Sunday, May 10, 2026

ਹੋਪ ਵਿੱਚ ਸਕੂਲ ਬੱਸ ਦੋ ਗੱਡੀਆਂ ਨਾਲ ਟਕਰਾਈ, ਡਰਾਈਵਰ ਤੇ ਤਿੰਨ ਬੱਚੇ ਹਸਪਤਾਲ ਦਾਖ਼ਲ

ਫਰੇਜ਼ਰ-ਕੈਸਕੇਡ ਸਕੂਲ ਡਿਸਟ੍ਰਿਕਟ ਨੇ ਕਿਹਾ ਸੁਰੱਖਿਆ ਪਹਿਲੀ ਤਰਜੀਹ, ਪੁਲਿਸ ਅਧਿਕਾਰੀਆਂ ਵਲੋਂ ਹਾਦਸੇ ਦੀ ਕੀਤੀ ਜਾ ਰਹੀ ਹੈ ਜਾਂਚ
ਸਰੀ, (ਦਿਵਰੂਪ ਕੌਰ): ਹੋਪ ਵਿੱਚ ਬੀਤੇ ਦਿਨੀਂ ਇੱਕ ਸਕੂਲ ਬੱਸ ਦੋ ਪਾਰਕ ਕੀਤੀਆਂ ਗੱਡੀਆਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਤੇ ਤਿੰਨ ਵਿਦਿਆਰਥੀਆਂ ਨੂੰ ਫਰੇਜ਼ਰ ਕੈਨੀਅਨ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਹੋਪ ਆਰਸੀਐੱਮਪੀ ਮੁਤਾਬਕ ਬੱਸ ਸਿਲਵਰ ਕ੍ਰੀਕ ਐਲੀਮੈਂਟਰੀ ਸਕੂਲ (ਐੱਸਸੀਈਐੱਸ) ਤੋਂ ਵਿਦਿਆਰਥੀਆਂ ਨੂੰ ਕੋਕੀਹਾਲਾ ਐਲੀਮੈਂਟਰੀ ਸਕੂਲ ਲਿਜਾ ਰਹੀ ਸੀ ਜਦੋਂ 4 ਐਵੀਨਿਊ ਤੇ ਇੱਕ ਕਾਲੀ ਤੇ ਇੱਕ ਲਾਲ ਗੱਡੀ ਨਾਲ ਟੱਕਰ ਹੋ ਗਈ। ਫਰੇਜ਼ਰ-ਕੈਸਕੇਡ ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟ ਬਲਨ ਮੂਰਥੀ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਲਿਖੇ ਪੱਤਰ ਵਿੱਚ ਕਿਹਾ, “ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ। ਪਰ ਸਾਵਧਾਨੀ ਵਜੋਂ ਬੱਸ ਡਰਾਈਵਰ ਤੇ ਤਿੰਨ ਵਿਦਿਆਰਥੀਆਂ ਨੂੰ ਫਰੇਜ਼ਰ ਕੈਨੀਅਨ ਹਸਪਤਾਲ ਭੇਜਿਆ ਗਿਆ ਹੈ।”
ਮੂਰਥੀ ਨੇ ਅੱਗੇ ਲਿਖਿਆ, “ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ।”
ਹਾਦਸੇ ਤੋਂ ਪ੍ਰਭਾਵਿਤ ਵਿਦਿਆਰਥੀਆਂ ਤੇ ਸਟਾਫ਼ ਨੂੰ ਸਹਾਇਤਾ ਦੇਣ ਲਈ ਸਕੂਲ ਡਿਸਟ੍ਰਿਕਟ ਨੇ ਮੰਗਲਵਾਰ ਸਵੇਰੇ ਸਿਲਵਰ ਕ੍ਰੀਕ ਐਲੀਮੈਂਟਰੀ ਸਕੂਲ ਵਿੱਚ ਦੋ ਕਾਉਂਸਲਰ ਤਾਇਨਾਤ ਕੀਤੇ ਹਨ। ਡਾਕਟਰ ਬਰਨਾਰਡ ਕਲੌਪ (ਡਿਸਟ੍ਰਿਕਟ ਕਾਉਂਸਲਰ ਆਫ਼ ਇਨਕਲੂਜ਼ਨ ਐਂਡ ਮੈਂਟਲ ਹੈਲਥ) ਤੇ ਕੈਥਰੀਨ ਡ੍ਰੇਨਨਨ (ਡਿਸਟ੍ਰਿਕਟ ਕਾਉਂਸਲਰ) ਸਕੂਲ ਵਿੱਚ ਮੌਜੂਦ ਰਹਿਣਗੇ ਤਾਂ ਜੋ ਬੱਚਿਆਂ ਨੂੰ ਦੇਖਭਾਲ, ਭਰੋਸਾ ਤੇ ਡੀਬ੍ਰੀਫਿੰਗ ਲਈ ਜਗ੍ਹਾ ਮਿਲ ਸਕੇ।
ਹੋਪ ਆਰਸੀਐੱਮਪੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਬੱਸ ਤੇ ਗੱਡੀਆਂ ਦਾ ਮੁਆਇਨਾ ਕੀਤਾ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ ਵਿੱਚ ਕਈ ਵਿਦਿਆਰਥੀ ਸਨ ਪਰ ਜ਼ਿਆਦਾਤਰ ਨੂੰ ਮਾਪਿਆਂ ਨੇ ਘਰ ਲੈ ਗਏ।
ਫਰੇਜ਼ਰ-ਕੈਸਕੇਡ ਸਕੂਲ ਡਿਸਟ੍ਰਿਕਟ ਨੇ ਬਿਆਨ ਵਿੱਚ ਕਿਹਾ ਕਿ ਉਹ ਪੁਲਿਸ ਜਾਂਚ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਹਨ। ਇਸ ਘਟਨਾ ਨੇ ਗ੍ਰਾਮੀਣ ਖੇਤਰਾਂ ਵਿੱਚ ਸਕੂਲ ਬੱਸਾਂ ਦੀ ਸੁਰੱਖਿਆ ਤੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।
ਹਾਦਸੇ ਦੌਰਾਨ ਕੋਈ ਵੀ ਗੰਭੀਰ ਜ਼ਖ਼ਮੀ ਨਾ ਹੋਣਾ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਸਕੂਲ ਡਿਸਟ੍ਰਿਕਟ ਨੇ ਮਾਪਿਆਂ ਨੂੰ ਬੱਚਿਆਂ ਨਾਲ ਗੱਲ ਕਰਨ ਅਤੇ ਜੇਕਰ ਉਹਨਾਂ ਨੂੰ ਕੋਈ ਚਿੰਤਾ ਹੋਵੇ ਤਾਂ ਸਕੂਲ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਜਾਂਚ ਪੂਰੀ ਹੋਣ ਤੱਕ ਪੁਲਿਸ ਨੇ ਹੋਰ ਵੇਰਵੇ ਨਹੀਂ ਦਿੱਤੇ।
ਇਹ ਘਟਨਾ ਬੀਸੀ ਵਿੱਚ ਸਕੂਲ ਟ੍ਰਾਂਸਪੋਰਟ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਹੋਰ ਤੇਜ਼ ਕਰ ਸਕਦੀ ਹੈ। This report was written by Divroop Kaur as part of the Local Journalism Initiative.

Popular