Tuesday, May 12, 2026

ਰੂਸ ਵੱਲੋਂ ਐਪਲ ਦਾ ਫੇਸਟਾਈਮ ਐਪ ‘ਤੇ ਲਗਾਈ ਪਾਬੰਦੀ ਸਖ਼ਤ ਸੈਂਸਰਸ਼ਿਪ ਦੇ ਦੋਸ਼

 

ਰੂਸ ਨੇ ਐਪਲ ਦੇ ਵੀਡੀਓ ਕਾਲਿੰਗ ਐਪ ਫੇਸਟਾਈਮ ਨੂੰ ਦੇਸ਼ ਵਿੱਚ ਬਲੌਕ ਕਰ ਦਿੱਤਾ ਹੈ।
ਇਹ ਜਾਣਕਾਰੀ ਵੀਰਵਾਰ ਨੂੰ ਰੂਸ ਦੇ ਰਾਜੀ ਸੰਚਾਰ ਨਿਗਰਾਨ ਵਿਭਾਗ ਰੋਸਕੋਮਨਾਝੋਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਦਿੱਤੀ ਗਈ। ਰੂਸੀ ਅਧਿਕਾਰੀਆਂ ਨੇ ਇਹ ਕਦਮ ਵਿਦੇਸ਼ੀ ਟੈਕਨੋਲੋਜੀ ਪਲੈਟਫਾਰਮਾਂ ਖਿਲਾਫ਼ ਚੱਲ ਰਹੀ ਤੇਜ਼ ਕਾਰਵਾਈ ਦੇ ਹਿੱਸੇ ਵਜੋਂ ਚੁੱਕਿਆ ਹੈ।
ਸਰਕਾਰ ਦਾ ਦਾਅਵਾ ਹੈ ਕਿ ਇਹ ਵਿਦੇਸ਼ੀ ਪਲੈਟਫਾਰਮ ਅਪਰਾਧਕ ਗਤੀਵਿਧੀਆਂ ਲਈ ਵਰਤੇ ਜਾ ਰਹੇ ਹਨ। ਫੇਸਟਾਈਮ ਉੱਤੇ ਲਾਈ ਗਈ ਇਹ ਪਾਬੰਦੀ ਉਸ ਲੜੀ ਦਾ ਅਗਲਾ ਕਦਮ ਹੈ ਜਿਸ ਵਿੱਚ ਪਹਿਲਾਂ ਹੀ ਗੂਗਲ ਦੇ ਯੂਟਿਊਬ, ਮੇਟਾ ਦੇ ਵਾਟਸਐਪ ਅਤੇ ਟੇਲੀਗ੍ਰਾਮ ਮੈਸੇਜਿੰਗ ਸੇਵਾ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ।
ਰੂਸ ਵਿਚਲੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਪਾਬੰਦੀਆਂ ਅਸਲ ਵਿੱਚ ਸੈਂਸਰਸ਼ਿਪ ਹਨ ਅਤੇ ਨਿੱਜੀ ਸੰਚਾਰ ਉੱਤੇ ਰਾਜ ਦੀ ਪਕੜ ਹੋਰ ਮਜ਼ਬੂਤ ਕੀਤੀ ਜਾ ਰਹੀ ਹੈ। ਰੂਸੀ ਸਰਕਾਰ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਹ ਸਾਰੇ ਕਦਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਹਨ।
ਰੋਸਕੋਮਨਾਝੋਰ ਨੇ ਈ ਮੇਲ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮੁਤਾਬਕ ਫੇਸਟਾਈਮ ਨੂੰ ਦੇਸ਼ ਅੰਦਰ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ, ਲੋਕਾਂ ਦੀ ਭਰਤੀ ਕਰਨ, ਧੋਖਾਧੜੀ ਅਤੇ ਹੋਰ ਅਪਰਾਧਿਕ ਕਾਰਵਾਈਆਂ ਲਈ ਵਰਤਿਆ ਜਾ ਰਿਹਾ ਸੀ। ਹਾਲਾਂਕਿ ਰੂਸੀ ਨਿਗਰਾਨ ਏਜੰਸੀ ਨੇ ਆਪਣੇ ਇਸ ਦਾਅਵੇ ਦੇ ਹੱਕ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਐਪਲ ਦੇ ਨੁਮਾਇੰਦਿਆਂ ਵੱਲੋਂ ਇਸ ਪਾਬੰਦੀ ਬਾਰੇ ਤੁਰੰਤ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਉਣੀ।
ਫੇਸਟਾਈਮ ਐਪ ਰਾਹੀਂ ਲੋਕ ਵਾਈ ਫਾਈ ਜਾਂ ਮੋਬਾਈਲ ਡਾਟਾ ਉੱਤੇ ਮੁਫ਼ਤ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹਨ। ਵੀਰਵਾਰ ਨੂੰ ਮਾਸਕੋ ਦੇ ਕਈ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫੇਸਟਾਈਮ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਸਕ੍ਰੀਨ ਉੱਤੇ ”ਯੂਜ਼ਰ ਅਨ ਐਵੇਲੇਬਲ” ਦਾ ਸੁਨੇਹਾ ਦਿਖਾਈ ਦਿੱਤਾ।
ਇਕ ਨਿਵਾਸੀ ਨੇ ਕਿਹਾ ਕਿ ਉਸਦੇ ਦੋਸਤ ਨੂੰ ਆਉਂਦੀ ਕਾਲ ਦੀ ਸੂਚਨਾ ਤਾਂ ਮਿਲੀ ਪਰ ਸੰਪਰਕ ਨਹੀਂ ਬਣ ਸਕਿਆ। ਰੂਸੀ ਸਰਕਾਰ ਨੇ ਇਸ ਸਾਲ ਆਪਣਾ ਰਾਜੀ ਸਹਾਇਤਾ ਪ੍ਰਾਪਤ ਨਵਾਂ ਮੈਸੇਜਿੰਗ ਐਪ ਮੈਕਸ ਵੀ ਲਾਂਚ ਕੀਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਐਪ ਰਾਹੀਂ ਸਰਕਾਰ ਲੋਕਾਂ ਦੀ ਨਿਗਰਾਨੀ ਕਰ ਸਕਦੀ ਹੈ।
ਹਾਲਾਂਕਿ ਰੂਸੀ ਰਾਜੀ ਮੀਡੀਆ ਨੇ ਇਹ ਦੋਸ਼ ਬਿਲਕੁਲ ਗਲਤ ਕਰਾਰ ਦਿੱਤੇ ਹਨ।
ਪਿਛਲੇ ਕੁਝ ਮਹੀਨਿਆਂ ਦੌਰਾਨ ਰੋਸਕੋਮਨਾਝੋਰ ਨੇ ਪੱਛਮੀ ਮੀਡੀਆ ਅਤੇ ਟੈਕ ਪਲੈਟਫਾਰਮਾਂ ਤੱਕ ਪਹੁੰਚ ਰੋਕਣ ਲਈ ਕਦਮ ਹੋਰ ਤੇਜ਼ ਕਰ ਦਿੱਤੇ ਹਨ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਪਲੈਟਫਾਰਮ ਰੂਸੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਮੇਜ਼ਬਾਨੀ ਕਰ ਰਹੇ ਹਨ। ਅਗਸਤ ਮਹੀਨੇ ਰੂਸ ਨੇ ਵਾਟਸਐਪ ਅਤੇ ਟੇਲੀਗ੍ਰਾਮ ਉੱਤੇ ਕੁਝ ਕਿਸਮ ਦੀਆਂ ਕਾਲਾਂ ਸੀਮਤ ਕਰ ਦਿੱਤੀਆਂ ਸਨ। ਸਰਕਾਰ ਨੇ ਦੋਸ਼ ਲਾਇਆ ਸੀ ਕਿ ਇਹ ਪਲੈਟਫਾਰਮ ਧੋਖਾਧੜੀ ਅਤੇ ਅੱਤਵਾਦੀ ਮਾਮਲਿਆਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਰਹੇ ਹਨ।
ਪਿਛਲੇ ਹਫ਼ਤੇ ਰੋਸਕੋਮਨਾਝੋਰ ਵੱਲੋਂ ਵਾਟਸਐਪ ਨੂੰ ਪੂਰੀ ਤਰ੍ਹਾਂ ਬਲੌਕ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਬੁੱਧਵਾਰ ਨੂੰ ਰੋਸਕੋਮਨਾਝੋਰ ਨੇ ਅਮਰੀਕੀ ਬੱਚਿਆਂ ਦੀ ਗੇਮਿੰਗ ਪਲੈਟਫਾਰਮ ਰੋਬਲੌਕਸ ਤੱਕ ਵੀ ਪਹੁੰਚ ਰੋਕ ਦਿੱਤੀ। ਰੂਸੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਇਸ ਪਲੈਟਫਾਰਮ ਰਾਹੀਂ ਅਤਿਵਾਦੀ ਸਮੱਗਰੀ ਅਤੇ ਐਲ ਜੀ ਬੀ ਟੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਰੋਬਲੌਕਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਹਰ ਦੇਸ਼ ਦੇ ਕਾਨੂੰਨਾਂ ਦਾ ਆਦਰ ਕਰਦਾ ਹੈ ਅਤੇ ਵਰਤੋਂਕਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਰੂਸ ਵਿੱਚ ਨਿੱਜਤਾ ਦਾ ਹੱਕ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਟੈਕ ਪਲੈਟਫਾਰਮਾਂ ਉੱਤੇ ਲਗਾਤਾਰ ਪਾਬੰਦੀਆਂ ਰਾਹੀਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਰੂਸੀ ਸਰਕਾਰ ਹਾਲਾਂਕਿ ਇਹ ਦੋਸ਼ ਸਵੀਕਾਰ ਨਹੀਂ ਕਰਦੀ ਅਤੇ ਕਹਿੰਦੀ ਹੈ ਕਿ ਜਿਹੜੇ ਵੀ ਕਦਮ ਚੁੱਕੇ ਜਾ ਰਹੇ ਹਨ ਉਹ ਸਿਰਫ ਦੇਸ਼ ਦੀ ਸੁਰੱਖਿਆ ਅਤੇ ਨਾਗਰਿਕਾਂ ਦੀ ਰੱਖਿਆ ਲਈ ਹਨ।
ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਪਲੈਟਫਾਰਮਾਂ ਰਾਹੀਂ ਅਪਰਾਧ ਹੁੰਦੇ ਹਨ ਉਨ੍ਹਾਂ ਨੂੰ ਕਾਬੂ ਵਿੱਚ ਲਿਆਂਦਾ ਜਾਣਾ ਬਹੁਤ ਜ਼ਰੂਰੀ ਹੈ।
ਫੇਸਟਾਈਮ ਉੱਤੇ ਪਾਬੰਦੀ ਨਾਲ ਰੂਸ ਵਿੱਚ ਰਹਿਣ ਵਾਲੇ ਲੱਖਾਂ ਵਰਤੋਂਕਾਰ ਪ੍ਰਭਾਵਿਤ ਹੋਣਗੇ ਜੋ ਰੋਜ਼ਾਨਾ ਸੰਚਾਰ ਲਈ ਇਸ ਐਪ ਦੀ ਵਰਤੋਂ ਕਰਦੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਦੇਸ਼ੀ ਐਪਾਂ ਵੀ ਰੂਸ ਦੀ ਕਾਰਵਾਈ ਦਾ ਸ਼ਿਕਾਰ ਬਣ ਸਕਦੀਆਂ ਹਨ। ਇਸ ਨਾਲ ਰੂਸ ਅਤੇ ਪੱਛਮੀ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਮੌਜੂਦ ਤਣਾਅ ਹੋਰ ਵੱਧ ਸਕਦਾ ਹੈ।
ਫਿਲਹਾਲ ਰੂਸ ਵਿੱਚ ਨਿੱਜੀ ਸੰਚਾਰ ਦੀ ਆਜ਼ਾਦੀ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ।

Popular