ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਮਸ਼ਹੂਰ ਕਾਫੀ ਅਤੇ ਰੈਸਟੋਰੈਂਟ ਚੇਨ ਟਿਮ ਹੌਰਟਨਜ਼ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਫੈਡਰਲ ਸਰਕਾਰ ‘ਤੇ ਲਗਾਤਾਰ ਦਬਾਅ ਪਾ ਰਹੀ ਹੈ ਕਿ ਉਸਦੇ ਫ੍ਰੈਂਚਾਈਜ਼ੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਵੱਡੀ ਗਿਣਤੀ ਭਰਤੀ ਕਰ ਸਕਣ। ਕੰਪਨੀ ਚਾਹੁੰਦੀ ਹੈ ਕਿ ਮੌਜੂਦਾ 10 ਫੀਸਦੀ ਦੀ ਸੀਮਾ ਨੂੰ ਵਧਾ ਕੇ 30 ਫੀਸਦੀ ਤੱਕ ਕੀਤਾ ਜਾਵੇ।
ਮਿਲੀ ਜਾਣਕਾਰੀ ਮੁਤਾਬਕ, ਟਿਮ ਹੌਰਟਨਜ਼ ਵੱਲੋਂ ਲਿਖੀਆਂ ਚਿੱਠੀਆਂ ਅਤੇ ਕਈ ਸੰਸਦ ਮੈਂਬਰਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਇਹ ਮੰਗ ਲਗਾਤਾਰ ਦੁਹਰਾਈ ਗਈ ਹੈ।
ਕੰਪਨੀ ਦਾ ਤਰਕ ਹੈ ਕਿ ਭੋਜਨ ਸੇਵਾ ਉਦਯੋਗ ਅਜੇ ਵੀ ਕਾਮਿਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ।
ਮਈ 2024 ਵਿੱਚ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਭੇਜੀ ਇੱਕ ਚਿੱਠੀ ਵਿੱਚ ਟਿਮ ਹੌਰਟਨਜ਼ ਨੇ ਲਿਖਿਆ ਸੀ ਕਿ ਕੋਵਿਡ ਮਹਾਮਾਰੀ ਦੌਰਾਨ ਇਸ ਖੇਤਰ ਨੂੰ ਭਾਰੀ ਝਟਕਾ ਲੱਗਿਆ ਸੀ।
ਚਿੱਠੀ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਾਵਜੂਦ ਇਸਦੇ ਕਿ ਮਹਾਮਾਰੀ ਖ਼ਤਮ ਹੋ ਚੁੱਕੀ ਹੈ ਪਰ ਕਾਮਿਆਂ ਦੀ ਕਮੀ ਅਜੇ ਵੀ ਬਰਕਰਾਰ ਹੈ। ਇਸ ਸਾਲ ਵੱਖ ਵੱਖ ਐਮਪੀਜ਼ ਨਾਲ ਕਈ ਵਾਰ ਕੰਪਨੀ ਦੇ ਨੁਮਾਇੰਦਿਆਂ ਦੀ ਮੁਲਾਕਾਤ ਹੋਈ। 28 ਅਕਤੂਬਰ ਨੂੰ ਦਰਜ ਲੌਬਿੰਗ ਨੋਟਾਂ ਮੁਤਾਬਕ, ਕੰਪਨੀ ਨੇ ਲਿਬਰਲ, ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਦੇ ਸੰਸਦ ਮੈਂਬਰਾਂ ਨਾਲ ਵੀ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਕਈ ਫੈਡਰਲ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ। ਮਾਰਕ ਮਿਲਰ, ਜੋ ਹੁਣ ਫੈਡਰਲ ਸੱਭਿਆਚਾਰ ਮੰਤਰੀ ਹਨ, ਉਸ ਸਮੇਂ ਉਨ੍ਹਾਂ ਲਿਬਰਲ ਐਮਪੀਜ਼ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਅਕਤੂਬਰ ਵਿੱਚ ਟਿਮ ਹੌਰਟਨਜ਼ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। This report was written by Divroop Kaur as part of the Local Journalism Initiative..

