Tuesday, May 12, 2026

ਵਾਸ਼ਿੰਗਟਨ ਡੀ ਸੀ ਵਿੱਚ ਟਰੰਪ-ਕਾਰਨੀ ਅਤੇ ਸ਼ੇਨਬੌਮ ਦੀ ਸ਼ੁੱਕਰਵਾਰ ਨੂੰ ਹੋਵੇਗੀ ਅਹਿਮ ਬੈਠਕ

 

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ ਸੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ।
ਇਹ ਤਿੰਨੇ ਨੇਤਾ ਵਾਸ਼ਿੰਗਟਨ ਵਿੱਚ ਫੀਫਾ ਵਰਲਡ ਕੱਪ ਦੀ ਡਰਾਅ ਰਸਮ ਲਈ ਇਕੱਠੇ ਹੋ ਰਹੇ ਹਨ। ਫੀਫਾ ਵਰਲਡ ਕੱਪ ਦੀ ਇਹ ਡਰਾਅ ਰਸਮ ਅਗਲੇ ਸਾਲ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਮੈਚਾਂ ਲਈ ਟੀਮਾਂ ਦੇ ਮੁਕਾਬਲੇ ਤੈਅ ਕਰੇਗੀ। ਇਹ ਇਸ ਸਾਲ ਦਾ ਪਹਿਲਾ ਮੌਕਾ ਹੋਵੇਗਾ ਜਦੋਂ ਤਿੰਨੇ ਉੱਤਰੀ ਅਮਰੀਕੀ ਨੇਤਾ ਇੱਕੋ ਥਾਂ ਇਕੱਠੇ ਹੋਣਗੇ।
ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਮੁਲਾਕਾਤ ਤਿੰਨੋਂ ਨੇਤਾਵਾਂ ਦੀ ਇਕੱਠੀ ਹੋਵੇਗੀ ਜਾਂ ਵੱਖ ਵੱਖ ਤੌਰ ‘ਤੇ ਹੋਵੇਗੀ। ਇਹ ਮੁਲਾਕਾਤ ਵਾਸ਼ਿੰਗਟਨ ਵਿਚਲੇ ਕੇਨੇਡੀ ਸੈਂਟਰ ਦੇ ਇਰਦ ਗਿਰਦ ਫੀਫਾ ਸਮਾਗਮ ਦੀ ਸਾਈਡ ਲਾਈਨ ‘ਤੇ ਹੋਣ ਦੀ ਸੰਭਾਵਨਾ ਹੈ। ਇਹ ਬੈਠਕ ਕਾਰਨੀ ਅਤੇ ਟਰੰਪ ਵਿਚਾਲੇ ਪਹਿਲੀ ਅਧਿਕਾਰਕ ਮੁਲਾਕਾਤ ਹੋਵੇਗੀ ਜਦੋਂ ਅਕਤੂਬਰ ਵਿੱਚ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਵਪਾਰਕ ਗੱਲਬਾਤ ਰੋਕ ਦਿੱਤੀ ਗਈ ਸੀ।
ਉਹ ਵਪਾਰਕ ਗੱਲਬਾਤ ਓਂਟਾਰੀਓ ਦੀ ਐਂਟੀ ਟੈਰਿਫ਼ ਟੀ ਵੀ ਵਿਗਿਆਪਨ ਮੁਹਿੰਮ ਤੋਂ ਬਾਅਦ ਮੁਅੱਤਲ ਕੀਤੀ ਗਈ ਸੀ।
ਪਿਛਲੇ ਮਹੀਨੇ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਆ ਪੈਸਿਫਿਕ ਆਰਥਿਕ ਸਹਿਯੋਗ ਸਮਿੱਟ ਦੌਰਾਨ ਦੋਵੇਂ ਨੇਤਾ ਇੱਕ ਗਰੁੱਪ ਡਿਨਰ ‘ਤੇ ਥੋੜ੍ਹੀ ਦੇਰ ਲਈ ਮਿਲੇ ਸਨ। ਉਸ ਦੌਰਾਨ ਕਾਰਨੀ ਨੇ ਵਿਗਿਆਪਨ ਮੁਹਿੰਮ ਲਈ ਮਾਫ਼ੀ ਵੀ ਮੰਗੀ ਸੀ। ਪਰ ਉਸ ਛੋਟੀ ਮੁਲਾਕਾਤ ਵਿੱਚ ਵਪਾਰਕ ਮਸਲਿਆਂ ਉੱਤੇ ਵਿਸਥਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ। ਉਸ ਮੁਲਾਕਾਤ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਮਾਫ਼ੀ ਦੇ ਬਾਵਜੂਦ ਉਹ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ।
ਇਹ ਸਥਿਤੀ ਹੁਣ ਵੀ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਉੱਤੇ ਨਾਜੁਕ ਬਣੀ ਹੋਈ ਹੈ।
ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਇਹ ਸੰਕੇਤ ਦਿੱਤਾ ਕਿ ਉਹ ਕੈਨੇਡਾ ਅਮਰੀਕਾ ਮੈਕਸੀਕੋ ਵਿਚਾਲੇ ਹੋਏ ਮੁਫ਼ਤ ਵਪਾਰ ਸਮਝੌਤੇ ਨੂੰ ਅਗਲੇ ਸਾਲ ਖ਼ਤਮ ਹੋਣ ਦੇ ਸਕਦੇ ਹਨ ਜਾਂ ਨਵਾਂ ਸਮਝੌਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੀ ਮਿਆਦ ਲਗਭਗ ਇੱਕ ਸਾਲ ਵਿੱਚ ਪੂਰੀ ਹੋ ਰਹੀ ਹੈ।
ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਅਧੀਨ ਅਗਲੇ ਸਾਲ ਇਸਦੀ ਸਮੀਖਿਆ ਹੋਣੀ ਲਾਜ਼ਮੀ ਹੈ। ਤਿੰਨੇ ਦੇਸ਼ਾਂ ਵਿੱਚ ਜਨਤਕ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਆਰਟਿਕਲ 34.7 ਦੇ ਤਹਿਤ ਤਿੰਨੇ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਕੀ ਇਸ ਸਮਝੌਤੇ ਨੂੰ ਹੋਰ 16 ਸਾਲਾਂ ਲਈ ਵਧਾਇਆ ਜਾਵੇ। ਜੇ ਕੋਈ ਇੱਕ ਦੇਸ਼ ਇਸ ਵਾਧੇ ਨਾਲ ਸਹਿਮਤ ਨਹੀਂ ਹੁੰਦਾ ਤਾਂ ਹਰ ਸਾਲ ਸਮੀਖਿਆ ਕਰਨੀ ਲਾਜ਼ਮੀ ਹੋ ਜਾਵੇਗੀ।
ਕਾਰਨੀ ਦੀ ਮੈਕਸੀਕਨ ਰਾਸ਼ਟਰਪਤੀ ਨਾਲ ਆਖ਼ਰੀ ਅਧਿਕਾਰਕ ਮੁਲਾਕਾਤ ਸਤੰਬਰ ਵਿੱਚ ਮੈਕਸੀਕੋ ਸਿਟੀ ਵਿੱਚ ਹੋਈ ਸੀ। ਉਸ ਦੌਰਾਨ ਦੋਵੇਂ ਦੇਸ਼ਾਂ ਨੇ ਊਰਜਾ ਅਤੇ ਸੁਰੱਖਿਆ ਦੇ ਖੇਤਰ ਵਿੱਚ ਨਵੇਂ ਸਾਂਝੇ ਸਹਿਯੋਗ ਮਜ਼ਬੂਤ ਕਰਨ ਉੱਤੇ ਕੰਮ ਸ਼ੁਰੂ ਕੀਤਾ ਸੀ। ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂ ਨੇ ਵੀ ਹਾਲ ਹੀ ਵਿੱਚ ਮੈਕਸੀਕੋ ਦਾ ਦੌਰਾ ਖ਼ਤਮ ਕੀਤਾ ਹੈ। ਉਸ ਦੌਰੇ ਬਾਰੇ ਜਾਰੀ ਬਿਆਨ ਵਿੱਚ ਸੀਯੂਐਸਐਮਏ ਦਾ ਸਿੱਧਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਇਹ ਕਿਹਾ ਗਿਆ ਕਿ ਫਰਵਰੀ ਵਿੱਚ ਕੈਨੇਡੀਅਨ ਕੰਪਨੀਆਂ ਦਾ ਇੱਕ ਵਪਾਰ ਮਿਸ਼ਨ ਮੈਕਸੀਕੋ ਭੇਜਣ ਦੀ ਤਿਆਰੀ ਹੋ ਗਈ ਹੈ।
ਇਸ ਸਾਲ ਗਰਮੀਆਂ ਵਿੱਚ ਜਦੋਂ ਅਲਬਰਟਾ ਵਿੱਚ ਜੀ 7 ਸਮਿੱਟ ਹੋਈ ਸੀ ਤਾਂ ਟਰੰਪ ਉਸ ਸਮਾਗਮ ਨੂੰ ਅਧੂਰਾ ਛੱਡ ਕੇ ਵਾਪਸ ਚਲੇ ਗਏ ਸਨ। ਇਸ ਕਾਰਨ ਉਸ ਵੇਲੇ ਸ਼ੇਨਬੌਮ ਅਤੇ ਕਾਰਨੀ ਦੀ ਯੋਜਿਤ ਤ੍ਰਿਪੱਖੀ ਮੁਲਾਕਾਤ ਵੀ ਨਹੀਂ ਹੋ ਸਕੀ ਸੀ।
ਪਿਛਲੇ ਮਹੀਨੇ ਕਾਰਨੀ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਏ ਸਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਆਖ਼ਰੀ ਵਾਰ ਟਰੰਪ ਨਾਲ ਕਦੋਂ ਗੱਲ ਕੀਤੀ ਸੀ। ਉਨ੍ਹਾਂ ਨੇ ਜਵਾਬ ਵਿੱਚ ਕਿਹਾ ਸੀ ਕਿ ਇਸ ਗੱਲ ਦੀ ਕੀ ਪਰਵਾਹ ਹੈ। ਬਾਅਦ ਵਿੱਚ ਉਨ੍ਹਾਂ ਹਾਊਸ ਆਫ਼ ਕਾਮਨਜ਼ ਵਿੱਚ ਮੰਨਿਆ ਕਿ ਉਹ ਜਵਾਬ ਇੱਕ ਗਲਤੀ ਸੀ ਅਤੇ ਗੰਭੀਰ ਮਸਲੇ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।

ਹੁਣ ਸ਼ੁੱਕਰਵਾਰ ਨੂੰ ਹੋਣ ਵਾਲੀ ਇਹ ਮੁਲਾਕਾਤ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਦੇ ਤਣਾਵਪੂਰਨ ਵਪਾਰਕ ਰਿਸ਼ਤਿਆਂ ਵਿੱਚ ਨਵਾਂ ਮੋੜ ਸਾਬਤ ਹੋ ਸਕਦੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਫੀਫਾ ਡਰਾਅ ਰਸਮ ਸਿਰਫ਼ ਖੇਡਾਂ ਦਾ ਸਮਾਗਮ ਨਹੀਂ ਰਹੇਗੀ ਸਗੋਂ ਇਹ ਵਪਾਰ ਅਤੇ ਕੂਟਨੀਤੀ ਦਾ ਵੀ ਵੱਡਾ ਮੰਚ ਬਣੇਗੀ।

ਦੇਖਣਾ ਇਹ ਹੋਵੇਗਾ ਕਿ ਕੀ ਇਸ ਮੁਲਾਕਾਤ ਤੋਂ ਬਾਅਦ ਮੁਫ਼ਤ ਵਪਾਰ ਸਮਝੌਤੇ ਦੇ ਭਵਿੱਖ ਬਾਰੇ ਕੋਈ ਨਵਾਂ ਸੰਕੇਤ ਮਿਲਦਾ ਹੈ ਜਾਂ ਤਣਾਅ ਹੋਰ ਡੂੰਘਾ ਹੋ ਜਾਂਦਾ ਹੈ।
ਤਿੰਨੇ ਦੇਸ਼ਾਂ ਦੀਆਂ ਅੱਖਾਂ ਹੁਣ ਇਸ ਮੁਲਾਕਾਤ ਤੋਂ ਨਿਕਲਣ ਵਾਲੇ ਨਤੀਜਿਆਂ ਉੱਤੇ ਟਿਕੀਆਂ ਹੋਈਆਂ ਹਨ।

Popular