨਿਰਧਾਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਲੋਸ਼ ਦੇ ਵਕੀਲ ਐਂਡਰੂ ਕੋਕਰੇਨ ਨੇ ਅਦਾਲਤ ਵਿੱਚ ਦੱਸਿਆ ਕਿ ਪਹਿਲਾਂ ਵੀ ਇਕ ਰਿਪੋਰਟ ਆਦਿਵਾਸੀ ਪਿਛੋਕੜ ਸਬੰਧੀ ਮੰਗੀ ਗਈ ਸੀ ਪਰ ਰਿਪੋਰਟ ਤਿਆਰ ਨਹੀਂ ਹੋ ਸਕੀ। ਹਾਲਾਂਕਿ ਬਾਅਦ ਵਿੱਚ ਸਾਹਮਣੇ ਆਇਆ ਕਿ ਇਹ ਰਿਪੋਰਟ ਇਸ ਲਈ ਮੁਕੰਮਲ ਨਹੀਂ ਹੋਈ ਕਿਉਂਕਿ ਲੋਸ਼ ਕੋਲ ਆਦਿਵਾਸੀ ਦਰਜਾ ਸਬੰਧੀ ਕੋਈ ਅਧਿਕਾਰਿਕ ਦਸਤਾਵੇਜ਼ ਮੌਜੂਦ ਨਹੀਂ ਸੀ। ਕੋਕਰੇਨ ਨੇ ਇਹ ਵੀ ਕਿਹਾ ਕਿ ਉਸ ਦੇ ਮੁਆਕਲ ਲਈ ਪਹਿਲਾਂ ਕੋਈ ਅਜਿਹੀ ਰਿਪੋਰਟ ਅਧਿਕਾਰਿਕ ਤੌਰ ਤੇ ਆਦੇਸ਼ਿਤ ਨਹੀਂ ਕੀਤੀ ਗਈ ਸੀ। ਇਸ ਅਚਾਨਕ ਮੁਲਤਵੀ ਕਰਵਾਈ ਕਾਰਨ ਗੌਥੀਅਰ ਦੇ ਪਰਿਵਾਰ ਅਤੇ ਦੋਸਤਾਂ ਵਿੱਚ ਭਾਰੀ ਨਿਰਾਸ਼ਾ ਵੇਖੀ ਜਾ ਰਹੀ ਹੈ ਕਿਉਂਕਿ ਉਹ 8 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। This report was written by Divroop Kaur as part of the Local Journalism Initiative.

Popular